ਰੂਸ-ਯੂਕ੍ਰੇਨ ਜੰਗ ਤੋਂ ਸਬਕ ਲੈ ਰਹੀ ਚੀਨੀ ਫੌਜ, ਜਵਾਨਾਂ ਨੂੰ ਦੇ ਰਹੀ ਟੈਂਕ ਨਸ਼ਟ ਕਰਨ ਵਾਲੇ ਡਰੋਨ ਉਡਾਉਣ ਦੀ ਟ੍ਰੇਨਿੰਗ
Monday, Mar 18, 2024 - 03:22 AM (IST)
ਜਲੰਧਰ (ਏਜੰਸੀ)– ਭਾਵੇਂ ਰੂਸ ਤੇ ਯੂਕ੍ਰੇਨ ਵਿਚਾਲੇ ਛਿੜੀ ਜੰਗ ਕਿਸੇ ਦੁਖਾਂਤ ਤੋਂ ਘੱਟ ਨਹੀਂ ਹੈ ਪਰ ਇਸ ’ਚ ਵੀ ਕੋਈ ਸ਼ੱਕ ਨਹੀਂ ਕਿ ਦੁਨੀਆ ਭਰ ਦੀਆਂ ਫੌਜਾਂ ਇਸ ਜੰਗ ਤੋਂ ਸਬਕ ਸਿੱਖਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਜੇਕਰ ਉਨ੍ਹਾਂ ਨੂੰ ਵੀ ਇਸ ਤਰ੍ਹਾਂ ਦੀ ਜੰਗ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਕੀ ਕਰ ਸਕਦੀਆਂ ਹਨ? ਇਸ ਮਾਮਲੇ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਚੀਨ ਰੂਸ ਤੇ ਯੂਕ੍ਰੇਨ ਦੀ ਜੰਗ ਤੋਂ ਸਿੱਖਣ ਲਈ ਜ਼ਿਆਦਾ ਉਤਸੁਕ ਦਿਖਾਈ ਦਿੰਦਾ ਹੈ ਕਿਉਂਕਿ ਆਪਣੇ ਤੇਜ਼ ਆਧੁਨਿਕੀਕਰਨ ਲਈ ਉਹ ਰੂਸੀ ਹਥਿਆਰਾਂ ਤੇ ਸਿਧਾਂਤਾਂ ’ਤੇ ਬਹੁਤ ਜ਼ਿਆਦਾ ਨਿਰਭਰ ਹੈ ਤੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਕੋਲ ਤਜਰਬੇ ਦੀ ਘਾਟ ਹੈ।
ਰੂਸ ਤੇ ਯੂਕ੍ਰੇਨ ਵਿਚਕਾਰ ਜੰਗ ’ਚ ਵੱਡੇ ਪੱਧਰ ’ਤੇ ਐਂਟੀ-ਸ਼ਿਪ ਕਰੂਜ਼ ਮਿਜ਼ਾਈਲਾਂ ਤੇ ਸਰਵ ਵਿਆਪਕ ਡਰੋਨਾਂ ਦੀ ਵਰਤੋਂ ਹੋ ਰਹੀ ਹੈ। ਯੂਕ੍ਰੇਨ ਰੂਸੀ ਟੈਂਕਾਂ ਨੂੰ ਨਸ਼ਟ ਕਰਨ ਲਈ ਫਰਸਟ-ਪਰਸਨ ਵਿਊ (ਐੱਫ. ਪੀ. ਵੀ.) ਡਰੋਨ ਦੀ ਵਰਤੋਂ ਕਰ ਰਿਹਾ ਹੈ ਤੇ ਜੰਗ ਇਸ ਗੱਲ ਦਾ ਪ੍ਰਮਾਣ ਬਣ ਗਈ ਹੈ ਕਿ ਡਰੋਨ ਸੰਘਰਸ਼ ’ਚ ਕੀ ਕਰ ਸਕਦੇ ਹਨ। ਇਸ ਦੇ ਮੱਦੇਨਜ਼ਰ ਚੀਨ ਵੀ ਹੁਣ ਆਪਣੇ ਜਵਾਨਾਂ ਨੂੰ ਐੱਫ. ਪੀ. ਵੀ. ਡਰੋਨ ਉਡਾਉਣ ਦੀ ਟ੍ਰੇਨਿੰਗ ਦੇ ਰਿਹਾ ਹੈ।
ਐੱਫ. ਪੀ. ਵੀ. ਡਰੋਨ ’ਤੇ ਇਸ ਲਈ ਹੈ ਚੀਨ ਦਾ ਧਿਆਨ
ਯੂਕ੍ਰੇਨੀ ਫੌਜ ਨੇ ਆਪਣੀ ਧਰਤੀ ’ਤੇ ਰੂਸੀ ਟੈਂਕਾਂ ਨੂੰ ਉਡਾਉਣ ਲਈ ਛੋਟੇ ਐੱਫ. ਪੀ. ਵੀ. ਡਰੋਨ ਤੇ ਰੂਸ ’ਚ ਆਰਮੀ ਦੇ ਜਹਾਜ਼ਾਂ ਨੂੰ ਨੁਕਸਾਨ ਪਹੁੰਚਾਉਣ ਲਈ ਲੰਬੀ ਦੂਰੀ ਦੇ ਯੰਤਰਾਂ ਦੀ ਵਰਤੋਂ ਕੀਤੀ ਹੈ। ਇਸ ਸਰਦੀ ’ਚ ਡਰੋਨ ਹਮਲਿਆਂ ਨੇ ਰੂਸੀ ਇਲਾਕੇ ਦੇ ਅੰਦਰ ਤੇਲ ਰਿਫਾਈਨਰੀਆਂ ਦੇ ਨਾਲ-ਨਾਲ ਇਕ ਪ੍ਰਮੁੱਖ ਸਟੀਲ ਫੈਕਟਰੀ ਨੂੰ ਵੀ ਪ੍ਰਭਾਵਿਤ ਕੀਤਾ ਹੈ। ਧਮਾਕਾਖੇਜ਼ ਪਦਾਰਥਾਂ ਨਾਲ ਲੈਸ ਨੇਵੀ ਦੇ ਡਰੋਨ ਰੂਸੀ ਜਹਾਜ਼ਾਂ ਨਾਲ ਜਾ ਟਕਰਾਏ ਹਨ। ਯੂਕ੍ਰੇਨ ਇਕ ਜੰਗ ਰਣਨੀਤੀ ਦੇ ਤੌਰ ’ਤੇ ਡਰੋਨ ’ਤੇ ਜ਼ੋਰ ਦੇ ਰਿਹਾ ਹੈ। ਇਹੀ ਕਾਰਨ ਹੈ ਕਿ ਚੀਨ ਭਵਿੱਖ ਦੀਆਂ ਸੰਭਾਵਿਤ ਜੰਗਾਂ ਲਈ ਯੂਕ੍ਰੇਨੀ ਫੌਜ ਦੇ ਇਸ ਲੜਨ ਦੇ ਹੁਨਰ ਨੂੰ ਅਪਣਾਉਣਾ ਚਾਹੁੰਦਾ ਹੈ। ਇਸ ਨੂੰ ਇਕ ਵੱਡਾ ਸਬਕ ਮੰਨਦੇ ਹੋਏ ਚੀਨ ਖ਼ੁਦ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਰੂਸੀ ਹੈਲੀਕਾਪਟਰ ਕੇ. ਏ. 52 ਨੇ ਚੀਨ ਨੂੰ ਕੀਤਾ ਪ੍ਰਭਾਵਿਤ
ਰਿਪੋਰਟ ’ਚ ਕਿਹਾ ਗਿਆ ਹੈ ਕਿ ਰੂਸੀ ਹਵਾਈ ਸ਼ਕਤੀ ਦੇ ਸਬੰਧ ’ਚ ਚੀਨੀ ਰਣਨੀਤੀਕਾਰਾਂ ਨੂੰ ਯੂਕ੍ਰੇਨ ’ਚ ਹਮਲਾ ਕਰਨ ਵਾਲੇ ਰੂਸੀ ਹਮਲਾਵਰ ਹੈਲੀਕਾਪਟਰ ਨੇ ਆਕਰਸ਼ਿਤ ਹੈ। ਅਜਿਹਾ ਲੱਗਦਾ ਹੈ ਕਿ ਹੈਲੀਕਾਪਟਰ ਤਾਈਵਾਨ ਨੂੰ ਜਿੱਤਣ ਦੀ ਕਿਸੇ ਵੀ ਚੀਨੀ ਰਣਨੀਤੀ ਦੇ ਕੇਂਦਰ ’ਚ ਹਨ। ਇਹ ਹੈਲੀਕਾਪਟਰ ਕਾਲਪਨਿਕ ਤਾਈਵਾਨ ਦ੍ਰਿਸ਼ ’ਚ ਸਮੁੰਦਰੀ ਕਿਨਾਰੇ ਆਉਣ ਵਾਲੀਆਂ ਮਜ਼ਬੂਤ ਸ਼ਕਤੀਆਂ ਲਈ ਵਿਆਪਕ ਹਵਾਈ ਕਵਰ ਤੇ ਫਾਇਰਪਾਵਰ ਪ੍ਰਦਾਨ ਕਰ ਸਕਦੇ ਹਨ।
ਇਹ ਖ਼ਬਰ ਵੀ ਪੜ੍ਹੋ : ਅਖੀਰ ਫੜਿਆ ਗਿਆ ਐਲਵਿਸ਼ ਯਾਦਵ, ਪੁਲਸ ਨੇ ਇਸ ਮਾਮਲੇ ’ਚ ਭੇਜਿਆ 14 ਦਿਨਾਂ ਦੀ ਨਿਆਇਕ ਹਿਰਾਸਤ ’ਚ
ਵਿਸ਼ੇਸ਼ ਤੌਰ ’ਤੇ ਇਕ ਰੂਸੀ ਹੈਲੀਕਾਪਟਰ ਕੇ. ਏ. 52 ਨੇ ਚੀਨੀ ਫ਼ੌਜ ਦਾ ਧਿਆਨ ਖਿੱਚਿਆ ਹੈ। ਇਹ ਨਾ ਸਿਰਫ਼ ਰੂਸ ਦਾ ਸਭ ਤੋਂ ਉੱਨਤ ਹਮਲਾਵਰ ਹੈਲੀਕਾਪਟਰ ਹੈ, ਸਗੋਂ ਇਸ ’ਚ ਕੁਝ ਮਹੱਤਵਪੂਰਨ ਨਵੇਂ ਫੀਚਰ ਵੀ ਹਨ। ਤੁਹਾਨੂੰ ਦੱਸ ਦੇਈਏ ਕਿ ਪੀ. ਐੱਲ. ਏ. ਨੇਵੀ ਅਤੇ ਹੋਰ ਚੀਨੀ ਹਥਿਆਰਬੰਦ ਫੋਰਸਾਂ ਦਹਾਕਿਆਂ ਤੋਂ ਰੂਸੀ ਹੈਲੀਕਾਪਟਰਾਂ ’ਤੇ ਵਿਆਪਕ ਤੌਰ ’ਤੇ ਨਿਰਭਰ ਹਨ।
ਹੈਲੀਕਾਪਟਰ ਨੂੰ ਕਹਿੰਦੇ ਹਨ ‘ਪੁਤਿਨ ਦੀ ਗਿਰਝ’
ਰਿਪੋਰਟ ’ਚ ਕਿਹਾ ਗਿਆ ਹੈ ਕਿ ਯੂਕ੍ਰੇਨ ਦੇ ਗਰਮੀਆਂ ’ਚ ਕੀਤੇ ਗਏ ਜਵਾਬੀ ਹਮਲੇ ਦੌਰਾਨ ਕੇ. ਏ. 52 ਦੇ ਮਜ਼ਬੂਤ ਪ੍ਰਦਰਸ਼ਨ ਤੋਂ ਬਾਅਦ ਇਸ ਦੇ ਮੁਲਾਂਕਣ ’ਚ ਮਹੱਤਵਪੂਰਨ ਬਦਲਾਅ ਆਇਆ ਹੈ। ਐਲੀਗੇਟਰ ਹਮਲੇ ਦੇ ਹੈਲੀਕਾਪਟਰਾਂ ਨੂੰ ਵੱਡੀ ਗਿਣਤੀ ’ਚ ਯੂਕ੍ਰੇਨੀ ਬਖ਼ਤਰਬੰਦ ਵਾਹਨਾਂ ਨੂੰ ਨਸ਼ਟ ਕਰਨ ਦਾ ਸਿਹਰਾ ਦਿੱਤਾ ਗਿਆ, ਜਿਸ ’ਚ ਸਭ ਤੋਂ ਉੱਨਤ ਪੱਛਮੀ ਕਿਸਮ ਦੇ ਲੈਪਰਡ (ਤੇਂਦੂਆ) ਟੈਂਕ ਤੇ ਬ੍ਰੈਡਲੀ ਏ. ਐੱਫ. ਵੀ. ਸ਼ਾਮਲ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਬਰਤਾਨੀਆ ਦੇ ਰੱਖਿਆ ਮੰਤਰੀ ਜੰਗ ਦੇ ਮੈਦਾਨ ਦੇ ਘਟਨਾਕ੍ਰਮ ਤੋਂ ਪ੍ਰੇਸ਼ਾਨ ਸਨ ਤੇ ਚੀਨੀ ਮੁੱਲਾਂਕਣ ਤੋਂ ਪਤਾ ਚੱਲਿਆ ਹੈ ਕਿ ਰੱਖਿਆ ਵਿਸ਼ਲੇਸ਼ਕਾਂ ਨੇ ਰੂਸੀ ਐਲੀਗੇਟਰ ਹਮਲੇ ਦੇ ਹੈਲੀਕਾਪਟਰ ਨੂੰ ‘ਪੁਤਿਨ ਦੀ ਗਿਰਝ’ ਜਾਂ ‘ਨਾਟੋ ਟੈਂਕ ਕਿਲਰ’’ ਵਜੋਂ ਦੁਬਾਰਾ ਬ੍ਰਾਂਡ ਕੀਤਾ ਹੈ।
ਹਵਾਈ ਸ਼ਕਤੀ ਦੀਆਂ ਸਫ਼ਲਤਾਵਾਂ ’ਤੇ ਵੀ ਨਜ਼ਰ
ਅੰਤਰਰਾਸ਼ਟਰੀ ਆਨਲਾਈਨ ਨਿਊਜ਼ ਮੈਗਜ਼ੀਨ ‘ਦਿ ਡਿਪਲੋਮੈਟ’ ’ਚ ਛਪੀ ਇਕ ਰਿਪੋਰਟ ਦੇ ਅਨੁਸਾਰ ਚੀਨੀ ਫੌਜੀ ਵਿਸ਼ਲੇਸ਼ਕ ਰੂਸੀ ਫੌਜੀ ਪ੍ਰਦਰਸ਼ਨ ਦੀ ਬੇਰਹਿਮ ਅਲੋਚਨਾ ’ਚ ਸ਼ਾਮਲ ਨਹੀਂ ਹੋਏ ਹਨ, ਜੋ ਪੱਛਮੀ ਦੇਸ਼ਾਂ ’ਚ ਆਮ ਗੱਲ ਹੈ। ਚੀਨੀ ਫੌਜੀ ਵਿਸ਼ਲੇਸ਼ਕ ਅਜੇ ਵੀ ਆਧੁਨਿਕ ਯੁੱਧ ਦੀ ਪ੍ਰਕਿਰਤੀ ਨੂੰ ਸਮਝਣ ਲਈ ਸਬਕ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ। ਉਨ੍ਹਾਂ ਨੇ ਅਮਰੀਕਾ ’ਚ ਨਵੇਂ ਹਥਿਆਰਾਂ ਦੀ ਵਰਤੋਂ ਤੇ ਰਣਨੀਤੀਆਂ ਦੀ ਵਰਤੋਂ ’ਚ ਵਿਸ਼ੇਸ਼ ਦਿਲਚਸਪੀ ਲਈ ਹੈ। ਫੌਜੀ ਰਣਨੀਤੀਕਾਰਾਂ ਦਾ ਮੰਨਣਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਜੰਗ ’ਚ ਹਵਾਈ ਸ਼ਕਤੀ ਰਾਹੀਂ ਸਫ਼ਲਤਾਵਾਂ ਦੇਖਣ ਨੂੰ ਮਿਲ ਸਕਦੀਆਂ ਹਨ। ਦੁਨੀਆ ਦੀਆਂ ਕਈ ਫੌਜਾਂ ਯੂਕ੍ਰੇਨੀ ਐੱਫ. 16 ਲੜਾਕੂ ਜਹਾਜ਼ਾਂ ਦੀ ਤਾਇਨਾਤੀ ’ਤੇ ਧਿਆਨ ਕੇਂਦਰਿਤ ਕਰ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।