ਚੀਨ ਨੇ ਸ਼ਿਨਜਿਆਂਗ ਦੇ ਮੁੱਦੇ ’ਤੇ ਅਮਰੀਕੀ ਅਧਿਕਾਰੀਆਂ ’ਤੇ ਲਗਾਈਆਂ ਪਾਬੰਦੀਆਂ
Tuesday, Dec 21, 2021 - 04:45 PM (IST)
ਬੀਜਿੰਗ (ਭਾਸ਼ਾ) : ਚੀਨ ਨੇ ਮੰਗਲਵਾਰ ਨੂੰ ਅਮਰੀਕੀ ਸਰਕਾਰ ਦੇ ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਕਮਿਸ਼ਨ ਦੇ 4 ਮੈਂਬਰਾਂ ’ਤੇ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ। ਬੀਜਿੰਗ ਨੇ ਦੇਸ਼ ਦੇ ਉਤਰ-ਪੱਛਮੀ ਸ਼ਿਨਜਿਆਂਗ ਖੇਤਰ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਦੇ ਮੁੱਦੇ ’ਤੇ ਚੀਨੀ ਅਧਿਕਾਰੀਆਂ ’ਤੇ ਅਮਰੀਕਾ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦੇ ਜਵਾਬ ਵਿਚ ਇਹ ਕਦਮ ਚੁੱਕਿਆ ਹੈ। ਇਹ ਕਦਮ ਸ਼ਿਨਜਿਆਂਗ ਮੁੱਦੇ ’ਤੇ ਦੋਵਾਂ ਦੇਸ਼ਾਂ ਵਿਚਾਲੇ ਵੱਧਦੇ ਤਣਾਅ ਨੂੰ ਦਰਸਾਉਂਦੇ ਹਨ। ਵਾਸ਼ਿੰਗਟਨ ਨੇ ਸਬੰਧਤ ਖੇਤਰ ਤੋਂ ਆਯਾਤ ’ਤੇ ਪਾਬੰਦੀ ਲਗਾ ਦਿੱਤੀ ਹੈ, ਕਿਉਂਕਿ ਉਸ ਦਾ ਮੰਨਣਾ ਹੈ ਕਿ ਆਯਾਤ ਕੀਤੀਆਂ ਜਾਣ ਵਾਲੀਆਂ ਚੀਜ਼ਾਂ, ਹੋ ਸਕਦਾ ਹੈ ਕਿ ਲੋਕਾਂ ਕੋਲੋਂ ਜ਼ਬਰਨ ਮਜ਼ਦੂਰੀ ਕਰਵਾ ਕੇ ਤਿਆਰ ਕੀਤੀਆਂ ਗਈਆਂ ਹੋਣ।
ਇਹ ਵੀ ਪੜ੍ਹੋ : ਕਾਬੁਲ 'ਚ ਲੋਕਾਂ ਨੇ ਬੰਦ ਅਮਰੀਕੀ ਦੂਤਘਰ ਵੱਲ ਕੀਤਾ ਮਾਰਚ, ਕੀਤੀ ਇਹ ਮੰਗ
ਉਥੇ ਹੀ ਮਨੁੱਖੀ ਅਧਿਕਾਰ ਕਾਰਜਕਰਤਾ ਬੀਜਿੰਗ ਵਿਚ ਫਰਵਰੀ ਵਿਚ ਹੋਣ ਜਾ ਰਹੇ ਸਰਦ-ਰੁੱਤ ਓਲੰਪਿਕ ਦੇ ਬਾਈਕਾਟ ਦੀ ਅਪੀਲ ਕਰ ਰਹੇ ਹਨ। ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲੀਜਿਆਨ ਨੇ ਕਿਹਾ ਕਿ ਅਮਰੀਕੀ ਕਮਿਸ਼ਨ ਦੇ ਪ੍ਰਧਾਨ ਅਤੇ 3 ਮੈਂਬਰਾਂ ਦੇ ਮੁੱਖ ਭੂਮੀ ਚੀਨ, ਹਾਂਗਕਾਂਗ ਅਤੇ ਮਕਾਊ ਦਾ ਦੌਰਾ ਕਰਨ ’ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਦੇਸ਼ ਵਿਚ ਉਨ੍ਹਾਂ ਦੀ ਕੋਈ ਵੀ ਸੰਪਤੀ ਜ਼ਬਤ ਕਰ ਲਈ ਜਾਏਗੀ। ਝਾਓ ਨੇ ਇਨ੍ਹਾਂ ਚਾਰਾਂ ਲੋਕਾਂ ਦੀ ਪਛਾਣ- ਪ੍ਰਧਾਨ ਨਾਦਿਨ ਮੇਂਜਾ, ਉਪ ਪ੍ਰਧਾਨ ਨੁਰੀ ਤੁਰਕੇਲ ਅਤੇ ਮੈਂਬਰ ਅਨੁਰਿਮਾ ਭਾਰਗਵ ਅਤੇ ਜੇਮਰ ਕੈਰ ਦੇ ਰੂਪ ਵਿਚ ਕੀਤੀ ਹੈ। ਝਾਓ ਨੇ ਇਸ ਬਾਰੇ ਵਿਚ ਕੋਈ ਸੰਕੇਤ ਨਹੀਂ ਦਿੱਤਾ ਕਿ ਇਨ੍ਹਾਂ ਲੋਕਾਂ ਦੀ ਚੀਨ ਵਿਚ ਕੋਈ ਸੰਪਤੀ ਹੈ ਜਾਂ ਨਹੀਂ। ਸ਼ਿਨਜਿਆਂਗ ਵਿਚ ਉਈਗਰ ਅਤੇ ਹੋਰ ਜ਼ਿਆਦਾਤਰ ਮੁਸਲਿਮ ਘੱਟ-ਗਿਣਤੀਆਂ ਦੇ ਦਮਨ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਅਮਰੀਕਾ ਦੇ ਵਿੱਤ ਵਿਭਾਗ ਨੇ 10 ਦਸੰਬਰ ਨੂੰ ਚੀਨ ਦੇ 2 ਅਧਿਕਾਰੀਆਂ ’ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਦੇ ਬਾਅਦ ਚੀਨ ਨੇ ਜਵਾਬੀ ਕਾਰਵਾਈ ਕਰਨ ਦੀ ਧਮਕੀ ਦਿੱਤੀ ਸੀ।
ਇਹ ਵੀ ਪੜ੍ਹੋ : ਕੈਨੇਡਾ: ਕਾਰ ਹੇਠਾਂ ਦਰੜ ਕੇ ਸ਼ਖ਼ਸ ਨੂੰ ਮਾਰਨ ਦੇ ਦੋਸ਼ੀ ਪੰਜਾਬੀ ਨੂੰ ਉਮਰ ਕੈਦ ਦੀ ਸਜ਼ਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।