ਚੀਨ ਨੇ ਤਸਵੀਰਾਂ ਜਾਰੀ ਕਰ ਐਵਰੈਸਟ ਨੂੰ ਦੱਸਿਆ ਆਪਣਾ ਹਿੱਸਾ, ਫਿਰ ਪਲਟਿਆ

05/10/2020 6:21:18 PM

ਬੀਜਿੰਗ (ਬਿਊਰੋ): ਦੁਨੀਆ ਭਰ ਵਿਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਇਸ ਮਹਾਮਾਰੀ ਦੇ ਵਿਚ ਵੀ ਚੀਨ ਆਪਣੀ ਵਿਸਥਾਰਵਾਦੀ ਨੀਤੀ ਤੋਂ ਬਾਜ਼ ਨਹੀਂ ਆ ਰਿਹਾ।ਇਸੇ ਕ੍ਰਮ ਵਿਚ ਚੀਨ ਨੇ ਮਾਊਂਟ ਐਵਰੈਸਟ ਦੀਆਂ ਕੁਝ ਤਸਵੀਰਾਂ ਜਾਰੀ ਕੀਤੀਆਂ। ਇਹਨਾਂ ਤਸਵੀਰਾਂ ਵਿਚ ਉਸ ਨੇ ਐਵਰੈਸਟ ਨੂੰ ਆਪਣੇ ਖੇਤਰ ਦਾ ਹਿੱਸਾ ਦੱਸਿਆ ਹੈ। ਅਸਲ ਵਿਚ ਨਿਊਜ਼ ਏਜੰਸੀ ਏ.ਐੱਨ.ਆਈ. ਦੇ ਮੁਤਾਬਕ ਚੀਨ ਦੇ ਸਰਕਾਰੀ ਟੀਵੀ ਚੈਨਲ ਚਾਈਨਾ ਗਲੋਬਲ ਟੀਵੀ ਨੈੱਟਵਰਕ ਦੀ ਅਧਿਕਾਰਤ ਵੈਬਸਾਈਟ ਨੇ ਐਵਰੈਸਟ ਦੀਆਂ ਕੁਝ ਤਸਵੀਰਾਂ ਜਾਰੀ ਕੀਤੀਆਂ ਹਨ ਅਤੇ ਲਿਖਿਆ,''ਮਾਊਂਟ ਚੋਮੋਲੁੰਗਮਾ 'ਤੇ ਸੂਰਜ ਦੀ ਰੋਸ਼ਨੀ ਦਾ ਸ਼ਾਨਦਾਰ ਨਜ਼ਾਰਾ।ਦੁਨੀਆ ਦੀ ਇਹ ਸਭ ਤੋਂ ਉੱਚੀ ਚੋਟੀ ਚੀਨ ਦੇ ਤਿੱਬਤ ਆਟੋਮੋਨਜ਼ ਖੇਤਰ ਵਿਚ ਸਥਿਤ ਹੈ।'' 

ਹੈਰਾਨੀ ਦੀ ਗੱਲ ਇਹ ਹੈ ਕਿ ਇਸ ਤੋਂ ਤੁਰੰਤ ਪਹਿਲਾਂ ਕੀਤੇ ਗਏ ਇਕ ਟਵੀਟ ਵਿਚ ਇਸ ਨੂੰ ਸਿਰਫ ਚੀਨ ਦਾ ਹਿੱਸਾ ਦੱਸਿਆ ਗਿਆ ਸੀ। ਮਾਊਂਟ ਐਵਰੈਸਟ ਨੂੰ ਚੀਨ ਮਾਊਂਟ ਚੋਮੇਲੁੰਗਮਾ ਕਹਿੰਦਾ ਹੈ। ਚੀਨ ਦੇ ਇਸ ਤਰ੍ਹਾਂ ਦੇ ਟਵੀਟ ਦੇ ਬਾਅਦ ਇਸ 'ਤੇ ਪ੍ਰਤੀਕਿਰਿਆਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਸੋਸ਼ਲ ਮੀਡੀਆ 'ਤੇ ਕੋਈ ਇਸ ਨੂੰ ਚੀਨ ਦਾ ਵਿਸਥਾਰਵਾਦੀ ਰਵੱਈਆ ਦੱਸ ਰਿਹਾ ਹੈ ਤਾਂ ਕੋਈ ਚੀਨ ਦੇ ਇਸ ਕਦਮ ਦੇ ਵਿਰੁੱਧ ਉਸ ਨੂੰ ਸਬਕ ਸਿਖਾਉਣ ਦੀ ਗੱਲ ਕਰ ਰਿਹਾ ਹੈ।

