ਚੀਨ ਦੇ ਵਧਦੇ ਹਮਲਾਵਰਪੁਣੇ ਨੂੰ ਦੇਖ ਕੇ ਅਮਰੀਕੀ ਸਰਗਰਮੀ ’ਚ ਵਾਧਾ

Saturday, Aug 21, 2021 - 10:58 AM (IST)

ਵਾਸ਼ਿੰਗਟਨ: ਹਾਲ ਹੀ ’ਚ ਅਮਰੀਕੀ ਵਿਦੇਸ਼ ਮੰਤਰੀ ਐਂਟੋਨੀ ਬਲਿੰਕੇਨ ਨੇ ਭਾਰਤ ਦੀ ਯਾਤਰਾ ਕੀਤੀ ਅਤੇ ਆਪਣੀ ਯਾਤਰਾ ਦੌਰਾਨ ਉਨ੍ਹਾਂ ਨੇ ਇਕ ਤੀਰ ਨਾਲ ਕਈ ਸ਼ਿਕਾਰ ਕੀਤੇ, ਪਹਿਲਾ ਸ਼ਿਕਾਰ ਚੀਨ ਸੀ, ਜਿਸ ਲਈ ਐਂਟੋਨੀ ਬਲਿੰਕੇਨ ਨੇ ਇਕ ਦੇ ਬਾਅਦ ਇਕ ਤੀਰ ਆਪਣੇ ਤਰਕਸ਼ ’ਚੋਂ ਕੱਢੇ। ਪਹਿਲਾ ਤੀਰ ਬਲਿੰਕੇਨ ਨੇ ਭਾਰਤ ਦੀ ਯਾਤਰਾ ਕਰ ਕੇ ਚੀਨ ਨੂੰ ਇਹ ਦਿਖਾ ਦਿੱਤਾ ਕਿ ਅਮਰੀਕਾ ਦਾ ਖੁੱਲ੍ਹਾ ਸਮਰਥਨ ਕਿਸ ਦੇਸ਼ ਨੂੰ ਹੈ, ਬਲਿੰਕੇਨ ਨੇ ਦੂਸਰਾ ਤੀਰ ਕੱਢਦੇ ਹੋਏ ਬੋਧੀ ਦਾਰਸ਼ਨਿਕ ਅਤੇ ਤਿੱਬਤੀ ਧਰਮ ਗੁਰੂ ਦਲਾਈਲਾਮਾ ਦੇ ਪ੍ਰਤੀਨਿਧੀ ਧਿੰਗੋਡੁਪ ਤੁੰਗਚੁੰਗ ਨਾਲ ਮੁਲਾਕਾਤ ਕੀਤੀ, ਜੋ ਭਾਰਤ ਦੇ ਧਰਮਸ਼ਾਲਾ ਸ਼ਹਿਰ ’ਚ ਕੇਂਦਰੀ ਤਿੱਬਤੀ ਪ੍ਰਸ਼ਾਸਨ ਦੇ ਰੂਪ ’ਚ ਕੰਮ ਕਰਦੇ ਹਨ। ਇਨ੍ਹਾਂ ਨੂੰ ਜਲਾਵਤਨ ਤਿੱਬਤ ਸਰਕਾਰ ਮੰਨਿਆ ਜਾਂਦਾ ਹੈ, ਇਨ੍ਹਾਂ ਨਾਲ ਮੁਲਾਕਾਤ ਕੀਤੀ ਜਿਸ ਤੋਂ ਚੀਨ ਇੰਨਾ ਭੜਕਿਆ ਕਿ ਉਸ ਨੇ ਆਪਣੇ ਸਰਕਾਰੀ ਮੀਡੀਆ ਰਾਹੀਂ ਅਮਰੀਕਾ ਨੂੰ ਧਮਕੀ ਤੱਕ ਦੇ ਦਿੱਤੀ। ਗਲੋਬਲ ਟਾਈਮਜ਼ ਨੇ ਲੱਗੇ ਹੱਥ ਭਾਰਤ ਨੂੰ ਵੀ ਧਮਕੀ ਦਿੱਤੀ ਹੈ। ਅਖਬਾਰ ਲਿਖਦਾ ਹੈ ਕਿ ਬਲਿੰਕੇਨ ਦੀ ਭਾਰਤ ਯਾਤਰਾ ਨੇ ਅਮਰੀਕਾ ਦਾ ਦੋ-ਮੂੰਹਾਂ ਚਿਹਰਾ ਦੁਨੀਆ ਦੇ ਸਾਹਮਣੇ ਰੱਖ ਦਿੱਤਾ ਹੈ।

