ਮਾਮਲਾ ਲੰਡਨ ਅੱਤਵਾਦੀ ਹਮਲੇ ਦਾ : ਲੈਸਟਰ ''ਚ ਗੋਰਿਆਂ ਵਲੋਂ ਨਸਲੀ ਹਮਲੇ
Friday, Jun 09, 2017 - 02:50 PM (IST)
ਲੰਡਨ (ਰਾਜਵੀਰ ਸਮਰਾ)— ਇੰਗਲੈਂਡ ਦੇ ਮਿਡਲੈਂਡ 'ਚ ਵਸੇ ਸ਼ਹਿਰ ਲੈਸ਼ਟਰ 'ਚ ਬਹੁਤ ਹੀ ਭੀੜ-ਭਾੜ ਵਾਲੇ ਮੁਸਲਿਮ ਆਬਾਦੀ ਵਾਲੇ ਬਜ਼ਾਰ ਈਵਿੰਗਟਨ ਰੋਡ 'ਤੇ ਕੁਝ ਗੋਰਿਆਂ ਦੇ ਬੱਚਿਆਂ ਵਲੋਂ ਸੜਕ 'ਤੇ ਕਾਰ ਚਾਲਕ 'ਤੇ ਨਸਲੀ ਹਮਲਾ ਕਰਦਿਆਂ ਉਨ੍ਹਾਂ ਨੂੰ ਗਾਲ੍ਹਾਂ ਕੱਢਣ ਤੇ ਕਾਰਾਂ 'ਤੇ ਹਮਲਾ ਕਰਨ ਦਾ ਸਮਾਚਾਰ ਮਿਲਿਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੀ ਹਫ਼ਤੇ ਲੰਡਨ 'ਚ ਹੋਏ ਅੱਤਵਾਦੀ ਹਮਲੇ 'ਚ ਪ੍ਰਮੁੱਖ ਹਮਲਾਵਰ ਵਜੋਂ ਖੁਰਮ ਬੱਟ ਮੂਲ ਵਾਸੀ ਪਾਕਿਸਤਾਨ ਦਾ ਨਾਮ ਆਉਣ ਤੋਂ ਬਾਅਦ ਪੂਰੇ ਯੂ. ਕੇ. 'ਚ ਮੀਡੀਆ ਤੇ ਅਖਬਾਰਾਂ 'ਚ ਇਨ੍ਹਾਂ ਅੱਤਵਾਦੀਆਂ ਦੀ ਪਛਾਣ 'ਤੇ ਇਨ੍ਹਾਂ ਦੇ ਕੀਤੇ ਘਿਨਾਉਣੇ ਕਾਰੇ ਬਾਰੇ ਲਗਾਤਾਰ ਆ ਰਹੀਆਂ ਖਬਰਾਂ ਤੋਂ ਗੁੱਸੇ 'ਚ ਆਏ ਲੈਸਟਰ ਸ਼ਹਿਰ ਦੇ ਕੁਝ ਬ੍ਰਿਟਿਸ਼ ਬੱਚਿਆਂ 'ਚ ਏਸ਼ੀਅਨ ਮੂਲ ਦੇ ਲੋਕਾਂ ਖ਼ਾਸਕਰ ਪਾਕਿਸਤਾਨੀਆਂ ਪ੍ਰਤੀ ਨਫ਼ਰਤ ਭਰ ਗਈ ਹੈ, ਜਿਸ ਕਾਰਨ ਇਨ੍ਹਾਂ ਬੱਚਿਆਂ ਵਲੋਂ ਈਵਿੰਗਟਨ ਰੋਡ 'ਤੇ ਕਾਰ ਸਵਾਰ ਖ਼ਾਸ ਸਮੁਦਾਏ ਦੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਤੇ ਮੌਕੇ 'ਤੇ ਬਾਸਟਡ ਪਾਕਿ ਦੇ ਨਾਅਰੇ ਲਾਏ। ਇਸ ਦੇ ਨਾਲ ਹੀ ਗੋਰੇ ਬੱਚਿਆਂ ਵਲੋਂ ਕਾਰਾਂ ਦੇ ਸ਼ੀਸ਼ਿਆਂ 'ਤੇ ਵੀ ਪਾਕਿਸਤਾਨੀ ਲੋਕਾਂ ਖਿਲਾਫ ਭੜਕੀਲੇ ਨਾਰੇ ਲਿਖੇ।
ਦੱਸਣਯੋਗ ਹੈ ਕਿ ਬੀਤੇ ਦਿਨ ਗੋਰੇ ਬੱਚਿਆਂ ਵਲੋਂ ਲੈਸਟਰ ਦੀ ਇਕ ਪਾਰਕ 'ਚ ਇਕ ਦਸ ਸਾਲ ਦੀ ਲੜਕੀ 'ਤੇ ਨਸਲੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਸਬੰਧੀ ਸਥਾਨਕ ਪੁਲਸ ਵਲੋਂ ਲੋਕਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ ਤੇ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਤੁਰੰਤ ਪੁਲਸ ਦੇ ਨੰਬਰਾਂ 'ਤੇ ਕਾਲ ਕਰਨ ਦੀ ਅਪੀਲ ਕੀਤੀ ਗਈ ਹੈ।
