'ਕੈਂਸਰ ਦੀ ਵੈਕਸੀਨ ਤਿਆਰ', ਰੂਸ ਨੇ ਮੈਡੀਕਲ ਸਾਇੰਸ 'ਚ ਵੱਡੇ ਕਾਰਨਾਮੇ ