ਸਰਹੱਦੀ ਵਿਵਾਦ ਸੁਲਝਾਉਣ ਲਈ ਗੱਲਬਾਤ ''ਚ ਤੇਜ਼ੀ ਲਿਆਉਣ ਲਈ ਸਹਿਮਤ ਹੋਏ ਚੀਨ ਅਤੇ ਭੂਟਾਨ
Saturday, Jan 14, 2023 - 04:36 PM (IST)

ਇੰਟਰਨੈਸ਼ਨਲ ਡੈਸਕ- ਚੀਨ ਅਤੇ ਭੂਟਾਨ ਸਮਝੌਤਾ ਪੱਤਰ ਦੇ ਲਾਗੂ ਕਰਨ ਨੂੰ ਅੱਗੇ ਵਧਾਉਣ ਨੂੰ ਲੈ ਕੇ "ਸਕਾਰਾਤਮਕ ਰੂਪ ਨਾਲ ਸਹਿਮਤ" ਹੋ ਗਏ ਹਨ ਤਾਂ ਜੋ ਦੋਵਾਂ ਦੇਸ਼ਾਂ ਦੇ ਵਿਚਾਲੇ ਸਰਹੱਦੀ ਵਿਵਾਦ ਨੂੰ ਤਿੰਨ-ਪੜਾਵੀ ਰੂਪ ਰੇਖਾ ਦੇ ਰਾਹੀਂ ਸੁਲਝਾਉਣ ਲਈ ਗੱਲਬਾਤ 'ਚ ਤੇਜ਼ੀ ਲਿਆਂਦੀ ਜਾ ਸਕੇ। ਦੋਵਾਂ ਦੇਸ਼ਾਂ ਵੱਲੋਂ ਜਾਰੀ ਇਕ ਸਾਂਝੇ ਬਿਆਨ ਮੁਤਾਬਕ ਚੀਨ-ਭੂਟਾਨ ਸਰਹੱਦ ਮੁੱਦੇ 'ਤੇ 11ਵੀਂ ਮਾਹਰ ਗਰੁੱਪ ਦੀ ਮੀਟਿੰਗ (ਈ.ਜੀ.ਐੱਮ) ਚੀਨ ਦੇ ਕੁਨਮਿੰਗ ਸ਼ਹਿਰ 'ਚ 10 ਤੋਂ 13 ਜਨਵਰੀ ਤੱਕ ਹੋਈ। ਭੂਟਾਨ ਦੀ ਚੀਨ ਨਾਲ 477 ਕਿਲੋਮੀਟਰ ਲੰਬੀ ਸਰਹੱਦ ਸਾਂਝੀ ਹੈ ਅਤੇ ਦੋਵਾਂ ਦੇਸ਼ਾਂ ਨੇ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ 24 ਦੌਰ ਦੀ ਸਰਹੱਦੀ ਵਾਰਤਾ ਕੀਤੀ ਹੈ। ਚੀਨ ਅਤੇ ਭੂਟਾਨ ਦੇ ਕੂਟਨੀਤਕ ਸਬੰਧ ਨਹੀਂ ਹਨ, ਪਰ ਦੋਵੇਂ ਦੇਸ਼ ਅਧਿਕਾਰੀਆਂ ਦੀ ਸਮੇਂ-ਸਮੇਂ 'ਤੇ ਦੌਰਿਆਂ ਰਾਹੀਂ ਆਪਸ 'ਚ ਸੰਪਰਕ ਕਾਇਮ ਰੱਖਦੇ ਹਨ।
ਭਾਰਤ ਅਤੇ ਭੂਟਾਨ ਅਜਿਹੇ ਦੋ ਦੇਸ਼ ਹਨ ਜਿਨ੍ਹਾਂ ਨਾਲ ਚੀਨ ਨੇ ਅਜੇ ਤੱਕ ਸਰਹੱਦ ਸਮਝੌਤਿਆਂ ਨੂੰ ਅੰਤਿਮ ਰੂਪ ਨਹੀਂ ਦਿੱਤਾ ਹੈ, ਜਦੋਂ ਕਿ ਬੀਜਿੰਗ ਨੇ 12 ਹੋਰ ਗੁਆਂਢੀਆਂ ਨਾਲ ਸਰਹੱਦੀ ਵਿਵਾਦ ਸੁਲਝਾ ਲਿਆ ਹੈ। ਸ਼ੁੱਕਰਵਾਰ ਨੂੰ ਜਾਰੀ ਸੰਯੁਕਤ ਬਿਆਨ 'ਚ ਕਿਹਾ ਗਿਆ ਕਿ 11ਵੀਂ ਈ.ਜੀ.ਐੱਮ 'ਚ, ਦੋਵਾਂ ਧਿਰਾਂ ਨੇ ਚੀਨ-ਭੂਟਾਨ ਸਰਹੱਦ ਵਾਰਤਾ 'ਚ ਤੇਜ਼ੀ ਲਿਆਉਣ ਲਈ ਇੱਕ ਤਿੰਨ-ਪੜਾਵੀ ਰੂਪ ਰੇਖਾ ਸਮਝੌਤੇ ਪੱਤਰ ਨੂੰ ਲਾਗੂ ਕਰਨ ਲਈ "ਸਪੱਸ਼ਟ, ਸਦਭਾਵਨਾਪੂਰਣ ਅਤੇ ਰਚਨਾਤਮਕ ਮਾਹੌਲ 'ਚ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਅਤੇ ਸਰਬਸੰਮਤੀ ਨਾਲ ਇੱਕ ਸਕਾਰਾਤਮਕ ਸਿੱਟੇ 'ਤੇ ਪਹੁੰਚ ਗਏ। ਇਸ 'ਚ ਕਿਹਾ ਗਿਆ ਹੈ ਕਿ ਦੋਵੇਂ ਧਿਰਾਂ ਤਿੰਨ-ਪੜਾਅ ਵਾਲੀ ਰੂਪ ਰੇਖਾ ਦੇ ਸਾਰੇ ਪੜਾਵਾਂ ਨੂੰ ਲਾਗੂ ਕਰਨ ਲਈ ਇੱਕੋ ਸਮੇਂ ਅੱਗੇ ਵਧਣ ਲਈ ਸਹਿਮਤ ਹੋਏ।
ਬਿਆਨ 'ਚ ਕਿਹਾ ਗਿਆ ਹੈ ਕਿ ਦੋਵੇਂ ਧਿਰਾਂ ਨੇ ਈ.ਜੀ.ਐੱਮ ਦੀ ਬਾਰੰਬਾਰਤਾ ਵਧਾਉਣ ਅਤੇ ਚੀਨ-ਭੂਟਾਨ ਸਰਹੱਦ ਵਾਰਤਾ ਦਾ 25ਵਾਂ ਦੌਰ ਇੱਕ ਆਪਸੀ ਸੁਵਿਧਾਜਨਕ ਤਾਰੀਖ਼ 'ਤੇ ਜਲਦੀ ਕਰਵਾਉਣ ਲਈ "ਕੂਟਨੀਤਕ ਚੈਨਲਾਂ ਦੁਆਰਾ ਸੰਪਰਕ ਬਣਾਏ ਰੱਖਣ ਲਈ ਵੀ ਸਹਿਮਤ ਹੋਏ। ਦੋਵਾਂ ਦੇਸ਼ਾਂ ਨੇ 2021 'ਚ ਚੀਨ-ਭੂਟਾਨ ਸੀਮਾ ਵਾਰਤਾ 'ਚ ਤੇਜੀ ਲਿਆਉਣ ਲਈ ਇਕ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ ਸਨ, ਜਿਸ 'ਚ ਸੀਮਾ ਵਾਰਤਾ ਅਤੇ ਕੂਟਨੀਤਕ ਸਬੰਧਾਂ ਦੀ ਸਥਾਪਨਾ ਨੂੰ ਗਤੀ ਦੇਣ ਲਈ ਤਿੰਨ-ਪੜਾਵ ਦੀ ਰੂਪ ਰੇਖਾ ਤਿਆਰ ਕੀਤੀ ਗਈ ਸੀ।