ਕੋਵਿਡ-19 : ਅਮਰੀਕਾ ''ਚ ਇਨਫੈਕਸ਼ਨ ਅਤੇ ਮੌਤ ਦੇ ਮਾਮਲੇ ਵਧੇ, ਬਾਈਡੇਨ ਨੇ ਲੋਕਾਂ ਨੂੰ ਕੀਤੀ ਇਹ ਅਪੀਲ

Wednesday, Sep 22, 2021 - 11:15 AM (IST)

ਕੋਵਿਡ-19 : ਅਮਰੀਕਾ ''ਚ ਇਨਫੈਕਸ਼ਨ ਅਤੇ ਮੌਤ ਦੇ ਮਾਮਲੇ ਵਧੇ, ਬਾਈਡੇਨ ਨੇ ਲੋਕਾਂ ਨੂੰ ਕੀਤੀ ਇਹ ਅਪੀਲ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਮਾਰਚ ਦੇ ਬਾਅਦ ਤੋਂ ਪਹਿਲੀ  ਵਾਰ ਇਕ ਦਿਨ ਵਿਚ ਔਸਤਨ 1,900 ਤੋਂ ਵੱਧ ਮਰੀਜ਼ਾਂ ਦੀ ਮੌਤ ਹੋਈ। ਇਸ 'ਤੇ ਮਾਹਰਾਂ ਦਾ ਕਹਿਣਾ ਹੈ ਕਿ ਇਹ ਇਨਫੈਕਸ਼ਨ ਇਕ ਵੱਖਰੇ ਸਮੂਹ ਮਤਲਬ ਟੀਕੇ ਦੀ ਖੁਰਾਕ ਨਾ ਲੈਣ ਵਾਲੇ 7.1 ਕਰੋੜ ਅਮਰੀਕੀਆਂ ਨੂੰ ਆਪਣਾ ਨਿਸ਼ਾਨਾ ਬਣਾ ਰਿਹਾ ਹੈ।  ਦੇਸ਼ ਦੇ ਰਾਸ਼ਟਰਪਤੀ ਜੋਅ ਬਾਈਡੇਨ ਕੋਵਿਡ-19 ਦੀ ਇਸ ਜਾਨਲੇਵਾ ਲਹਿਰ ਨਾਲ ਨਜਿੱਠਣ ਵਿਚ ਮਦਦ ਲਈ ਲੋਕਾਂ ਤੋਂ ਘਰ ਵਿਚ ਹੀ ਇਨਫੈਕਸ਼ਨ ਦੀ ਜਾਂਚ ਕਰਾਉਣ ਦੀ ਅਪੀਲ ਕਰ ਰਹੇ ਹਨ। ਮਹਾਮਾਰੀ ਕਾਰਨ ਹਸਪਤਾਲ ਸਮਰੱਥਾ ਤੋਂ ਵੱਧ ਭਰੇ ਪਏ ਹਨ ਅਤੇ ਦੇਸ਼ ਭਰ ਵਿਚ ਸਕੂਲਾਂ ਦੇ ਬੰਦ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ।

