ਰੋਮਾਨੀਆ 'ਚ ਰੂਸੀ ਦੂਤਘਰ ਦੇ ਗੇਟ ਨਾਲ ਟਕਰਾਈ ਕਾਰ, ਡਰਾਈਵਰ ਦੀ ਮੌਤ
Wednesday, Apr 06, 2022 - 02:38 PM (IST)
ਬੁਖਾਰੇਸਟ (ਭਾਸ਼ਾ)- ਰੋਮਾਨੀਆ ਦੀ ਰਾਜਧਾਨੀ ਬੁਖਾਰੇਸਟ ਵਿੱਚ ਬੁੱਧਵਾਰ ਨੂੰ ਇੱਕ ਕਾਰ ਨੇ ਰੂਸੀ ਦੂਤਘਰ ਦੇ ਗੇਟ ਵਿੱਚ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਨੂੰ ਅੱਗ ਲੱਗ ਗਈ ਅਤੇ ਡਰਾਈਵਰ ਦੀ ਮੌਤ ਹੋ ਗਈ। ਪੁਲਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਾਰ ਸਵੇਰੇ 6 ਵਜੇ ਗੇਟ ਨਾਲ ਟਕਰਾ ਗਈ, ਪਰ ਇਹ ਦੂਤਘਰ ਦੇ ਅੰਦਰ ਨਹੀਂ ਜਾ ਸਕੀ।
ਘਟਨਾ ਨਾਲ ਸਬੰਧਤ ਇੱਕ ਵੀਡੀਓ ਵਿੱਚ ਕਾਰ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਵੇਖੀਆਂ ਜਾ ਸਕਦੀਆਂ ਹਨ ਅਤੇ ਸੁਰੱਖਿਆ ਬਲਾਂ ਨੂੰ ਇਲਾਕੇ ਵਿੱਚ ਭੱਜਦੇ ਦੇਖਿਆ ਜਾ ਸਕਦਾ ਹੈ। ਪੁਲਸ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਪਰ ਉਦੋਂ ਤੱਕ ਡਰਾਈਵਰ ਦੀ ਮੌਤ ਹੋ ਚੁੱਕੀ ਸੀ। ਘਟਨਾ ਸਬੰਧੀ ਹੋਰ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਇੱਥੇ ਰੂਸੀ ਦੂਤਘਰ ਨੇ ਐਸੋਸਿਏਟਿਡ ਪ੍ਰੈਸ ਨੂੰ ਫੋਨ 'ਤੇ ਦੱਸਿਆ ਕਿ ਉਹ ਘਟਨਾ ਬਾਰੇ ਹੋਰ ਵੇਰਵੇ ਨਹੀਂ ਦੇ ਸਕਦਾ ਹੈ।
ਜ਼ਿਕਰਯੋਗ ਹੈ ਕਿ ਰੋਮਾਨੀਆ ਯੂਕ੍ਰੇਨ ਦੀ ਸਰਹੱਦ ਨਾਲ ਲੱਗਦਾ ਹੈ ਅਤੇ ਯੂਕ੍ਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਤੋਂ ਹੁਣ ਤੱਕ 6 ਲੱਖ ਤੋਂ ਵੱਧ ਲੋਕ ਰੋਮਾਨੀਆ 'ਚ ਸ਼ਰਨ ਲੈ ਚੁੱਕੇ ਹਨ। ਰੋਮਾਨੀਆ ਨੇ ਮੰਗਲਵਾਰ ਨੂੰ 10 ਰੂਸੀ ਡਿਪਲੋਮੈਟਾਂ ਨੂੰ ਕੱਢ ਦਿੱਤਾ ਸੀ। ਰੋਮਾਨੀਆ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਦੂਤਘਰ ਦੇ 10 ਕਰਮਚਾਰੀ, ਜਿਨ੍ਹਾਂ ਨੂੰ ਗੈਰ-ਲੋੜੀਂਦੇ ਘੋਸ਼ਿਤ ਕੀਤਾ ਗਿਆ ਹੈ, ਉਨ੍ਹਾਂ ਦੀਆਂ ਗਤੀਵਿਧੀਆਂ ਕੂਟਨੀਤਕ ਸਬੰਧਾਂ 'ਤੇ 1961 ਦੀ ਵਿਏਨਾ ਸੰਧੀ ਦੀਆਂ ਵਿਵਸਥਾਵਾਂ ਦੀ ਉਲੰਘਣਾ ਕਰਦੀਆਂ ਹਨ।