ਬਾਬਾ ਵਿਸਾਖਾ ਸਿੰਘ ਦਦੇਹਰ ਤੇ ਉਨ੍ਹਾਂ ਦੇ ਸਾਥੀ ਗਦਰੀ ਬਾਬਿਆਂ ਦੀ ਯਾਦ ''ਚ ਗੁਰੂ ਘਰ ਸਿਲਮਾ ਵਿਖੇ ਸਮਾਗਮ

Wednesday, Dec 08, 2021 - 02:47 AM (IST)

ਬਾਬਾ ਵਿਸਾਖਾ ਸਿੰਘ ਦਦੇਹਰ ਤੇ ਉਨ੍ਹਾਂ ਦੇ ਸਾਥੀ ਗਦਰੀ ਬਾਬਿਆਂ ਦੀ ਯਾਦ ''ਚ ਗੁਰੂ ਘਰ ਸਿਲਮਾ ਵਿਖੇ ਸਮਾਗਮ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਗਦਰੀ ਬਾਬਿਆਂ ਦਾ ਦੇਸ਼ ਦੀ ਅਜ਼ਾਦੀ ਲਈ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਦੇਸ਼ ਵਿਦੇਸ਼ ਵਿੱਚ ਵੱਡੇ ਸਮਾਗਮ ਕਰਵਾਏ ਜਾਂਦੇ ਹਨ। ਇਸੇ ਕੜੀ ਤਹਿਤ ਬਾਬਾ ਵਿਸਾਖਾ ਸਿੰਘ ਦਦੇਹਰ ਅਤੇ ਉਨ੍ਹਾਂ ਦੇ ਸਾਥੀ ਗਦਰੀ ਬਾਬਿਆਂ ਦੀ ਮਿੱਠੀ ਯਾਦ ਵਿੱਚ ਫਰਿਜ਼ਨੋ ਦੇ ਲਾਗਲੇ ਸ਼ਹਿਰ ਸਿਲਮਾ ਦੇ ਗੁਰਦੁਆਰਾ ਸਿੱਖ ਸੈਂਟਰ ਆਫ ਪੈਸੇਫਿੱਕ ਸਹਿਬ ਵਿੱਖੇ ਵਿਸ਼ੇਸ਼ ਸਮਾਗਮ ਕਰਵਾਏ ਗਏ। ਇਸ ਮੌਕੇ ਸ. ਭਰਪੂਰ ਸਿੰਘ ਦੇ ਪਰਿਵਾਰ ਵੱਲੋਂ 3 ਦਸੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਅਖੰਡ-ਪਾਠ ਸ਼ੁਰੂ ਕਰਵਾਏ ਗਏ ਅਤੇ 5 ਦਸੰਬਰ ਦਿਨ ਐਂਤਵਾਰ ਨੂੰ ਬਾਬਾ ਜੀ ਦੀ ਬਰਸੀ ਮੌਕੇ ਸ੍ਰੀ ਅਖੰਡ-ਪਾਠ ਸਹਿਬ ਦੇ ਭੋਗ ਪਾਏ ਗਏ।

ਇਸ ਮੌਕੇ ਗੁਰੂ ਘਰ ਦੇ ਕੀਰਤਨੀਏ ਭਾਈ ਗੁਰਮੀਤ ਸਿੰਘ ਨੇ ਰੱਬੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਪ੍ਰਿੰਸੀਪਲ ਸਵਰਨ ਸਿੰਘ ਗੁਰਮਤਿ ਕਾਲਜ ਪਟਿਆਲ਼ਾ ਨੇ ਬਾਬਾ ਜੀ ਦੇ ਜੀਵਨ 'ਤੇ ਪੰਛੀ ਝਾਤ ਪਾਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਘਰ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸ. ਬਲਵਿੰਦਰ ਸਿੰਘ ਭਾਊ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਬਾਬਾ ਵਿਸਾਖਾ ਸਿੰਘ ਜੀ ਦਾ ਜਨਮ 13 ਅਪ੍ਰੈਲ 1877 ਵਿੱਚ ਪਿੰਡ ਦਦੇਹਰ ਜ਼ਿਲ੍ਹਾ ਤਰਨਤਾਰਨ ਵਿੱਚ ਹੋਇਆ। ਆਪ ਨੇ ਫੌਜ ਦੀ ਨੌਕਰੀ ਵੀ ਕੀਤੀ ਅਤੇ ਉਪਰੰਤ 1909 ਵਿੱਚ ਨੌਕਰੀ ਛੱਡ ਕੇ ਅਮਰੀਕਾ ਆ ਗਏ। ਇੱਥੇ ਆ ਕੇ ਉਹ ਬਾਬਾ ਜਵਾਲਾ ਸਿੰਘ ਜੀ ਦੇ ਸੰਪਰਕ ਵਿੱਚ ਆਏ ਅਤੇ ਦੇਸ਼ ਦੀ ਅਜ਼ਾਦੀ ਲਈ ਗ਼ਦਰ ਪਾਰਟੀ ਬਣਾਉਣ ਲਈ ਕੰਮ ਕਰਨਾ ਸ਼ੁਰੂ ਕੀਤਾ। ਇਸ ਮੌਕੇ ਉਨ੍ਹਾਂ ਦੀ ਮੁਲਾਕਾਤ ਬਾਬਾ ਸੋਹਨ ਸਿੰਘ ਭਕਨਾਂ ਅਤੇ ਹੋਰ ਗਦਰੀ ਬਾਬਿਆਂ ਨਾਲ ਹੁੰਦੀ ਰਹੀ।

