ਚੀਨ ਦੀ ਅਮਰੀਕਾ ਨੂੰ ਦੋ-ਟੁੱਕ: ਲੜਨਾ ਚਾਹੁੰਦਾ ਹੈ ਤਾਂ ਅਸੀਂ ਅਖੀਰ ਤੱਕ ਲੜਾਂਗੇ; ਧਮਕੀਆਂ ਦੇਣਾ ਬੰਦ ਕਰਨ ਟਰੰਪ
Wednesday, Oct 15, 2025 - 03:53 AM (IST)

ਬੀਜਿੰਗ - ਚੀਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ’ਤੇ 100 ਫੀਸਦੀ ਟੈਰਿਫ ਲਾਉਣ ਦੇ ਫੈਸਲੇ ਦਾ ਵਿਰੋਧ ਕੀਤਾ ਹੈ। ਚੀਨੀ ਵਿੱਤ ਮੰਤਰਾਲੇ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੇਕਰ ਅਮਰੀਕਾ ਲੜਨਾ ਚਾਹੁੰਦਾ ਹੈ ਤਾਂ ਅਸੀਂ ਅਖੀਰ ਤੱਕ ਲੜਾਂਗੇ, ਜੇਕਰ ਉਹ ਗੱਲਬਾਤ ਕਰਨਾ ਚਾਹੁੰਦਾ ਹੈ ਤਾਂ ਧਮਕੀਆਂ ਦੇਣਾ ਬੰਦ ਕਰੇ। ਦਰਅਸਲ ਚੀਨ ਨੇ ਕਈ ਦੁਰਲੱਭ ਖਣਿਜਾਂ ਸਬੰਧੀ ਨਵੇਂ ਨਿਯਮ ਜਾਰੀ ਕੀਤੇ ਹਨ। ਇਨ੍ਹਾਂ ਨਿਯਮਾਂ ਦੇ ਤਹਿਤ ਕੋਈ ਵੀ ਕੰਪਨੀ, ਜੋ ਚੀਨ ਤੋਂ ਦੁਰਲੱਭ ਖਣਿਜ ਖਰੀਦਣਾ ਅਤੇ ਵਿਦੇਸ਼ਾਂ ਵਿਚ ਵੇਚਣਾ ਚਾਹੁੰਦੀ ਹੈ, ਉਸ ਨੂੰ ਪਹਿਲਾਂ ਚੀਨੀ ਸਰਕਾਰ ਤੋਂ ਲਾਇਸੈਂਸ ਪ੍ਰਾਪਤ ਕਰਨਾ ਪਵੇਗਾ।
ਟਰੰਪ ਨੇ ਇਸ ਫੈਸਲੇ ਨੂੰ ਦੁਸ਼ਮਣੀ ਵਾਲਾ ਦੱਸਿਆ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਚੀਨ ਆਪਣੇ ਫੈਸਲੇ ਤੋਂ ਪਿੱਛੇ ਨਹੀਂ ਹਟਦਾ ਹੈ ਤਾਂ ਅਮਰੀਕਾ ਨਵੇਂ ਤਿੰਨ ਅੰਕਾਂ ਵਾਲਾ ਟੈਰਿਫ (100 ਫੀਸਦੀ ਤੋਂ ਵੱਧ) ਲਾਵੇਗਾ। ਚੀਨ ਦਾ ਦਾਅਵਾ ਹੈ ਕਿ ਅਮਰੀਕਾ ਨੇ ਪਹਿਲਾਂ ਉਸ ਦੀਆਂ ਕੰਪਨੀਆਂ ’ਤੇ ਕਈ ਪਾਬੰਦੀਆਂ ਲਾਈਆਂ ਸਨ, ਜਿਸ ਕਾਰਨ ਉਸ ਨੂੰ ਜਵਾਬ ਵਿਚ ਇਹ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ।
ਚੀਨੀ ਸਰਕਾਰ ਨੇ ਕਿਹਾ ਕਿ ਅਮਰੀਕਾ ਨੇ ਚੀਨੀ ਜਹਾਜ਼ਾਂ ’ਤੇ ਟੈਰਿਫ ਲਾਉਣ ਦੀ ਯੋਜਨਾ ਬਣਾ ਕੇ ਗੱਲਬਾਤ ਲਈ ਮਾਹੌਲ ਖਰਾਬ ਕਰ ਦਿੱਤਾ ਹੈ। ਇਹ ਮਈ ਮਹੀਨੇ ਵਰਗੀ ਸਥਿਤੀ ਹੈ, ਜਦੋਂ ਟਰੰਪ ਨੇ ਚੀਨੀ ਕੰਪਨੀ ਹੁਆਵੇਈ ’ਤੇ ਪਾਬੰਦੀਆਂ ਲਾਈਆਂ ਸਨ, ਚਿਪ ਸਾਫਟਵੇਅਰ ਨੂੰ ਬਲਾਕ ਕੀਤਾ ਅਤੇ ਚੀਨੀ ਵਿਦਿਆਰਥੀਆਂ ਲਈ ਵੀਜ਼ਾ ਨਾ ਦੇਣ ਦੀ ਧਮਕੀ ਦਿੱਤੀ ਸੀ। ਹਾਲਾਂਕਿ, ਚੀਨ ਨੇ ਇਹ ਵੀ ਕਿਹਾ ਹੈ ਕਿ ਪੂਰੀ ਤਰ੍ਹਾਂ ਪਾਬੰਦੀ ਨਹੀਂ ਲਾਈ ਗਈ ਹੈ ਪਰ ਹੁਣ ਦੁਰਲੱਭ ਖਣਿਜਾਂ ਲਈ ਲਾਇਸੈਂਸ ਦੀ ਲੋੜ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਚੀਨ ਅਮਰੀਕਾ ਵਰਗੇ ਨਿਯਮਾਂ ਨੂੰ ਅਪਣਾ ਰਿਹਾ ਹੈ।