ਪਾਕਿ ਦੇ ਗਵਾਦਰ ''ਚ ਚੀਨ ਬਣਾ ਰਿਹੈ ਮਿਲਟਰੀ ਬੇਸ, ਬਲੋਚਿਸਤਾਨ ਦੇ ਲੋਕਾਂ ''ਚ ਨਾਰਾਜ਼ਗੀ
Thursday, Dec 24, 2020 - 04:26 PM (IST)
ਬੀਜਿੰਗ/ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਗਵਾਦਰ ਬੰਦਰਗਾਹ 'ਤੇ ਚੀਨ ਦੀ ਇਕ ਵੱਡੀ ਸਾਜਿਸ਼ ਦਾ ਖੁਲਾਸਾ ਹੋਇਆ ਹੈ। ਚੀਨ ਗਵਾਦਰ ਵਿਚ ਮਿਲਟਰੀ ਬੇਸ ਦੇ ਨਾਲ-ਨਾਲ 10 ਫੁੱਟ ਉੱਚੀ ਕੰਧ ਵੀ ਬਣਾਉਣ ਵਿਚ ਜੁਟਿਆ ਹੋਇਆ ਹੈ। ਕਰੀਬ 30 ਕਿਲੋਮੀਟਰ ਲੰਬੀ ਇਸ ਫੈਂਸਿੰਗ ਨਾਲ ਬਲੋਚਿਸਤਾਨ ਦੇ ਲੋਕ ਪਾਕਿਸਤਾਨ ਅਤੇ ਚੀਨ ਤੋਂ ਕਾਫੀ ਨਾਰਾਜ਼ ਹਨ। ਸੀ.ਪੀ.ਈ.ਸੀ. ਪ੍ਰਾਜੈਕਟ ਦੇ ਤਹਿਤ ਬਣ ਰਹੀ ਫੈਂਸਿੰਗ 'ਤੇ ਕਰੀਬ 500 ਹਾਈ ਡੇਫੀਨੇਸ਼ਨ ਕੈਮਰੇ ਵੀ ਲਗਾਏ ਜਾ ਰਹੇ ਹਨ।
ਸੀ.ਪੀ.ਈ..ਸੀ. ਪ੍ਰਾਜੈਕਟ ਦੇ ਤਹਿਤ ਗਵਾਦਰ ਵਿਚ ਬਣ ਰਹੀ ਫੈਂਸਿੰਗ ਨਾਲ ਪਾਕਿਸਤਾਨ ਅਤੇ ਚੀਨੀ ਸੈਨਾ ਇੱਥੇ ਆਉਣ ਵਾਲਿਆਂ 'ਤੇ ਸਖਤ ਨਜ਼ਰ ਰੱਖਣਾ ਚਾਹੁੰਦੀ ਹੈ, ਜਿਸ ਨਾਲ ਮੀਡੀਆ ਜਾਂ ਮਨੁੱਖੀ ਅਧਿਕਾਰ ਕਾਰਕੁਨਾਂ ਨੂੰ ਆਉਣ ਤੋਂ ਰੋਕਿਆ ਜਾ ਸਕੇ ਅਤੇ ਬਲੋਚਿਸਤਾਨ ਦੇ ਲੋਕਾਂ ਦੇ ਵਿਰੋਧ ਨੂੰ ਦਬਾਇਆ ਜਾ ਸਕੇ। ਸੀ.ਪੀ.ਈ.ਸੀ. ਅਥਾਰਿਟੀ ਨੇ ਸੀ.ਪੀ.ਈ.