ਸਪ੍ਰਿੰਗਫੀਲਡ-ਬ੍ਰੈਨਸਨ ਇਲਾਕੇ ਵਿਚ ਕੌਕਸਹੈਲਥ ਹਸਪਤਾਲਾਂ ਵਿਚ ਇਕ ਹਫ਼ਤੇ ਵਿਚ ਹੀ 22 ਲੋਕਾਂ ਦੀ ਮੌਤ ਹੋ ਗਈ। ਪੱਛਮੀ ਵਰਜੀਨੀਆ ਵਿਚ ਸਤੰਬਰ ਦੇ ਪਹਿਲੇ 3 ਹਫ਼ਤਿਆਂ ਵਿਚ 340 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਾਰਜੀਆ ਵਿਚ ਰੋਜ਼ਾਨਾ 125 ਮਰੀਜ਼ ਜਾਨ ਗਵਾ ਰਹੇ ਹਨ ਜੋ ਕੈਲੀਫੋਰਨੀਆ ਜਾਂ ਕਿਸੇ ਹੋਰ ਸੰਘਣੀ ਆਬਾਦੀ ਵਾਲੇ ਰਾਜ ਤੋਂ ਵੱਧ ਹਨ। ਜੌਨਸ ਹਾਪਕਿੰਨਜ਼ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਹੁਣ ਅਮਰੀਕਾ ਦੀ ਕਰੀਬ 64 ਫੀਸਦੀ ਆਬਾਦੀ ਨੇ ਐਂਟੀ ਕੋਵਿਡ-19 ਟੀਕੇ ਦੀ ਘੱਟ ਤੋਂ ਘੱਟ ਇਕ ਖੁਰਾਕ ਲੈ ਲਈ ਹੈ। ਪਿਛਲੇ ਦੋ ਹਫ਼ਤਿਆਂ ਵਿਚ ਰੋਜ਼ ਔਸਤਨ ਜਾਨ ਗਵਾਉਣ ਵਾਲੇ ਮਰੀਜ਼ਾਂ ਦੀ ਗਿਣਤੀ 40 ਫੀਸਦੀ ਤੱਕ ਵੱਧ ਗਈ ਹੈ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਹਸਪਤਾਲ ਵਿਚ ਦਾਖਲ ਹੋਣ ਵਾਲੇ ਅਤੇ ਜਾਨ ਗਵਾਉਣ ਵਾਲੇ ਲੋਕਾਂ ਦੀ ਵੱਡੀ ਗਿਣਤੀ ਟੀਕਾ ਨਾ ਲਗਵਾਉਣ ਵਾਲੇ ਲੋਕਾਂ ਦੀ ਹੈ। 

ਪੜ੍ਹੋ ਇਹ ਅਹਿਮ ਖਬਰ -ਅਮਰੀਕਾ ਦੇ ਰੈਸਟੋਰੈਂਟ 'ਚ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੂੰ ਨਹੀਂ ਮਿਲੀ ਐਂਟਰੀ, ਫੁੱਟਪਾਥ 'ਤੇ ਖਾਧਾ ਪਿੱਜ਼ਾ 

ਅਮਰੀਕਾ ਦੇ ਕਈ ਹਿੱਸਿਆਂ ਵਿਚ ਦਵਾਈਆਂ ਦੀਆਂ ਦੁਕਾਨਾਂ ਵਿਚ ਜਾਂਚ ਕਿੱਟ ਖ਼ਤਮ ਹੁੰਦੀ ਦਿਖਾਈ ਦੇ ਰਹੀ ਹੈ ਅਤੇ ਦਵਾਈ ਨਿਰਮਾਤਾਵਾਂ ਨੇ ਅਪੀਲ ਕੀਤੀ ਕਿ ਇਸ ਦਾ ਉਤਪਾਦਨ ਵਧਾਉਣ ਵਿਚ ਉਹਨਾਂ ਨੂੰ ਹਫ਼ਤਿਆਂ ਦਾ ਸਮਾਂ ਲੱਗੇਗਾ। ਮਾਹਰਾਂ ਦਾ ਕਹਿਣਾ ਹੈ ਕਿ ਗਰਮੀਆਂ ਦੇ ਬਾਅਦ ਤੋਂ ਹੀ ਜਾਂਚ ਦੀ ਘੱਟ ਹੁੰਦੀ ਭੂਮਿਕਾ, ਇਨਫੈਕਸ਼ਨ ਦੇ ਘੱਟ ਹੁੰਦੇ ਮਾਮਲਿਆਂ ਅਤੇ ਟੀਕਾਕਰਨ ਦੀ ਵੱਧਦੀ ਦਰ ਨੇ ਲੋਕਾਂ ਨੂੰ ਲਾਪਰਵਾਹ ਕਰ ਦਿੱਤਾ। ਨਾਲ ਹੀ ਸਿਹਤ ਅਧਿਕਾਰੀਆਂ ਨੇ ਇਹ ਸਲਾਹ ਦਿੱਤੀ ਕਿ ਟੀਕਾ ਲਗਵਾ ਚੁੱਕੇ ਲੋਕ ਜਾਂਚ ਤੋਂ ਬਚ ਸਕਦੇ ਹਨ। ਅਧਿਕਾਰੀਆਂ ਨੇ ਡੈਲਟਾ ਵੈਰੀਐਂਟ ਕਾਰਨ ਇਨਫੈਕਸ਼ਨ ਅਤੇ ਮੌਤ ਦੇ ਮਾਮਲੇ ਵਧਣ 'ਤੇ ਇਸ ਸਲਾਹ ਨੂੰ ਵਾਪਸ ਲੈ ਲਿਆ ਸੀ। ਅਮਰੀਕਾ ਨੇ ਘਰ ਵਿਚ ਹੀ ਰੈਪਿਡ ਜਾਂਚ ਕਰਾਉਣ ਦੀ ਤਕਨੀਕ ਅਪਨਾਉਣ ਵਿਚ ਵਧੇਰੇ ਤੇਜ਼ੀ ਲਿਆਉਂਦੀ ਹੈ। ਜਦਕਿ ਬ੍ਰਿਟੇਨ ਜਿਹੇ ਦੇਸ਼ਾਂ ਨੇ ਇਸ ਨੂੰ ਵਿਆਪਕ ਰੂਪ ਨਾਲ ਲਾਗੂ ਕੀਤਾ ਹੈ। 

