ਯੂ. ਕੇ. 'ਚ ਪੰਜਾਬੀ ਮੂਲ ਦੇ ਚਾਂਸਲਰ ਰਿਸ਼ੀ ਸੁਨਾਕ ਦੇ ਸਥਾਨਕ ਪੱਬ ਜਾਣ 'ਤੇ ਲੱਗੀ ਪਾਬੰਦੀ
Saturday, Oct 24, 2020 - 01:55 PM (IST)
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਰਕਾਰੀ ਮੰਤਰੀ ਜਾਂ ਅਧਿਕਾਰੀ ਕਈ ਵਾਰ ਅਜਿਹੇ ਬਿਆਨ ਜਾਂ ਕੰਮ ਕਰ ਦਿੰਦੇ ਹਨ ਕਿ ਉਨ੍ਹਾਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲ ਹੀ ਵਿਚ ਪੰਜਾਬੀ ਮੂਲ ਦੇ ਚਾਂਸਲਰ ਰਿਸ਼ੀ ਸੁਨਾਕ 'ਤੇ ਛੁੱਟੀਆਂ ਦੌਰਾਨ ਬੱਚਿਆਂ ਲਈ ਮੁਫਤ ਸਕੂਲ ਖਾਣਾ ਵਧਾਉਣ ਦੀ ਯੋਜਨਾ ਦੇ ਵਿਰੁੱਧ ਵੋਟ ਪਾਉਣ ਤੋਂ ਬਾਅਦ ਉਸ ਦੇ ਹਲਕੇ ਦੇ ਇਕ ਪੱਬ ਨੇ ਪਾਬੰਦੀ ਲਗਾਈ ਗਈ ਹੈ। ਹਾਲਾਂਕਿ ਇਸ ਮਤੇ ਨੂੰ ਬੁੱਧਵਾਰ ਨੂੰ ਪਈਆਂ 322 ਵੋਟਾਂ ਨਾਲ ਰੱਦ ਕਰ ਦਿੱਤਾ ਗਿਆ ਹੈ ਕਿਉਂਕਿ ਦੇਸ਼ ਭਰ ਦੇ ਪਰਿਵਾਰਾਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੇ ਦੌਰਾਨ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਮਾਮਲੇ ਵਿਚ ਐਲੇਕਸ ਕੁੱਕ, ਜੋ ਸਟੋਕਸਲੇ, ਨੌਰਥ ਯੌਰਕਸ਼ਾਇਰ ਵਿਚ ਮਿਲ ਪੱਬ ਅਤੇ ਇਸ ਦੇ ਰੈਸਟੋਰੈਂਟ ਇਲ ਮਲਿਨੋ ਦਾ ਮਾਲਕ ਹੈ, ਨੇ ਸੁਨਾਕ ਦੀ ਪੱਬ ਵਿਚ ਦਾਖਲ ਹੋਣ ਬਾਰੇ ਪਾਬੰਦੀ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਇਲਾਵਾ ਟੋਰੀ ਦੇ ਸੰਸਦ ਮੈਂਬਰ ਜੈਕਬ ਯੰਗ, ਸਾਈਮਨ ਕਲਾਰਕ ਅਤੇ ਮੈਟ ਵਿਕਰਸ ਨੂੰ ਵੀ ਮਾਰਕਸ ਰਾਸ਼ਫੋਰਡ ਦੇ ਪ੍ਰਸਤਾਵ ਦੇ ਵਿਰੁੱਧ ਵੋਟ ਪਾਉਣ ਲਈ ਪੱਬ ਵਿੱਚ ਆਉਣ ਤੋਂ ਰੋਕਿਆ ਜਾਵੇਗਾ। ਪੱਬ ਮਾਲਕ ਕੁੱਕ ਅਨੁਸਾਰ 2020 ਦੀ ਇਸ ਮਹਾਮਾਰੀ ਦੌਰਾਨ ਬੱਚਿਆਂ ਨੂੰ ਭੁੱਖੇ ਰਹਿਣ ਦੀ ਇਜ਼ਾਜ਼ਤ ਦੇਣ ਦੇ ਫੈਸਲੇ ਵਿਚ ਵੋਟ ਦੇਣੀ ਬਹੁਤ ਮਾੜਾ ਕੰਮ ਹੈ।
ਕੁੱਕ ਨੇ ਆਪਣਾ ਫੈਸਲਾ ਲੈਣ ਤੋਂ ਬਾਅਦ ਸੁਨਾਕ ਦੇ ਸਮਰਥਕਾਂ ਦੁਆਰਾ ‘ਪ੍ਰੇਸ਼ਾਨ’ ਕੀਤੇ ਜਾਣ ਦਾ ਦਾਅਵਾ ਕੀਤਾ ਹੈ ਪਰ ਉਸਨੂੰ ਹੋਰ ਲੋਕਾਂ ਦਾ ਸਮਰਥਨ ਵੀ ਮਿਲਿਆ ਹੈ। ਇਸਦੇ ਨਾਲ ਹੀ ਹੋਰ ਬਹੁਤ ਸਾਰੇ ਸਥਾਨਕ ਅਧਿਕਾਰੀਆਂ, ਪੱਬਾਂ, ਕੈਫੇ ਅਤੇ ਰੈਸਟੋਰੈਂਟਾਂ ਨੇ ਵੀ ਘੋਸ਼ਣਾ ਕੀਤੀ ਹੈ ਕਿ ਉਹ ਅਕਤੂਬਰ ਦੌਰਾਨ ਗਰੀਬੀ ਦਾ ਸਾਹਮਣਾ ਕਰ ਰਹੇ ਬੱਚਿਆਂ ਲਈ ਭੋਜਨ ਮੁਹੱਈਆ ਕਰਵਾਉਣਗੇ। ਇਸ ਮਾਮਲੇ ਦੇ ਸੰਬੰਧ ਵਿੱਚ ਸੁਨਾਕ ਦੇ ਦਫ਼ਤਰ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।