ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਮਨਾਇਆ
Thursday, Dec 02, 2021 - 02:07 AM (IST)
ਫਰਿਜ਼ਨੋ, ਕੈਲੀਫੋਰਨੀਆ (ਨੀਟਾ ਮਾਛੀਕੇ) – ਇੰਡੋ ਅਮੈਰੀਕਨ ਹੈਰੀਟੇਜ਼ ਫੋਰਮ ਫਰਿਜ਼ਨੋ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਸਾਥੀ ਸ਼ਹੀਦਾ; ਬਖਸ਼ੀਸ਼ ਸਿੰਘ, ਸਰੈਣ ਸਿੰਘ ਵੱਡਾ, ਸਰੈਣ ਸਿੰਘ ਛੋਟਾ, ਹਰਨਾਮ ਸਿੰਘ, ਜਗਤ ਸਿੰਘ ਅਤੇ ਵਿਸ਼ਨੂੰ ਗਣੇਸ਼ ਪਿੰਗਲੇ ਨੂੰ ਸਮਰਪਿਤ ਇਕ ਪ੍ਰੋਗਰਾਮ ਗੁਰਦੁਆਰਾ ਸਿੰਘ ਸਭਾ ਵਿਚ ਕਰਵਾਇਆ। ਇਸ ਸਮੇਂ ਗਦਰੀ ਯੋਧਿਆਂ ਦੇ ਅਤੇ ਕਿਸਾਨ ਅੰਦੋਲਨ ਦੇ ਦੌਰਾਨ ਆਪਣੀਆਂ ਜਾਨਾਂ ਨਿਸ਼ਾਵਰ ਕਰਨ ਵਾਲੇ ਸਮੂੰਹ ਲੋਕਾਂ ਨੂੰ ਸ਼ਰਧਾਜਲੀ ਦਿੱਤੀ ਗਈ।
ਇਹ ਵੀ ਪੜ੍ਹੋ - ਨਾਈਜੀਰੀਆ 'ਚ ਨਵੰਬਰ 'ਚ ਓਮੀਕਰੋਨ ਦਾ ਪਹਿਲਾ ਮਾਮਲਾ ਆਇਆ ਸਾਹਮਣੇ
ਪ੍ਰੋਗਰਾਮ ਦੀ ਸੁਰੂਆਤ ਦੌਰਾਨ ਫੋਰਮ ਦੇ ਸਕੱਤਰ ਸੁਰਿੰਦਰ ਮੰਢਾਲੀ ਨੇ ਸ਼ਹੀਦਾਂ ਨੂੰ ਸ਼ਰਧਾਜਲੀ ਪੇਸ਼ ਕੀਤੀ ਅਤੇ ਭਾਰਤ ਸਰਕਾਰ ਵਲੋਂ ਪਿਛਲੇ ਸਾਲ ਪਾਸ ਕੀਤੇ ਤਿੰਨ ਖੇਤੀ ਸਬੰਧੀ ਬਿੱਲਾਂ ਨੂੰ ਵਾਪਸ ਕਰਵਾਉਣ ਲਈ ਚੱਲ ਰਹੇ ਅੰਦੋਲਨ ਵਿਚ ਕੁਰਬਾਨ ਹੋਣ ਵਾਲੇ ਅੰਦੋਲਨਕਾਰੀਆਂ ਨੂੰ ਯਾਦ ਕੀਤਾ। ਉਨਾਂ ਨੇ ਇਸ ਅੰਦੋਲਨ ਨੂੰ ਸਫਲ ਬਣਾਉਣ ਲਈ ਐਨ.ਆਰ.ਆਈ. ਭਾਈਚਾਰੇ ਵਲੋਂ ਪਾਏ ਯੋਗਦਾਨ ਦੀ ਗੱਲ ਕਰਦਿਆਂ ਡਾ. ਸਵੈਮਾਨ ਸਿੰਘ ਅਤੇ ਅਮੋਲਕ ਸਿੰਘ ਸਿੱਧੂ ਦਾ ਧੰਨਵਾਦ ਕੀਤਾ। ਸਥਾਨਕ ਆਗੂ ਅਮੋਲਕ ਸਿੰਘ ਨੇ ਸਰਕਾਰੀ ਤੰਤਰ ਵਲੋਂ ਮੋਰਚੇ ਨੂੰ ਫੇਲ ਕਰਨ ਲਈ ਕੀਤੇ ਰਹੇ ਭੰਡੀ ਪ੍ਰਚਾਰ ਦਾ ਜਵਾਬ ਵੀ ਪੂਰੇ ਤਰਕ ਨਾਲ ਦਿੱਤਾ ਹੈ ਅਤੇ ਪੰਜਾਬੀ ਭਾਈਚਾਰੇ ਦੀ ਮੋਰਚੇ ਪ੍ਰਤੀ ਸਮਝ ਨੂੰ ਸਾਫ ਕਰਨ ਲਈ ਆਪਣਾ ਯੋਗਦਾਨ ਪਾਇਆ ਹੈ। ਬਜ਼ੁਰਗ ਆਗੂ ਸ. ਗੁਰਦੀਪ ਸਿੰਘ ਅਣਖੀ ਨੇ ਗਦਰੀ ਸ਼ਹੀਦਾਂ ਦੀਆਂ ਦੇਸ਼ ਲਈ ਕੀਤੀਆਂ ਕੁਰਬਾਨੀਆਂ ਲਈ ਉਨ੍ਹਾਂ ਨੂੰ ਸਲਾਮ ਕਰਦਿਆਂ ਕਿਸਾਨ ਮੋਰਚੇ ਵਿਚ ਲੋਕਾਂ ਵਲੋਂ ਵਿਖਾਏ ਸਿਰੜ, ਸਿਦਕ, ਏਕਤਾ ਅਤੇ ਸਮਝਦਾਰੀ ਦੀ ਗੱਲ ਕੀਤੀ। ਹੋਰ ਬੁਲਾਰਿਆਂ ਵਿਚ ਸ੍ਰ ਮਲਕੀਤ ਸਿੰਘ ਕਿੰਗਰਾ, ਪ੍ਰਿੰਸੀਪਲ ਬਲਵਿੰਦਰ ਸਿੰਘ ਬੁਟਰ, ਮਾਸਟਰ ਸੁਰਜੀਤ ਸਿੰਘ, ਸ੍ਰ ਕੁੰਦਨ ਸਿੰਘ ਧਾਮੀ, ਸਾਧੂ ਸਿੰਘ ਸੰਘਾ, ਡਾ. ਅਰਜਨ ਸਿੰਘ ਜੋਸ਼ਨ, ਇੰਦਰਜੀਤ ਸਿੰਘ ਚੋਗਾਵਾਂ, ਪਰਗਟ ਸਿੰਘ, ਹਰਜਿੰਦਰ ਢੇਸੀ, ਸ਼ਰਨਜੀਤ ਕੌਰ ਧਾਲੀਵਾਲ ਅਤੇ ਹੈਰੀ ਮਾਨ ਸ਼ਾਮਲ ਸਨ। ਗੀਤ ਕਵਿਤਾਵਾਂ ਪੇਸ਼ ਕਰਨ ਵਾਲਿਆਂ ਵਿਚ ਰਾਜ ਬਰਾੜ, ਹਰਜੀਤ ਸ਼ੇਰਗਿਲ, ਸ਼ਰਨਜੀਤ ਧਾਲੀਵਾਲ ਅਤੇ ਸ਼ਿੰਦਰ ਸਿੰਘ ਰਾਠੌਰ ਸ਼ਾਮਲ ਸਨ।
ਡਾ. ਗੁਰਮੇਲ ਸਿੰਘ ਸਿੱਧੂ ਦੀ ਲਿਖੀ ਕਿਤਾਬ ‘ਭਾਰਤ ਦੇ ਅਜ਼ਾਦੀ ਸੰਗ੍ਰਾਮ ਵਿਚ ਗਦਰੀ ਲਹਿਰਾਂ ਦੀ ਹਿੱਸੇਦਾਰੀ‘ ਵੀ ਲੋਕ ਅਰਪਣ ਕੀਤੀ ਗਈ। ਸਟੇਜ਼ ਸੰਚਾਲਨ ਲੇਖਕ ਅਤੇ ਕਵੀ ਦਲਜੀਤ ਸਿੰਘ ਰਿਆੜ ਨੇ ਬਾਖੂਬੀ ਆਪਣੇ ਸ਼ੇਅਰਾ ਅਤੇ ਕਵਿਤਾਵਾ ਨਾਲ ਕੀਤਾ। ਫਰਿਜ਼ਨੋ ਇਲਾਕੇ ਚੋਂ ਪਿਛਲੇ ਦਿਨੀ ਵਿਛੋੜਾ ਦੇ ਗਏ ਸ੍ਰ ਜਗਜੀਤ ਸਿੰਘ ਥਿੰਦ ਅਤੇ ਮਾਸਟਰ ਲਛਮਣ ਸਿੰਘ ਰਾਠੌਰ ਹੋਣਾ ਨੂੰ ਉਨ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਲਈ ਯਾਦ ਕੀਤਾ ਗਿਆ। ਅੰਤ ਪ੍ਰੋਗਰਾਮ ਦੇਸ਼ ਪ੍ਰੇਮ ਦੀਆਂ ਬਾਤਾਂ ਪਾਉਂਦਾ ਯਾਦਗਾਰੀ ਹੋ ਨਿਬੜਿਆ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।