ਅਖਬਾਰ ਅੱਗੇ ਲਿਖਦਾ ਹੈ ਕਿ ਅਜੇ ਦੋ ਦਿਨ ਪਹਿਲਾਂ ਹੀ ਅਮਰੀਕੀ ਉਪ ਵਿਦੇਸ਼ ਮੰਤਰੀ ਵਿੰਡੀ ਸ਼ੇਰਮਨ ਨੇ ਉੱਤਰੀ ਚੀਨ ਦੇ ਤਿਆਂਗਜਿਨ ਸ਼ਹਿਰ ’ਚ ਚੀਨੀ ਵਫਦ ਨਾਲ ਮੁਲਾਕਾਤ ਕਰ ਕੇ ਇਹ ਗੱਲ ਕਹੀ ਸੀ ਕਿ ਦੋਵਾਂ ਦੇਸ਼ਾਂ ’ਚ ਗੱਲਬਾਤ ਦੇ ਬੂਹੇ ਖੁੱਲ੍ਹੇ ਰਹਿਣੇ ਚਾਹੀਦੇ ਹਨ। ਇਸ ਦੇ ਇਲਾਵਾ ਬਲਿੰਕੇਨ ਨੇ ਭਾਰਤ ’ਚ ਤਿੱਬਤ ਹਾਊਸ ਦੇ ਨਿਰਦੇਸ਼ਕ ਦੋਰਜੀ ਦਾਮਦੁਲ ਨਾਲ ਵੀ ਮੁਲਾਕਾਤ ਕੀਤੀ। ਦਾਮਦੁਲ ਪਹਿਲਾਂ ਦਲਾਈਲਾਮਾ ਦੇ ਅਨੁਵਾਦਕ ਸਨ। ਬਲਿੰਕੇਨ ਦੀਆਂ ਇਨ੍ਹਾਂ ਮੁਲਾਕਾਤਾਂ ਨਾਲ ਚੀਨ ਚਾਰੋਂ ਖਾਨੇ ਚਿੱਤ ਹੋ ਗਿਆ ਹੈ। ਹਾਲਾਂਕਿ ਅਮਰੀਕਾ ਨੇ ਚੀਨ ਦਾ ਇਸ ਤੋਂ ਪਹਿਲਾਂ ਵੀ ਅਜਿਹਾ ਹਾਲ ਕੀਤਾ ਹੈ। ਗੱਲ ਸਾਲ 2016 ਦੀ ਹੈ ਜਦੋਂ ਤੱਤਕਾਲੀਨ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਾਲ 2016 ’ਚ ਦਲਾਈਲਾਮਾ ਨਾਲ ਮੁਲਾਕਾਤ ਕੀਤੀ ਸੀ।

