ਚੀਨ ਬਣਾ ਰਿਹਾ ਦੁਨੀਆ ਦਾ ਪਹਿਲਾ ਹਾਈਬ੍ਰਿਡ ਪ੍ਰਮਾਣੂ ਪਲਾਂਟ; 2032 ਤੱਕ ਹੋਵੇਗਾ ਸ਼ੁਰੂ
Sunday, Jan 18, 2026 - 10:15 PM (IST)
ਬੀਜਿੰਗ : ਚੀਨ ਨੇ ਊਰਜਾ ਦੇ ਖੇਤਰ ਵਿੱਚ ਇੱਕ ਨਵਾਂ ਇਤਿਹਾਸ ਰਚਣ ਵੱਲ ਕਦਮ ਵਧਾਉਂਦੇ ਹੋਏ ਦੁਨੀਆ ਦੇ ਪਹਿਲੇ ਹਾਈਬ੍ਰਿਡ ਨਿਊਕਲੀਅਰ ਪਾਵਰ ਪਲਾਂਟ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ। ਪੂਰਬੀ ਚੀਨ ਦੇ ਜਿਆਂਗਸੂ ਸੂਬੇ ਦੇ ਲਿਆਨਯੁੰਗਾਂਗ ਸ਼ਹਿਰ ਵਿੱਚ ਸਥਿਤ ਸ਼ੁਵੇਈ ਨਿਊਕਲੀਅਰ ਪਾਵਰ ਪਲਾਂਟ ਦਾ ਨਿਰਮਾਣ ਕਾਰਜ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਿਆ ਹੈ। ਇਹ ਚੀਨ ਦੀ 15ਵੀਂ ਪੰਜ ਸਾਲਾ ਯੋਜਨਾ (2026-2030) ਦੇ ਤਹਿਤ ਸ਼ੁਰੂ ਹੋਣ ਵਾਲਾ ਪਹਿਲਾ ਪ੍ਰਮਾਣੂ ਪ੍ਰੋਜੈਕਟ ਹੈ।
ਅਤਿ-ਆਧੁਨਿਕ ਤਕਨੀਕ ਦਾ ਸੁਮੇਲ
ਇਹ ਵਿਸ਼ਵ ਦਾ ਅਜਿਹਾ ਪਹਿਲਾ ਪ੍ਰੋਜੈਕਟ ਹੈ ਜਿਸ ਵਿੱਚ 'ਹੁਆਲੋਂਗ ਵਨ' (Hualong One) ਪ੍ਰੈਸ਼ਰਾਈਜ਼ਡ ਵਾਟਰ ਰਿਐਕਟਰ ਅਤੇ ਹਾਈ ਟੈਂਪਰੇਚਰ ਗੈਸ ਕੂਲਡ ਰਿਐਕਟਰ ਨੂੰ ਇੱਕਠੇ ਜੋੜਿਆ ਗਿਆ ਹੈ। ਇਹ ਪਲਾਂਟ ਨਾ ਸਿਰਫ਼ ਬਿਜਲੀ ਪੈਦਾ ਕਰੇਗਾ, ਸਗੋਂ ਉਦਯੋਗਿਕ ਵਰਤੋਂ ਲਈ ਉੱਚ ਗੁਣਵੱਤਾ ਵਾਲੀ ਸਟੀਮ (ਭਾਫ਼) ਵੀ ਮੁਹੱਈਆ ਕਰਵਾਏਗਾ।
ਦੋ ਪੜਾਵਾਂ ਵਿੱਚ ਹੋਵੇਗਾ ਨਿਰਮਾਣ
ਇਸ ਪ੍ਰੋਜੈਕਟ ਦਾ ਨਿਰਮਾਣ ਦੋ ਪੜਾਵਾਂ ਵਿੱਚ ਕੀਤਾ ਜਾਵੇਗਾ ਅਤੇ ਇਸ ਦਾ ਪਹਿਲਾ ਪੜਾਅ 2032 ਤੱਕ ਚਾਲੂ ਹੋਣ ਦੀ ਸੰਭਾਵਨਾ ਹੈ। ਪਹਿਲੇ ਪੜਾਅ ਵਿੱਚ ਦੋ 'ਹੁਆਲੋਂਗ ਵਨ' ਯੂਨਿਟ (ਤੀਜੀ ਪੀੜ੍ਹੀ ਦੀ ਪ੍ਰਮਾਣੂ ਤਕਨੀਕ) ਅਤੇ ਇੱਕ ਹਾਈ ਟੈਂਪਰੇਚਰ ਗੈਸ ਕੂਲਡ ਰਿਐਕਟਰ ਯੂਨਿਟ (ਚੌਥੀ ਪੀੜ੍ਹੀ ਦੀ ਤਕਨੀਕ) ਸ਼ਾਮਲ ਹੋਣਗੇ। 'ਹੁਆਲੋਂਗ ਵਨ' ਚੀਨ ਦੀ ਆਪਣੀ ਸਵਦੇਸ਼ੀ ਤਕਨੀਕ ਹੈ, ਜਿਸ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਵੀ ਮਾਨਤਾ ਮਿਲ ਚੁੱਕੀ ਹੈ।
ਪ੍ਰਦੂਸ਼ਣ ਘਟਾਉਣ ਵਿੱਚ ਮਿਲੇਗੀ ਮਦਦ
ਇਹ ਪ੍ਰੋਜੈਕਟ ਵਾਤਾਵਰਣ ਦੀ ਸੰਭਾਲ ਲਈ ਬੇਹੱਦ ਫਾਇਦੇਮੰਦ ਸਾਬਤ ਹੋਵੇਗਾ। ਸੂਤਰਾਂ ਮੁਤਾਬਕ, ਇਸ ਪਲਾਂਟ ਦੇ ਚਾਲੂ ਹੋਣ ਨਾਲ ਹਰ ਸਾਲ ਲਗਭਗ 72.6 ਲੱਖ ਟਨ ਕੋਲੇ ਦੀ ਖਪਤ ਘਟੇਗੀ ਅਤੇ ਕਾਰਬਨ ਡਾਈਆਕਸਾਈਡ ਦੇ ਨਿਕਾਸ ਵਿੱਚ 1.96 ਕਰੋੜ ਟਨ ਦੀ ਕਮੀ ਆਵੇਗੀ। ਇਹ ਕਦਮ ਚੀਨ ਵਿੱਚ ਪ੍ਰਮਾਣੂ ਊਰਜਾ ਦੀ ਵਰਤੋਂ ਨੂੰ ਸਿਰਫ਼ ਬਿਜਲੀ ਉਤਪਾਦਨ ਤੱਕ ਸੀਮਤ ਨਾ ਰੱਖ ਕੇ ਹੋਰ ਉਦਯੋਗਿਕ ਖੇਤਰਾਂ ਵਿੱਚ ਲਿਜਾਣ ਦੀ ਦਿਸ਼ਾ ਵਿੱਚ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ।
