ਚੀਨ : ਸੜਕ ''ਤੇ ਘੁੰਮਦੇ ਲੋਕਾਂ ਨੂੰ ਇੰਝ ਕਰਵਾਈ ਜਾ ਰਹੀ ਹੈ ਕੋਵਿਡ-19 ਦੀ ਪੜ੍ਹਾਈ
Saturday, Feb 29, 2020 - 01:04 PM (IST)
ਬੀਜਿੰਗ (ਬਿਊਰੋ): ਦੁਨੀਆ ਦੇ 50 ਤੋਂ ਵੱਧ ਦੇਸ਼ਾਂ ਵਿਚ ਜਾਨਲੇਵਾ ਕੋਰੋਨਾਵਾਇਰਸ ਫੈਲ ਚੁੱਕਾ ਹੈ। ਸਭ ਤੋਂ ਜ਼ਿਆਦਾ ਪ੍ਰਭਾਵਿਤ ਚੀਨ ਵਿਚ ਇਸ ਮਹਾਮਾਰੀ ਨਾਲ ਨਜਿੱਠਣ ਲਈ ਕਈ ਤਰੀਕੇ ਵਰਤੇ ਜਾ ਰਹੇ ਹਨ। ਇਸ ਦੌਰਾਨ ਵਾਇਰਸ ਨਾਲ ਸਬੰਧਤ ਜਾਣਕਾਰੀਆਂ ਦਾ ਅਧਿਐਨ ਵੀ ਸ਼ਾਮਲ ਹੈ। ਇਸ ਲਈ ਹੁਬੇਈ ਸੂਬੇ ਦੇ ਗਵਾਂਗਡੋਂਗ ਵਿਚ ਕੋਰੋਨਾਵਾਇਰਸ ਰੀ-ਐਜੁਕੇਸ਼ਨ ਕੈਂਪ ਬਣਾਇਆ ਗਿਆ ਹੈ। ਇੱਥੇ ਸੜਕਾਂ 'ਤੇ ਘੁੰਮਦੇ ਮਿਲੇ ਲੋਕਾਂ ਨੂੰ ਹਿਰਾਸਤ ਵਿਚ ਰੱਖ ਕੇ ਕੋਰੋਨਾਵਾਇਰਸ ਨਾਲ ਸਬੰਧਤ ਜਾਣਕਾਰੀਆਂ ਦਾ ਅਧਿਐਨ ਕਰਵਾਇਆ ਜਾਂਦਾ ਹੈ।
ਹੁਆਂਗਸ਼ੀ ਦੇ 17ਵੇਂ ਹਾਈ ਸਕੂਲ ਵਿਚ ਚੱਲ ਰਹੇ ਕੈਂਪ ਵਿਚ ਰਹਿ ਕੇ ਕੋਰੋਨਾਵਾਇਰਸ ਦੇ ਅਧਿਐਨ ਨਾਲ ਜੁੜੀ ਪ੍ਰੀਖਿਆ ਪਾਸ ਕਰਨ ਦੇ ਇਲਾਵਾ ਲੋਕਾਂ ਨੇ ਇਕ ਸਮਝੌਤੇ 'ਤੇ ਵੀ ਦਸਤਖਤ ਕਰਨੇ ਹੁੰਦੇ ਹਨ। ਇਸ ਦੇ ਤਹਿਤ ਉਹ ਬਿਨਾਂ ਸਹੀ ਕਾਰਨਾਂ ਦੇ ਘਰੋਂ ਬਾਹਰ ਨਾ ਨਿਕਲਣ ਲਈ ਵਚਨਬੱਧ ਹੁੰਦੇ ਹਨ।