ਖਾਧ ਅਤੇ ਡਰਗੱਜ਼ ਪ੍ਰਸ਼ਾਸਨ ਨੇ ਅਜਿਹੀ ਕਰੀਬ 6 ਜਾਂਚਾਂ ਨੂੰ ਮਨਜ਼ੂਰੀ ਦਿੱਤੀ ਹੈ। ਐੱਫ.ਡੀ.ਏ. ਸਮੇਤ ਕਈ ਮਾਹਰ ਹਾਲੇ ਵੀ ਪ੍ਰਯੋਗਸ਼ਾਲਾ ਵਿਚ ਹੋਣ ਵਾਲੀ ਜਾਂਚ ਨੂੰ ਜ਼ਿਆਦਾ ਸਹੀ ਮੰਨਦੇ ਹਨ। ਕਿਉਂਕਿ ਇਸ ਨਾਲ ਇਨਫੈਕਸ਼ਨ ਦੇ ਘੱਟ ਤੋਂ ਘੱਟ ਪੱਧਰ ਦਾ ਵੀ ਪਤਾ ਲੱਗ ਜਾਂਦਾ ਹੈ। ਫਿਲਹਾਲ ਬਾਈਡੇਨ ਨੇ ਇਸ ਮਹੀਨੇ ਆਪਣੇ ਭਾਸ਼ਣ ਵਿਚ ਰੈਪਿਡ ਜਾਂਚ 'ਤੇ ਜ਼ੋਰ ਦਿੰਦੇ ਹੋਏ ਕਿਹਾ ਸੀ ਕਿ ਸਰਕਾਰ 28 ਕਰੋੜ ਜਾਂਚ ਕਿੱਟਾਂ ਖਰੀਦੇਗੀ ਅਤੇ ਨਾਲ ਹੀ ਉਹਨਾਂ ਨੇ ਸਾਰੇ ਸਕੂਲਾਂ ਤੋਂ ਨਿਯਮਿਤ ਜਾਂਚ ਪ੍ਰੋਗਰਾਮ ਚਲਾਉਣ ਦੀ ਵੀ ਅਪੀਲ ਕੀਤੀ। ਉਹਨਾਂ ਨੇ ਕਿਹਾ ਕਿ ਸੰਘੀ ਸਰਕਾਰ ਰੱਖਿਆ ਉਤਪਾਦਨ ਐਕਟ ਦੀ ਵਰਤੋਂ ਕਰੇਗੀ ਤਾਂ ਜੋ ਦਵਾਈ ਨਿਰਮਾਤਾਵਾਂ ਨੂੰ ਜਾਂਚ ਕਿੱਟ ਬਣਾਉਣ ਲਈ ਲੋੜੀਂਦਾ ਕੱਚਾ ਮਾਲ ਮਿਲ ਸਕੇ।


author

Vandana

Content Editor

Related News