ਉਸ ਸਮੇਂ ਵੀ ਦੁਨੀਆ ਨੇ ਚੀਨ ਨੂੰ ਭੜਕਦੇ ਹੋਏ ਵੇਖਿਆ ਸੀ। ਭਾਰਤ ’ਚ ਅਮਰੀਕੀ ਪ੍ਰਤੀਨਿਧੀ ਦੀ ਮੁਲਾਕਾਤ ਤਿੱਬਤੀ ਬੋਧੀ ਪ੍ਰਤੀਨਿਧੀਆਂ ਨਾਲ ਹੋਣੀ ਇਕ ਸਿੱਧਾ ਸੰਦੇਸ਼ ਚੀਨ ਨੂੰ ਜਾਂਦਾ ਹੈ ਕਿ ਚੀਨ ਨੇ ਤਿੱਬਤ ’ਤੇ ਆਪਣਾ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ ਅਤੇ ਭਾਰਤ ਤੋਂ ਤਿੱਬਤ ਆਪਣੀ ਜਲਾਵਤਨ ਸਰਕਾਰ ਚਲਾ ਰਿਹਾ ਹੈ। ਉਸ ਨੂੰ ਅਮਰੀਕਾ ਇਕ ਤਰ੍ਹਾਂ ਦੀ ਮਾਨਤਾ ਦਿੰਦਾ ਹੈ ਕਿ ਚੀਨ ਦੀ ਤਾਨਾਸ਼ਾਹੀ ਨੀਤੀ ਦੇ ਕਾਰਨ ਇਕ ਦੇਸ਼ ਦੀ ਹੋਂਦ ਚੀਨ ਖਤਮ ਕਰਨ ’ਤੇ ਤੁਲਿਆ ਹੋਇਆ ਹੈ ਜਿਸ ਨੂੰ ਅਮਰੀਕਾ ਸਹਿਣ ਨਹੀਂ ਕਰੇਗਾ। ਇਸ ’ਤੇ ਚੀਨ ਦੀ ਤਿੱਖੀ ਪ੍ਰਤੀਕਿਰਿਆ ਆਉਣੀ ਸੁਭਾਵਿਕ ਸੀ।ਗਲੋਬਲ ਟਾਈਮਜ਼ ਲਿਖਦਾ ਹੈ ਕਿ ਇਸ ਨਾਲ ਇਹ ਗੱਲ ਇਕਦਮ ਸਾਫ ਹੈ ਕਿ ਅਮਰੀਕਾ ਭਾਰਤ ਦੀ ਵਰਤੋਂ ਚੀਨ ਦੇ ਰਾਹ ’ਚ ਰੁਕਾਵਟ ਪਾਉਣ ਲਈ ਕਰ ਰਿਹਾ ਹੈ। ਬਲਿੰਕੇਨ ਨੇ ਆਪਣੀ ਯਾਤਰਾ ਦੌਰਾਨ ਕਿਹਾ ਕਿ ਅਮਰੀਕਾ ਅਤੇ ਭਾਰਤ ਲੋਕਤੰਤਰਿਕ ਕਦਰਾਂ-ਕੀਮਤਾਂ ਨੂੰ ਸਾਂਝਾ ਕਰਦੇੇ ਹਨ। ਤਿੱਬਤ ਦੀ ਜਲਾਵਤਨ ਸਰਕਾਰ ਵੀ ਲੋਕਤੰਤਰਿਕ ਕਦਰਾਂ-ਕੀਮਤਾਂ ਨੂੰ ਲੈ ਕੇ ਚੱਲ ਰਹੀ ਹੈ ਅਤੇ ਇਹੀ ਕਾਰਨ ਹੈ ਕਿ ਅਮਰੀਕਾ ਅਤੇ ਤਿੱਬਤ ’ਚ ਗੱਲਬਾਤ ਹੋਣੀ ਚਾਹੀਦੀ ਹੈ।
ਇਸ ਯਾਤਰਾ ਦੌਰਾਨ ਬਲਿੰਕੇਨ ਨੇ ਇੰਡੋਨੇਸ਼ੀਆਈ ਵਿਦੇਸ਼ ਮੰਤਰੀ ਰੇਤਨੋ ਮਰਸੂਦੀ ਦੇ ਨਾਲ ਰਣਨੀਤਕ ਗੱਲਬਾਤ ਵੀ ਕੀਤੀ। ਜ਼ਾਹਿਰ ਹੈ ਕਿ ਇਹ ਯਾਤਰਾ ਚੀਨ ਨੂੰ ਧਿਆਨ ’ਚ ਰੱਖ ਕੇ ਕੀਤੀ ਗਈ ਹੈ ਕਿਉਂਕਿ ਹਿੰਦ-ਪ੍ਰਸ਼ਾਂਤ ਖੇਤਰ ’ਚ ਅਮਰੀਕਾ ਆਪਣੀ ਮੌਜੂਦਗੀ ਵਧਾਉਣੀ ਚਾਹੁੰਦਾ ਹੈ, ਜਿਸ ਨਾਲ ਇਸ ਖੇਤਰ ’ਚ ਚੀਨ ਦੀਆਂ ਹਮਲਾਵਰ ਸਰਗਰਮੀਆਂ ’ਤੇ ਲਗਾਮ ਲਗਾਈ ਜਾ ਸਕੇ।

