ਤਾਲਿਬਾਨ ਸਰਕਾਰ ਦੀ ਮਦਦ ਲਈ ਚੀਨ ਨੇ ਖੋਲ੍ਹਿਆ ਖਜ਼ਾਨਾ, 310 ਲੱਖ ਡਾਲਰ ਦੀ ਮਦਦ ਦਾ ਐਲਾਨ
Thursday, Sep 09, 2021 - 06:22 PM (IST)
 
            
            ਬੀਜਿੰਗ/ਕਾਬੁਲ (ਬਿਊਰੋ): ਅਫਗਾਨਿਸਤਾਨ ਵਿਚ ਤਾਲਿਬਾਨ ਦੀ ਸਰਕਾਰ ਬਣਾਉਣ ਦੇ 24 ਘੰਟੇ ਦੇ ਅੰਦਰ ਚੀਨ ਨੇ ਆਪਣਾ ਖਜ਼ਾਨਾ ਉਹਨਾਂ ਲਈ ਖੋਲ੍ਹ ਦਿੱਤਾ ਹੈ। ਚੀਨ ਨੇ ਬੁੱਧਵਾਰ ਨੂੰ ਤਾਲਿਬਾਨ ਨੂੰ ਸਰਕਾਰ ਚਲਾਉਣ ਲਈ 310 ਲੱਖ (31 ਮਿਲੀਅਨ) ਅਮਰੀਕੀ ਡਾਲਰ ਦੀ ਮਦਦ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਚੀਨ ਅਫਗਾਨਿਸਤਾਨ ਲਈ ਕੋਰੋਨਾ ਵੈਕਸੀਨ ਦੀ ਡੋਜ ਵੀ ਭੇਜ ਰਿਹਾ ਹੈ। ਚੀਨ ਨੇ ਕਿਹਾ ਕਿ ਇਹ ਮਦਦ ਅਰਾਜਕਤਾ ਖ਼ਤਮ ਕਰਨ ਅਤੇ ਵਿਵਸਥਾ ਬਹਾਲ ਕਰਨ ਲਈ ਜ਼ਰੂਰੀ ਹੈ।
ਅਫਗਾਨਿਸਤਾਨ ਦੇ ਹਾਲਾਤ 'ਤੇ ਗੁਆਂਢੀ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਪਹਿਲੀ ਬੈਠਕ ਵਿਚ ਚੀਨ ਦੀ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ,''ਚੀਨ ਅਫਗਾਨਿਸਤਾਨ ਨੂੰ 200 ਮਿਲੀਅਨ ਯੁਆਨ (31 ਮਿਲੀਅਨ ਅਮਰੀਕੀ ਡਾਲਰ) ਦੀ ਮਦਦ ਦੇ ਤਹਿਤ ਅਨਾਜ਼, ਸਰਦੀ ਦੇ ਮੌਸਮ ਦਾ ਸਾਮਾਨ, ਕੋਰੋਨਾ ਟੀਕੇ ਅਤੇ ਹੋਰ ਲੋੜੀਂਦੀਆਂ ਦਵਾਈਆਂ ਦੇਵੇਗਾ।'' ਪਾਕਿਸਤਾਨ ਦੀ ਪ੍ਰਧਾਨਗੀ ਵਿਚ ਹੋਈ ਬੈਠਕ ਵਿਚ ਈਰਾਨ, ਤਜਾਕਿਸਤਾਨ, ਤੁਰਕਮੇਨਿਸਤਾਨ ਅਤੇ ਉਜਬੇਕਿਸਤਾਨ ਦੇ ਵਿਦੇਸ਼ ਮੰਤਰੀਆਂ ਨੇ ਸ਼ਿਰਕਤ ਕੀਤੀ। ਭਾਵੇਂਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੁਦ ਕੁਰੈਸ਼ੀ ਦੀ ਮੇਜ਼ਬਾਨੀ ਵਿਚ ਆਯੋਜਿਤ ਇਸ ਬੈਠਕ ਵਿਚ ਰੂਸ ਨੇ ਹਿੱਸਾ ਨਹੀਂ ਲਿਆ। ਵਾਂਗ ਯੀ ਨੇ ਕਿਹਾ,''ਪਹਿਲੀ ਖੇਪ ਵਿਚ ਚੀਨ ਨੇ ਅਫਗਾਨਿਸਤਾਨ ਨੂੰ 30 ਲੱਖ ਟੀਕੇ ਦਾਨ ਵਿਚ ਦੇਣ ਦਾ ਫ਼ੈਸਲਾ ਲਿਆ ਹੈ।
ਪੜ੍ਹੋ ਇਹ ਅਹਿਮ ਖਬਰ -ਤਾਲਿਬਾਨ ਸਰਕਾਰ ਦਾ ਫਰਮਾਨ, ਕਿਹਾ-'ਸ਼ਰੀਆ ਕਾਨੂੰਨ ਨਾਲ ਚੱਲੇਗਾ ਦੇਸ਼, ਹੁਣ ਕੋਈ ਦੇਸ਼ ਨਾ ਛੱਡੇ'
ਜ਼ਿਕਰਯੋਗ ਹੈ ਕਿ ਚੀਨ ਨੇ ਪਹਿਲਾਂ ਹੀ ਅਪੀਲ ਕੀਤੀ ਸੀ ਕਿ ਦੁਨੀਆ ਨੂੰ ਤਾਲਿਬਾਨ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਇਸੇ ਕੜੀ ਵਿਚ ਆਰਥਿਕ ਮਦਦ ਨੂੰ ਜਾਰੀ ਰੱਖਣਾ ਜ਼ਰੂਰੀ ਹੈ। ਅਫਗਾਨਿਸਤਾਨ ਨੂੰ ਦਿੱਤੀ ਜਾਣ ਵਾਲੀ ਮਦਦ ਹਾਲੇ ਸ਼ੁਰੂਆਤ ਹੀ ਹੈ। ਚੀਨ ਦਾ ਕਹਿਣਾ ਹੈ ਕਿ ਤਾਲਿਬਾਨ ਨੂੰ ਹੁਣ ਅਫਗਾਨਿਸਤਾਨ ਵਿਚ ਹਾਲਾਤ ਸਧਾਰਨ ਕਰਨੇ ਚਾਹੀਦੇ ਹਨ। ਤਾਲਿਬਾਨ ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀ ਕਿ ਚੀਨ ਇਕ ਆਰਥਿਕ ਸੁਪਰਪਾਵਰ ਹੈ। ਅਜਿਹੇ ਵਿਚ ਉਹ ਚੀਨ ਨੂੰ ਵੱਡਾ ਸਾਥੀ ਮੰਨਦਾ ਹੈ। ਤਾਲਿਬਾਨ ਦੇ ਬੁਲਾਰੇ ਜਬੀਹੁੱਲਾ ਮੁਜਾਹਿਦ ਨੇ ਇਕ ਇਟਾਲੀਅਨ ਅਖ਼ਬਾਰ ਨੂੰ ਦੱਸਿਆ ਸੀ ਕਿ ਉਹਨਾਂ ਦਾ ਸਮੂਹ ਮੁੱਖ ਰੂਪ ਨਾਲ ਚੀਨ ਦੀ ਆਰਥਿਕ ਮਦਦ 'ਤੇ ਨਿਰਭਰ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            