ਚੀਨ-ਜਾਪਾਨ ਵਿਚਕਾਰ 8 ਸਾਲ ਬਾਅਦ ਆਰਥਿਕ ਮੁੱਦੇ ''ਤੇ ਗੱਲਬਾਤ
Monday, Apr 16, 2018 - 11:48 AM (IST)

ਟੋਕਿਓ (ਭਾਸ਼ਾ)— ਚੀਨ-ਜਾਪਾਨ ਵਿਚਕਾਰ ਕਰੀਬ 8 ਸਾਲ ਬਾਅਦ ਉੱਚ ਪੱਧਰੀ ਆਰਥਿਕ ਗੱਲਬਾਤ ਹੋਈ। ਇਹ ਗੱਲਬਾਤ ਦੋਹਾਂ ਦੇਸ਼ਾਂ ਵਿਚਕਾਰ ਰਿਸ਼ਤਿਆਂ ਵਿਚ ਸੁਧਾਰ ਦੇ ਸੰਕੇਤ ਹਨ। ਜਾਪਾਨ-ਚੀਨ ਉੱਚ ਪੱਧਰੀ ਆਰਥਿਕ ਗੱਲਬਾਤ ਟੋਕਿਓ ਵਿਚ ਸੋਮਵਾਰ ਨੂੰ ਹੋਈ। ਅਗਸਤ 2010 ਦੇ ਬਾਅਦ ਇਹ ਅਜਿਹੀ ਪਹਿਲੀ ਗੱਲਬਾਤ ਹੈ। ਚੀਨ ਵੱਲੋਂ ਵਿਦੇਸ਼ ਮੰਤਰੀ ਵਾਂਗ ਯੀ ਨੇ ਇਸ ਬੈਠਕ ਦੀ ਅਗਵਾਈ ਕੀਤੀ। ਸਾਲ 2009 ਦੇ ਬਾਅਦ ਕਿਸੇ ਚੀਨੀ ਵਿਦੇਸ਼ ਮੰਤਰੀ ਦੀ ਇਹ ਪਹਿਲੀ ਜਾਪਾਨ ਯਾਤਰਾ ਵੀ ਹੈ। ਫਿਲਹਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਦਮਾਂ ਦੇ ਬਾਵਜੂਦ ਏਸ਼ੀਆ ਦੀਆਂ ਇਨ੍ਹਾਂ ਦੋ ਵੱਡੀਆਂ ਆਰਥਿਕ ਸ਼ਕਤੀਆਂ ਕੋਲ ਆਪਸੀ ਸਹਿਯੋਗ ਦਾ ਇਕ ਕਾਰਨ ਹੈ। ਦੋਹਾਂ ਦੇਸ਼ਾਂ ਨੇ ਆਯਾਤ 'ਤੇ ਕਸਟਮ ਡਿਊਟੀ ਲਗਾਉਣ ਅਤੇ ਅਮਰੀਕੀ ਆਯਾਤਾਂ ਲਈ ਆਪਣੇ-ਆਪਣੇ ਦੇਸ਼ ਵਿਚ ਹੋਰ ਜ਼ਿਆਦਾ ਬਾਜ਼ਾਰ ਖੋਲਣ ਦੀ ਮੰਗ ਬਾਰੇ ਗੱਲਬਾਤ ਕੀਤੀ। ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਇਸ ਹਫਤੇ ਟਰੰਪ ਨਾਲ ਮੁਲਾਕਾਤ ਲਈ ਅਮਰੀਕਾ ਜਾਣ ਵਾਲੇ ਹਨ।