ਬਲਿੰਕੇਨ ਦੇ ਇੰਡੋਨੇਸ਼ੀਆ ਦੇ ਦੌਰੇ ’ਤੇ ਦੋਵਾਂ ਦੇਸ਼ਾਂ ’ਚ ਇਸ ਗੱਲ ’ਤੇ ਸਹਿਮਤੀ ਬਣੀ ਕਿ ਰੱਖਿਆ ਅਤੇ ਮੁਕਤ ਜਹਾਜ਼ਰਾਨੀ ਦੇ ਖੇਤਰ ’ਚ ਦੋਵੇਂ ਦੇਸ਼ ਰਲ ਕੇ ਕੰਮ ਕਰਨਗੇ। ਇੰਡੋਨੇਸ਼ੀਆ ਦਾ ਅਮਰੀਕਾ ਦੇ ਨਾਲ ਰਣਨੀਤਕ ਸਮਝੌਤਾ ਸਾਲ 2015 ’ਚ ਹੀ ਹੋ ਗਿਆ ਸੀ। ਇਹ ਸਮਝੌਤਾ ਦੱਖਣੀ ਚੀਨ ਸਾਗਰ ਅਤੇ ਹਿੰਦ-ਪ੍ਰਸ਼ਾਂਤ ਖੇਤਰ ’ਚ ਚੀਨ ਦੇ ਵਧਦੇ ਗਲਬੇ ’ਤੇ ਲਗਾਮ ਲਗਾਉਣ ਲਈ ਕੀਤਾ ਗਿਆ ਸੀ। ਇਸ ਦੇ ਇਲਾਵਾ ਦੋਵਾਂ ਦੇਸ਼ਾਂ ’ਚ ਕੋਰੋਨਾ ਮਹਾਮਾਰੀ ਵਿਰੁੱਧ ਰਲ ਕੇ ਕਦਮ ਚੁੱਕਣ, ਆਪਸੀ ਆਰਥਿਕ ਸਹਿਯੋਗ ਵਧਾਉਣ ਅਤੇ ਵਾਤਾਵਰਣ ਤਬਦੀਲੀ ਨਾਲ ਧਰਤੀ ਨੂੰ ਹੋ ਰਹੇ ਨੁਕਸਾਨ ਦੇ ਵਿਰੁੱਧ ਰਲ ਕੇ ਕੰਮ ਕਰਨ ’ਤੇ ਵੀ ਸਹਿਮਤੀ ਬਣੀ।