ਇਸ ਉਪਰੰਤ ਬਾਬਾ ਜੀ ਦੇਸ਼ ਨੂੰ ਅਜ਼ਾਦ ਕਰਵਾਉਣ ਲਈ 7 ਜਨਵਰੀ 1915 ਨੂੰ ਆਪਣੇ ਸਾਥੀਆਂ ਸਮੇਤ ਇੰਡੀਆ ਆ ਗਏ। ਇਸ ਮੌਕੇ ਮੀਆਂ ਮੀਰ ਸ਼ਾਉਣੀ ਲਹੌਰ ਤੇ ਹਮਲੇ ਦੌਰਾਨ ਬਾਬਾ ਵਿਸਾਖਾ ਸਿੰਘ ਦੀ ਆਪਣੇ ਸਾਥੀਆਂ ਬਾਬਾ ਬਿਸ਼ਨ ਸਿੰਘ, ਬਾਬਾ ਹਜ਼ਾਰਾ ਸਿੰਘ, ਭਾਈ ਬਿਸ਼ਨ ਸਿੰਘ ਅਤੇ ਭਾਈ ਵਿਸਾਖਾ ਸਿੰਘ ਨਾਲ ਗ੍ਰਿਫਤਾਰ ਹੋ ਗਏ ਅਤੇ ਅੰਗਰੇਜ਼ ਸਰਕਾਰ ਨੇ ਇਨ੍ਹਾਂ ਦੀ ਜਾਇਦਾਦ ਜ਼ਬਤ ਕਰਕੇ ਇਨ੍ਹਾਂ ਨੂੰ ਅੰਡੇਮਾਨ ਜ਼ੇਲ ਵਿੱਚ ਭੇਜ ਦਿੱਤਾ। ਜਿੱਥੇ ਬਾਬਾ ਜੀ ਟੀਬੀ ਵਰਗੀ ਭਿਆਨਕ ਬਿਮਾਰੀ ਤੋ ਪੀੜਤ ਹੋ ਗਏ। 1920 ਵਿੱਚ ਬਾਬਾ ਵਿਸਾਖਾ ਸਿੰਘ ਜੇਲ੍ਹ ਵਿੱਚੋਂ ਰਿਹਾਅ ਹੋਏ ਅਤੇ ਉਨ੍ਹਾਂ ਬਿਮਾਰੀ ਦੀ ਪ੍ਰਵਾਹ ਕੀਤੇ ਬਿਨਾ ਆਪਣੀਆਂ ਗਤੀਵਿਧੀਆ ਜਾਰੀ ਰੱਖੀਆਂ। 1934 ਵਿੱਚ ਆਪ ਸ੍ਰੀ ਅਕਾਲ ਤਖ਼ਤ ਸਹਿਬ ਦੇ ਜਥੇਦਾਰ ਵੀ ਬਣੇ। ਦੇਸ਼ ਨੂੰ ਅਜ਼ਾਦ ਕਰਵਾਉਣ ਉਪਰੰਤ 5 ਦਸੰਬਰ 1957 ਨੂੰ ਬਾਬਾ ਜੀ ਅਕਾਲ ਚਲਾਣਾ ਕਰ ਗਏ। ਬਲਵਿੰਦਰ ਸਿੰਘ ਭਾਊ ਨੇ ਦੱਸਿਆ ਕਿ ਬਾਬਾ ਵਿਸਾਖਾ ਸਿੰਘ ਦੀ ਯਾਦ ਵਿੱਚ ਹਰ ਸਾਲ ਪਿੰਡ ਦਦੇਹਰ ਵਿੱਚ ਮੇਲਾ ਲਗਦਾ ਹੈ ਅਤੇ ਪਿੰਡ ਵਿੱਚ ਬਾਬਾ ਜੀ ਦੇ ਨਾਮ ਤੇ ਅਕਾਲ ਅਕੈਡਮੀ ਬੜੂ ਸਹਿਬ ਵੱਲੋਂ ਸਕੂਲ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਬਰ, ਸੰਤੋਖਾ, ਤਿਆਗ ਦੀ ਮੂਰਤ ਬਾਬਾ ਵਿਸਾਖਾ ਸਿੰਘ ਦੇ ਜੀਵਨ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News