ਸੀ. ਅਤੇ ਗਵਾਦਰ ਵਿਚ ਸਪੈਸ਼ਲ ਸਿਕਓਰਿਟੀ ਡਿਵੀਜ਼ਨ ਦੇ 15,000 ਸੈਨਿਕਾਂ ਨੂੰ ਤਾਇਨਾਤ ਕੀਤਾ ਹੈ, ਜਿਸ ਵਿਚ ਪਾਕਿਸਤਾਨੀ ਸੈਨਾ ਦੇ 9000 ਜਵਾਨ ਹਨ ਅਤੇ 6000 ਚੀਨੀ ਸੈਨਿਕ ਹਨ। ਇਹਨਾਂ ਦਾ ਉਦੇਸ਼ ਪ੍ਰਾਜੈਕਟ ਦੇ ਨਾਲ-ਨਾਲ ਚੀਨੀ ਇੰਜੀਨੀਅਰਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਹੈ। ਚੀਨ ਗਵਾਦਰ ਵਿਚ ਮਿਲਟਰੀ ਬੇਸ ਬਣਾ ਕੇ ਵੱਡੀ ਗਿਣਤੀ ਵਿਚ ਪੀ.ਐੱਲ.ਏ. ਸੈਨਿਕਾਂ ਦੀ ਤਾਇਨਾਤੀ ਕਰਨਾ ਚਾਹੁੰਦਾ ਹੈ। ਗਵਾਦਰ ਹਵਾਈ ਅੱਡੇ ਦੀ ਵਰਤੋਂ ਚੀਨ ਆਪਣੇ ਫਾਈਟਰ ਜੈੱਟਸ ਦੀ ਤਾਇਨਾਤੀ ਲਈ ਕਰਨਾ ਚਾਹੁੰਦਾ ਹੈ।
ਇੱਥੇ ਦੱਸ ਦਈਏ ਕਿ ਗਵਾਦਰ ਬੰਦਰਗਾਹ ਅਰਬ ਸਾਗਰ ਦੇ ਕਿਨਾਰੇ ਬਣੀ ਹੈ। ਇਹ ਪਾਕਿਸਤਾਨ ਦੇ ਬਲੋਚਿਸਤਾਨ ਵਿਚ ਹੈ। ਇੱਥੇ ਵੱਡੇ ਪੱਧਰ 'ਤੇ ਵੱਖਵਾਦੀ ਅੰਦੋਲਨ ਚੱਲ ਰਿਹਾ ਹੈ। ਸਾਲ ਭਰ ਵਿਚ ਗਵਾਦਰ ਬੰਦਰਗਾਹ ਨੂੰ ਚੀਨ ਨਾਲ ਜੋੜਨ ਵਾਲੇ ਸੀ.ਪੀ.ਈ.ਸੀ. ਪ੍ਰਾਜੈਕਟ ਮਤਲਬ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ 'ਤੇ 6 ਤੋਂ ਵੱਡੇ ਹਮਲੇ ਹੋ ਚੁੱਕੇ ਹਨ। ਇਹਨਾਂ ਹਮਲਿਆਂ ਵਿਚ ਕਈ ਪਾਕਿਸਤਾਨੀ ਸੁਰੱਖਿਆ ਕਰਮੀਆਂ ਦੀ ਜਾਨ ਜਾ ਚੁੱਕੀ ਹੈ। ਬਲੋਸਿਤਾਨ ਦੇ ਲੋਕ ਇਸ ਇਲਾਕੇ ਵਿਚ ਚੀਨ ਦੀ ਸਰਗਰਮੀ ਨਾਲ ਗੁੱਸੇ ਵਿਚ ਹਨ।ਗਵਾਦਰ ਬੰਦਰਗਾਹ ਰਣਨੀਤਕ ਤੌਰ 'ਤੇ ਬਹੁਤ ਮਹੱਤਵਪੂਰਨ ਹੈ, ਜਿਸ ਜਗ੍ਹਾ 'ਤੇ ਇਹ ਸਥਿਤ ਹੈ ਉੱਥੋਂ ਹੋ ਕੇ ਦੁਨੀਆ ਦਾ 35 ਫੀਸਦੀ ਕੱਚਾ ਤੇਲ ਲੰਘਦਾ ਹੈ। ਹੁਣ ਚੀਨ ਗਵਾਦਰ ਬੰਦਰਗਾਹ ਦੇ ਜ਼ਰੀਏ ਸੀ.