ਹਿਰਾਸਤ ਵਿਚ ਲਏ ਗਏ ਲੋਕਾਂ ਨੂੰ ਕੋਰੋਨਾਵਾਇਰਸ ਦੀ ਜਾਣਕਾਰੀ ਨਾਲ ਸਬੰਧਤ ਪ੍ਰੀਖਿਆ ਪਾਸ ਕਰਨ ਅਤੇ ਸਮਝੌਤੇ 'ਤੇ ਦਸਤਖਤ ਕਰਨ ਦੇ ਬਾਅਦ ਹੀ ਰਿਹਾਅ ਕੀਤਾ ਜਾਂਦਾ ਹੈ। ਲੋਕਾਂ ਨੂੰ ਹਿਹਾਸਤ ਵਿਚ ਲੈਣ ਲਈ ਸਥਾਨਕ ਪ੍ਰਸ਼ਾਸਨ ਨੇ 5 ਗਸ਼ਤੀ ਟੀਮਾਂ ਬਣਾਈਆਂ ਹਨ, ਜੋ ਲੋਕਾਂ ਨੂੰ ਕੈਂਪ ਤੱਕ ਲਿਆਉਂਦੀਆਂ ਹਨ।
ਕੈਂਪ ਨਾਲ ਸਬੰਧਤ ਇਕ ਵੀਡੀਓ ਬੀਤੇ ਸ਼ਨੀਵਾਰ ਤੋਂ ਵਾਇਰਲ ਹੋਇਆ ਹੈ। ਇਸ ਨੂੰ ਹੁਬੇਈ ਸੂਬੇ ਦਾ ਦੱਸਿਆ ਜਾ ਰਿਹਾ ਹੈ। ਇਸ ਵਿਚ ਇਕ ਕਲਾਸਰੂਮ ਹੈ ਜਿਸ ਵਿਚ ਲੋਕ ਕੋਰੋਨਾਵਾਇਰਸ ਨਾਲ ਸਬੰਧਤ ਜਾਣਕਾਰੀਆਂ ਦਾ ਅਧਿਐਨ ਕਰ ਰਹੇ ਹਨ। ਇਹਨਾਂ ਨੂੰ ਸਜ਼ਾ ਦੇ ਤੌਰ 'ਤੇ ਕੋਰੋਨਾਵਾਇਰਸ ਰੀ-ਐਜੁਕੇਸ਼ਨ ਕੈਂਪ ਵਿਚ ਰੱਖਿਆ ਗਿਆ ਹੈ। ਕੈਂਪ ਐਂਟੀ ਸੁਰੱਖਿਆ ਗਾਰਡ ਦੀ ਮੌਜੂਦਗੀ ਵਿਚ ਚੱਲ ਰਿਹਾ ਹੈ। ਇੱਥੇ ਆਦੇਸ਼ਾਂ ਦੀ ਉਲੰਘਣਾ ਕਰਨ ਲਈ ਵੀ ਕਲਾਸਾਂ ਲਗਾਈਆਂ ਜਾ ਰਹੀਆਂ ਹਨ।
ਹੁਬੇਈ ਦੇ ਰਹਿਣ ਵਾਲੇ ਚੇਨ ਉਪਨਾਮ ਦੱਸਣ ਵਾਲੇ ਸ਼ਖਸ ਨੇ ਦੱਸਿਆ,''ਜਦੋਂ ਉਸ ਨੂੰ ਫੜਿਆ ਗਿਆ ਸੀ ਉਦੋਂ ਉਹ ਆਪਣੇ ਪਰਿਵਾਰ ਨੂੰ ਬਾਹਰ ਛੱਡਣ ਜਾ ਰਿਹਾ ਸੀ। ਭਾਵੇਂਕਿ ਇਹ ਚੰਗਾ ਹੈ ਕਿਉਂਕਿ ਅਸੀਂ ਸ਼ਾਇਦ ਹਾਲਾਤ ਦੀ ਗੰਭੀਰਤਾ ਬਿਹਤਰ ਤਰੀਕੇ ਨਾਲ ਸਮਝਾਂਗੇ।'' ਇੱਥੇ ਦੱਸ ਦਈਏ ਕਿ ਦੁਨੀਆ ਭਰ ਵਿਚ ਕੋਰੋਨਾਵਾਇਰਸ ਦੇ ਹੁਣ ਤੱਕ 83,700 ਮਾਮਲੇ ਸਾਹਮਣੇ ਆਏ ਹਨ। ਇਹਨਾਂ ਵਿਚੋਂ 78,824 ਮਾਮਲੇ ਚੀਨ ਦੇ ਹਨ। ਇਕੱਲੇ ਚੀਨ ਵਿਚ ਹੁਣ ਤੱਕ 2,835 ਮੌਤਾਂ ਹੋਈਆਂ ਹਨ।