ਤਾਈਵਾਨ ਦੀ ਰਾਸ਼ਟਰਪਤੀ ਦੇ ਅਮਰੀਕੀ ਦੌਰੇ ਤੋਂ ਨਾਰਾਜ਼ ਚੀਨ ਨੇ ਫਿਰ ਕੀਤਾ ਸ਼ਕਤੀ ਪ੍ਰਦਰਸ਼ਨ

Monday, Apr 10, 2023 - 04:40 PM (IST)

ਤਾਈਵਾਨ ਦੀ ਰਾਸ਼ਟਰਪਤੀ ਦੇ ਅਮਰੀਕੀ ਦੌਰੇ ਤੋਂ ਨਾਰਾਜ਼ ਚੀਨ ਨੇ ਫਿਰ ਕੀਤਾ ਸ਼ਕਤੀ ਪ੍ਰਦਰਸ਼ਨ

ਤਾਈਪੇ (ਭਾਸ਼ਾ) : ਤਾਈਵਾਨ ਦੀ ਰਾਸ਼ਟਰਪਤੀ ਦੇ ਅਮਰੀਕਾ ਦੌਰੇ ਤੋਂ ਬਾਅਦ ਚੀਨ ਦੀ ਫੌਜ ਨੇ ਇਕ ਵਾਰ ਫਿਰ ਸ਼ਕਤੀ ਪ੍ਰਦਰਸ਼ਨ ਕਰਦੇ ਹੋਏ ਕਈ ਦਰਜਨ ਲੜਾਕੂ ਜਹਾਜ਼ ਅਤੇ ਜੰਗੀ ਜਹਾਜ਼ ਤਾਈਵਾਨ ਵੱਲ ਭੇਜੇ। ਤਾਈਵਾਨ ਦੇ ਰੱਖਿਆ ਮੰਤਰਾਲਾ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਚੀਨ ਦੀ ਫੌਜ ਨੇ ਇਸ ਤੋਂ ਪਹਿਲਾਂ "ਲੜਾਈ ਦੀ ਤਿਆਰੀ ਲਈ ਤਿੰਨ ਦਿਨ ਦੀ ਗਸ਼ਤ" ਦਾ ਐਲਾਨ ਕੀਤਾ ਸੀ। ਚੀਨ ਇਸ ਟਾਪੂ ਦੇਸ਼ ਨੂੰ ਆਪਣਾ ਹਿੱਸਾ ਮੰਨਦਾ ਹੈ। ਇਹ ਕਾਰਵਾਈ ਅਜਿਹੇ ਸਮੇਂ 'ਚ ਕੀਤੀ ਗਈ ਹੈ ਜਦੋਂ ਚੀਨ ਦੇ ਹਮਲਾਵਰ ਰਵੱਈਏ ਦੇ ਬਾਵਜੂਦ ਅਮਰੀਕੀ ਪ੍ਰਤੀਨਿਧੀ ਸਭਾ ਦੇ ਪ੍ਰਧਾਨ ਕੇਵਿਨ ਮੈਕਕਾਰਥੀ ਨੇ ਅਮਰੀਕਾ ਦੇ ਕੈਲੀਫੋਰਨੀਆ 'ਚ ਤਾਈਵਾਨ ਦੀ ਰਾਸ਼ਟਰਪਤੀ ਸਾਈ ਇੰਗ-ਵੇਨ ਦੀ ਮੇਜ਼ਬਾਨੀ ਕੀਤੀ।

ਤਾਈਵਾਨ ਵਿੱਚ ਅਮਰੀਕੀ ਕਾਂਗਰਸ ਦੇ ਇੱਕ ਵਫ਼ਦ ਨੇ ਵੀ ਸਾਈ ਦੀ ਵਾਪਸੀ ਤੋਂ ਬਾਅਦ ਹਫਤੇ ਦੇ ਅੰਤ ਵਿੱਚ ਉਨ੍ਹਾਂ ਮੁਲਾਕਾਤ ਕੀਤੀ। ਚੀਨ ਨੇ ਮੈਕਕਾਰਥੀ ਨਾਲ ਮੁਲਾਕਾਤ ਅਤੇ ਸਾਈ ਦੇ ਅਮਰੀਕਾ ਦੌਰੇ ਨਾਲ ਜੁੜੇ ਲੋਕਾਂ ਦੇ ਖ਼ਿਲਾਫ਼ ਯਾਤਰਾ ਅਤੇ ਵਿੱਤੀ ਪਾਬੰਦੀਆਂ ਲਗਾਈਆਂ ਹਨ ਅਤੇ ਫੌਜੀ ਗਤੀਵਿਧੀਆਂ ਵਧਾ ਦਿੱਤੀਆਂ ਹਨ। ਸੋਸ਼ਲ ਮੀਡੀਆ ਪਲੇਟਫਾਰਮ ਵੇਇਬੋ 'ਤੇ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੀ ਪੂਰਬੀ ਕਮਾਨ ਦੀ ਇੱਕ ਪੋਸਟ ਦੇ ਅਨੁਸਾਰ, ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਸੋਮਵਾਰ ਸਵੇਰੇ ਕਿਹਾ ਕਿ ਉਸਦਾ ਸ਼ੈਡੋਂਗ ਏਅਰਕ੍ਰਾਫਟ ਕੈਰੀਅਰ ਪਹਿਲੀ ਵਾਰ ਤਾਈਵਾਨ ਨੂੰ ਘੇਰਨ ਵਾਲੇ ਅਭਿਆਸਾਂ ਵਿੱਚ ਹਿੱਸਾ ਲੈ ਰਿਹਾ ਹੈ। ਇਸ ਵਿੱਚ ਇੱਕ ਵੀਡੀਓ ਵਿੱਚ ਇੱਕ ਲੜਾਕੂ ਜਹਾਜ਼ ਉਡਾਣ ਭਰਦੇ ਹੋਏ ਨਜ਼ਰ ਆ ਰਿਹਾ ਹੈ। ਤਾਈਵਾਨ ਦੇ ਰਾਸ਼ਟਰੀ ਰੱਖਿਆ ਮੰਤਰਾਲਾ ਦੇ ਅਨੁਸਾਰ, ਐਤਵਾਰ ਸਵੇਰੇ 6:00 ਵਜੇ ਤੋਂ ਸੋਮਵਾਰ ਸਵੇਰੇ 6:00 ਵਜੇ ਦਰਮਿਆਨ ਕੁੱਲ 70 ਜਹਾਜ਼ਾਂ ਦੀਆਂ ਗਤੀਵਿਧੀਆਂ ਦਾ ਪਤਾ ਲਗਾਇਆ ਗਿਆ, ਜਿਨ੍ਹਾਂ ਵਿੱਚੋਂ ਅੱਧਿਆਂ ਨੇ ਤਾਈਵਾਨ ਸਟ੍ਰੇਟ ਦੀ ਕੇਂਦਰੀ ਲਾਈਨ ਨੂੰ ਪਾਰ ਕੀਤਾ।


author

cherry

Content Editor

Related News