ਬਲਿੰਕੇਨ ਨੇ ਲੋਕਤੰਤਰਿਕ ਕਦਰਾਂ-ਕੀਮਤਾਂ ਦੇ ਬਾਰੇ ’ਚ ਕਿਹਾ ਕਿ 10 ਮੈਂਬਰੀ ਆਸਿਆਨ ਦੇਸ਼ਾਂ ’ਚ ਸਭ ਤੋਂ ਵੱਡਾ ਦੇਸ਼ ਹੋਣ ਦੇ ਕਾਰਨ ਇੰਡੋਨੇਸ਼ੀਆ ਇਸ ਮੰਚ ’ਤੇ ਆਪਣੀ ਆਵਾਜ਼ ਨੂੰ ਬੜਬੋਲੇ ਢੰਗ ਨਾਲ ਰੱਖਦਾ ਹੈ, ਇਹ ਸ਼ਲਾਘਾਯੋਗ ਹੈ। ਇਸ ਖਾਸ ਮੌਕੇ ’ਤੇ ਇੰਡੋਨੇਸ਼ੀਆਈ ਰੱਖਿਆ ਮੰਤਰੀ ਮਰਸੂਦੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਸਬੰਧ ਹਿੰਦ-ਪ੍ਰਸ਼ਾਂਤ ਖੇਤਰ ’ਚ ਅਮਰੀਕ ਦੀਆਂ ਸਰਗਰਮੀਆਂ ਲਈ ਬਿਹਤਰ ਰਹਿਣਗੇ। ਦੱਖਣੀ ਚੀਨ ਸਾਗਰ ’ਚ ਜਹਾਜ਼ਰਾਨੀ ਅਤੇ ਸਾਈਬਰ ਸੁਰੱਖਿਆ ’ਚ ਵੀ ਦੋਵਾਂ ਦੇਸ਼ਾਂ ਨੇ ਆਪਸੀ ਸਹਿਯੋਗ ’ਤੇ ਗੱਲ ਕੀਤੀ। ਇੰਡੋਨੇਸ਼ੀਆ ਨੂੰ ਇਨ੍ਹਾਂ ਦੋਵਾਂ ਖੇਤਰਾਂ ’ਚ ਚੀਨ ਤੋਂ ਜ਼ਿਆਦਾ ਖਤਰਾ ਹੈ, ਇਸ ਲਈ ਇੰਡੋਨੇਸ਼ੀਆ ਅਮਰੀਕਾ ਦੀ ਹਿੰਦ-ਪ੍ਰਸ਼ਾਂਤ ਖੇਤਰ ’ਚ ਸਰਗਰਮ ਮੌਜੂਦਗੀ ਦਾ ਪੱਖੀ ਹੈ।
ਹਾਲ ਹੀ ਦੇ ਸਾਲਾਂ ’ਚ ਅਮਰੀਕਾ ਦੀ ਮੌਜੂਦਗੀ ਭਾਰਤ, ਮੱਧ ਏਸ਼ੀਆ ਅਤੇ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ’ਚ ਵਧੀ ਹੈ। ਇਸ ਨੂੰ ਚੀਨ ਦੇ ਇਨ੍ਹਾਂ ਖੇਤਰਾਂ ’ਚ ਵਧਦੇ ਹਮਲਾਵਰਪੁਣੇ ਨਾਲ ਜੋੜ ਕੇ ਦੇਖਿਆ ਜਾਣਾ ਚਾਹੀਦਾ ਹੈ ਕਿਉਂਕਿ ਚੀਨ ਦੂਸਰੇ ਦੇਸ਼ਾਂ ਦੀ ਅਰਥਵਿਵਸਥਾ ਨੂੰ ਬਰਬਾਦ ਕਰ ਕੇ ਆਪਣੀ ਖੁਸ਼ਹਾਲੀ ’ਚ ਵਾਧਾ ਕਰ ਰਿਹਾ ਹੈ। ਓਧਰ ਦੂਜੇ ਪਾਸੇ ਉਨ੍ਹਾਂ ਦੇਸ਼ਾਂ ’ਚ ਮਨੁੱਖੀ ਹੱਕਾਂ ਅਤੇ ਲੋਕਤੰਤਰਿਕ ਕਦਰਾਂ-ਕੀਮਤਾਂ ਨੂੰ ਖਤਮ ਕਰ ਰਿਹਾ ਹੈ ਜਿਸ ਨਾਲ ਪੂਰਾ ਵਿਸ਼ਵ ਇਕਜੁੱਟ ਹੋ ਕੇ ਚੀਨ ਦੀ ਵਧਦੀ ਸ਼ਕਤੀ ਦਾ ਮੁਕਾਬਲਾ ਕਰਨਾ ਚਾਹੁੰਦਾ ਹੈ ਅਤੇ ਅਮਰੀਕਾ ਕਿਸੇ ਵੀ ਕੀਮਤ ’ਤੇ ਮੌਜੂਦਾ ਵਿਸ਼ਵ ਪੱਧਰੀ ਵਿਵਸਥਾ ’ਤੇ ਚੀਨ ਨੂੰ ਕਾਬਜ਼ ਹੁੰਦੇ ਨਹੀਂ ਦੇਖਣਾ ਚਾਹੁੰਦਾ ਕਿਉਂਕਿ ਚੀਨ ਕੋਲ ਕੋਈ ਬਦਲਵਾਂ ਪ੍ਰਬੰਧ ਨਹੀਂ ਹੈ।


Shyna

Content Editor

Related News