ਹੁਣ ਕੋਰੋਨਾ ਦੇ ਇਨਫੈਕਸ਼ਨ ਨੂੰ ਰੋਕਣ ਲਈ ਹੋਵੇਗੀ ਭੰਗ ਦੀ ਵਰਤੋਂ!

Friday, May 22, 2020 - 01:22 AM (IST)

ਹੁਣ ਕੋਰੋਨਾ ਦੇ ਇਨਫੈਕਸ਼ਨ ਨੂੰ ਰੋਕਣ ਲਈ ਹੋਵੇਗੀ ਭੰਗ ਦੀ ਵਰਤੋਂ!

ਵੈਨਕੂਵਰ(ਇੰਟ.)- ਸੰਸਾਰਿਕ ਮਹਾਮਾਰੀ ਕੋਰੋਨਾ ਵਾਇਰਸ ਦੇ ਇਲਾਜ ਦੀ ਖੋਜ ’ਚ ਦੁਨੀਆਭਰ ਦੇ ਵਿਗਿਆਨੀ ਦਿਨ-ਰਾਤ ਇਕ ਕਰ ਰਹੇ ਹਨ। ਉਥੇ, ਕੈਨੇਡਾ ਦੇ ਕੁਝ ਵਿਗਿਆਨੀ ਭੰਗ (ਮਾਰੀਜੁਆਨਾ) ਦੇ ਕੰਪਾਊਂਡ ਨੂੰ ਲੈ ਕੇ ਟੈਸਟ ਕਰ ਰਹੇ ਹਨ ਕਿ ਕੀ ਇਸ ਨਾਲ ਕੋਰੋਨਾ ਦਾ ਇਨਫੈਕਸ਼ਨ ਰੋਕਿਆ ਜਾ ਸਕਦਾ ਹੈ। ਭਾਰਤ ’ਚ ਭੰਗ ਦੀ ਅਨੇਕਾਂ ਯੁੱਗਾਂ ਤੋਂ ਦਵਾਈ ਦੇ ਰੂਪ ’ਚ ਵਰਤੋਂ ਕੀਤੀ ਜਾਂਦੀ ਰਹੀ ਹੈ। ਲੈਥਬ੍ਰਿਜ ਯੂਨੀਵਰਸਿਟੀ ਦੇ ਵਿਗਿਆਨੀ ਇਸ ਉੱਪਰ ਖੋਜ ਕਰ ਰਹੇ ਹਨ। ਅਲਬਰਟਾ ਦੇ ਲੈਥਬ੍ਰਿਜ ਦੇ ਖੋਜਕਾਰ ਭੰਗ ਦੀਆਂ 12 ਕਿਸਮਾਂ ’ਤੇ ਖੋਜ ਕਰ ਰਹੇ ਹਨ ਜੋ ਮਨੁੱਖੀ ਸਰੀਰ ’ਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਰੋਕ ਸਕਦੀਆਂ ਹਨ। ਇਨ੍ਹਾਂ ਵਿਗਿਆਨੀਆਂ ਦਾ ਮੰਨਣਾ ਹੈ ਕਿ ਭੰਗ ਤੋਂ ਪ੍ਰਾਪਤ ਕੈਨਬਿਡੀਓਲ ਦੇ ਅਰਕ ’ਚ ਮੌਜੂਦ ਨਾਨ ਸਾਈਕੋਐਕਟਿਵ ਕੰਪੋਨੈਂਟਸ ਮਨੁੱਖੀ ਸਰੀਰ ’ਚ ਮੌਜੂਦ ਕੋਰੋਨਾ ਵਾਇਰਸ ਕੋਸ਼ਿਕਾਵਾਂ ਨੂੰ 70 ਫਈਸਦੀ ਤਕ ਘੱਟ ਕਰ ਸਕਦੇ ਹਨ।

ਭੰਗ ਦਾ ਸੇਵਨ ਖਤਰਨਾਕ
ਹਾਲਾਂਕਿ, ਵਿਗਿਆਨੀਆਂ ਨੇ ਇਹ ਵੀ ਕਿਹਾ ਹੈ ਕਿ ਲੋਕਾਂ ਨੂੰ ਭੰਗ ਦਾ ਸੇਵਨ ਨਹੀਂ ਕਰਨਾ ਚਾਹੀਦਾ। ਸਾਨੂੰ ਆਪਣੇ ਨਤੀਜੇ ਨੂੰ ਹੋਰ ਪੁਖਤਾ ਬਣਾਉਣ ਲਈ ਅਜੇ ਕਲੀਨਿਕਲ ਟ੍ਰਾਇਲ ਦੀ ਲੋੜ ਹੈ।

ਟੈਸਟ ’ਚ ਭੰਗ ਦੇ ਅਰਕ ਨੇ ਕੀਤਾ ਕੰਮ
ਟੈਸਟ ’ਚ ਇਹ ਪਤਾ ਲੱਗਿਆ ਹੈ ਕਿ ਕੋਰੋਨਾ ਵਾਇਰਸ ਦੇ ਮਨੁੱਖੀ ਸਰੀਰ ’ਚ ਕੋਰੋਨਾ ਵਾਇਰਸ ਨੂੰ ਗ੍ਰਹਿਣ ਕਰਨ ਵਾਲੀਆਂ ਕੋਸ਼ਿਕਾਵਾਂ ’ਤੇ ਭੰਗ ਦੇ ਅਰਕ ਨੇ ਆਪਣਾ ਅਸਰ ਪਾਇਆ ਹੈ। ਇਸ ਕਾਰਣ ਕੋਰੋਨਾ ਨੂੰ ਸਰੀਰ ’ਚ ਫੈਲਣ ਤੋਂ ਰੋਕਿਆ ਜਾ ਸਕਦਾ ਹੈ।

ਹੋਵੇਗਾ ਕਲੀਨਿਕਲ ਟ੍ਰਾਇਲ
ਖੋਜਕਾਰਾਂ ਮੁਤਾਬਕ ਭੰਗ ਦੇ ਜੋ ਵੀ ਉਤਪਾਦ ਮੌਜੂਦਾ ਸਮੇਂ ’ਚ ਬਾਜ਼ਾਰ ’ਚ ਮੁਹੱਈਆ ਹਨ ਉਹ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਰੋਕਣ ਲਈ ਡਿਜ਼ਾਈਨ ਨਹੀਂ ਕੀਤੇ ਗਏ ਹਨ। ਇਸ ਲਈ ਅਸੀਂ ਕਲੀਨਿਕਲ ਟ੍ਰਾਇਲ ਤੋਂ ਬਾਅਦ ਹੀ ਇਸਦੇ ਬਾਰੇ ਜ਼ਿਆਦਾ ਜਾਣ ਸਕਾਂਗੇ। ਜੇਕਰ ਟ੍ਰਾਇਲ ਸਫਲ ਰਹਿੰਦਾ ਹੈ ਤਾਂ ਕੈਨੇਬੀਡੀਓਲ ਦੇ ਅਰਕ ਨੂੰ ਮਾਉਥਵਾਸ਼, ਗਾਰਕਲ, ਇਨਹੇਲੈਂਟ ਜਾਂ ਜੈੱਲ ਕੈਪ ਦੇ ਰੂਪ ’ਚ ਇਸਤੇਮਾਲ ਕੀਤਾ ਜਾ ਸਕਦਾ ਹੈ।


author

Baljit Singh

Content Editor

Related News