ਪੀ.ਈ.ਸੀ. ਹੁੰਦੇ ਹਏ ਕੱਚੇ ਤੇਲ ਦਾ ਆਯਾਤ ਕਰਨ ਦੀ ਤਿਆਰੀ ਵਿਚ ਹੈ। ਇਸ ਨਾਲ ਉਸ ਦੇ ਤੇਲ ਟੈਂਕਰਾਂ ਨੂੰ ਹਿੰਦ ਮਹਾਸਾਗਰ ਵਿਚੋਂ ਲੰਘਣਾ ਨਹੀਂ ਪੈਂਦਾ। ਚੀਨ ਨੇ ਪਾਕਿਸਤਾਨ ਦੇ ਗਵਾਦਰ ਬੰਦਰਗਾਹ 'ਤੇ ਇਸੇ ਕਾਰਨ ਅਰਬਾਂ ਡਾਲਰ ਦਾ ਨਿਵੇਸ਼ ਕੀਤਾ ਹੈ।
ਬਹੁਤ ਸਾਰੇ ਵਿਦਵਾਨਾਂ ਨੇ ਸੀ.ਪੀ.ਈ.ਸੀ. ਪ੍ਰਾਜੈਕਟਾਂ ਪਿੱਛੇ ਫੌਜੀ ਇਰਾਦਿਆਂ ਨੂੰ ਉਜਾਗਰ ਕੀਤਾ ਹੈ। ਫ੍ਰਾਂਸੈਸਕਾ ਨੇ ਚਾਨਣਾ ਪਾਇਆ ਹੈ ਕਿ ਸੀ.ਪੀ.ਈ.ਸੀ. ਅਸਲ ਵਿਚ ਆਰਥਿਕ ਪਹਿਲੂ ਦੀ ਆੜ ਵਿਚ ਇਕ ਸੈਨਿਕ ਪ੍ਰਾਜੈਕਟ ਹੈ। ਮਾਰੀਨੋ ਨੇ ਇਹ ਵੀ ਦੱਸਿਆ ਕਿ ਖੇਤਰ ਵਿਚ ਜ਼ਮੀਨ 'ਤੇ ਕਬਜ਼ੇ ਸਥਾਨਕ ਲੋਕਾਂ ਦੀ ਸਹਿਮਤੀ ਅਤੇ ਉਨ੍ਹਾਂ ਨੂੰ ਸਹੀ ਮੁਆਵਜ਼ੇ ਦੇ ਬਗੈਰ ਦਿੱਤੇ ਗਏ ਹਨ।ਫੈਂਸਿਗ ਪ੍ਰਾਜੈਕਟ ਦਾ ਵੀ ਪਾਕਿਸਤਾਨੀ ਬੁੱਧੀਜੀਵੀਆਂ ਅਤੇ ਅਕਾਦਮਿਕਤਾ ਦੁਆਰਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ। ਪਾਕਿਸਤਾਨੀ ਵਿਦਵਾਨ ਮੁਹੰਮਦ ਅਮੀਰ ਰਾਣਾ ਨੇ ਦਲੀਲ ਦਿੱਤੀ ਹੈ ਕਿ ਕੰਡਿਆਲੀ ਤਾਰ ਨੂੰ ਸਰਹੱਦ ਪਾਰੋਂ ਸੁਰੱਖਿਆ ਖਤਰੇ ਅਤੇ ਕਮਜ਼ੋਰੀਆਂ ਨਾਲ ਨਜਿੱਠਣ ਲਈ ਆਖਰੀ ਕੋਸ਼ਿਸ਼ਾਂ ਵਿਚੋਂ ਇਕ ਮੰਨਿਆ ਜਾਂਦਾ ਹੈ।