ਇਕ ਤੱਥ ਇਹ ਵੀ ਹੈ ਕਿ ਚੀਨ ਅਤੇ ਨੇਪਾਲ ਦੇ ਵਿਚ 1960 ਵਿਚ ਸੀਮਾ ਵਿਵਾਦ ਦੇ ਹੱਲ ਲਈ ਇਕ ਸਮਝੌਤਾ ਹੋਇਆ ਸੀ ਜਿਸ ਦੇ ਮੁਤਾਬਕ ਦੱਖਣੀ ਹਿੱਸਾ ਨੇਪਾਲ ਕੋਲ ਰਹੇਗਾ ਅਤੇ ਉੱਤਰੀ ਹਿੱਸਾ ਤਿੱਬਤ ਆਟੋਮੋਨਜ਼ ਖੇਤਰ ਦੇ ਕੋਲ ਰਹੇਗਾ। ਇਸ ਟਵੀਟ ਦੇ ਬਾਰੇ ਵਿਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਚਾਈਨੀਜ਼ ਸਟੱਡੀਜ਼ ਦੇ ਪ੍ਰੋਫੈਸਰ ਸ਼੍ਰੀਕਾਂਤ ਕੋਂਡਾਪੱਲੀ ਨੇ ਨਿਊਜ਼ ਏਜੰਸੀ ਏ.ਐੱਨ.ਆਈ. ਨੂੰ ਕਿਹਾ ਕਿ ਚੀਨ ਹਮੇਸ਼ਾ ਤੋਂ ਹੀ ਤਿੱਬਤ ਅਤੇ ਐਵਰੈਸਟ 'ਤੇ ਆਪਣੀ ਸਥਿਤੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਐਵਰੈਸਟ ਬਹੁਤ ਦੁਰਲੱਭ ਹੈ ਅਤੇ ਚੀਨ ਵੱਲੋ ਇਸ ਦੀ ਵਰਤੋਂ ਬਹੁਤ ਘੱਟ ਹੁੰਦੀ ਹੈ। ਇੱਥੋਂ ਪਰਬਤਾਰੋਹੀ ਚੜ੍ਹਾਈ ਨਹੀਂ ਕਰਦੇ ਹਨ। 

ਕੋਂਡਾਪੱਲੀ ਨੇ ਇਹ ਵੀ ਦੱਸਿਆ ਕਿ ਚੀਨ ਨੇ ਐਵਰੈਸਟ 'ਤੇ ਆਪਣੇ ਵੱਲ 5-ਜੀ ਨੈੱਟਵਰਕ ਲਗਾਇਆ ਹੈ। ਇਸ ਨੂੰ ਸਮੁੰਦਰ ਦੀ ਸਤਹਿ ਤੋ 8000 ਮੀਟਰ ਦੀ ਉੱਚਾਈ 'ਤੇ ਸਥਾਪਿਤ ਕੀਤਾ ਗਿਆ ਸੀ। ਇਹ ਇਕ ਵਿਵਾਦਮਈ ਕਦਮ ਹੈ ਕਿਉਂਕਿ ਇਸ ਨਾਲ ਪੂਰਾ ਹਿਮਾਲਿਆ ਉਸ ਦੀ ਜਦ ਵਿਚ ਆ ਸਕਦਾ ਹੈ। ਚੀਨ ਇਸ ਦੇ ਜ਼ਰੀਏ ਭਾਰਤ, ਬੰਗਲਾਦੇਸ਼ ਅਤੇ ਮਿਆਂਮਾਰ 'ਤੇ ਨਜ਼ਰ ਰੱਖ ਸਕਦਾ ਹੈ।ਐਵਰੈਸਟ 'ਤੇ ਜ਼ਿਆਦਾਤਰ ਗਤੀਵਿਧੀਆਂ ਨੇਪਾਲ ਵੱਲੋਂ ਹੁੰਦੀਆਂ ਹਨ। ਹੁਣ ਹੌਲੀ-ਹੌਲੀ ਚੀਨ ਵੀ ਤਕਨੀਕ ਦੀ ਮਦਦ ਨਾਲ ਤਿੱਬਤ ਵੱਲ ਸਥਿਤ ਐਵਰੈਸਟ ਦੇ ਹਿੱਸੇ ਦਾ ਵਿਕਾਸ ਕਰ ਰਿਹਾ ਹੈ।

ਇਸ ਟਵੀਟ ਦੇ ਬਾਅਦ ਯੂਜ਼ਰਸ ਪ੍ਰਤੀਕਿਰਿਆ ਦੇ ਰਹੇ ਹਨ। ਚੀਨ ਵੱਲੋਂ ਕੀਤੇ ਗਏ ਉਸ ਟਵੀਟ ਦਾ ਵੀ ਸ੍ਰਕੀਨਸ਼ਾਟ ਸ਼ੇਅਰ ਹੋਣ ਲੱਗਾ ਜਿਸ ਵਿਚ ਮਾਊਂਟ ਐਵਰੈਸਟ ਨੂੰ ਸਿਰਫ ਚੀਨ ਦਾ ਹਿੱਸਾ ਦੱਸਿਆ ਗਿਆ ਸੀ। ਥੋੜ੍ਹੀ ਦੇਰ ਬਾਅਦ ਉਸ ਟਵੀਟ ਨੂੰ ਬਦਲ ਦਿੱਤਾ ਗਿਆ ਅਤੇ ਉਸ ਵਿਚ ਨੇਪਾਲ ਵੀ ਜੋੜਿਆ ਗਿਆ। ਸ਼ੇਰਪਾ ਨਾਮ ਦੇ ਯੂਜ਼ਰ ਨੇ ਲਿਖਿਆ ਕਿ ਟਵੀਟ ਐਡਿਟ ਕਰਨ ਲਈ ਸ਼ੁਕਰੀਆ। ਇਸ ਤੋਂ ਪਹਿਲਾਂ ਵਾਲੇ ਟਵੀਟ ਵਿਚ ਚੀਨ ਨੇ ਨੇਪਾਲ ਦਾ ਜ਼ਿਕਰ ਤੱਕ ਨਹੀਂ ਕੀਤਾ ਸੀ।


Vandana

Content Editor

Related News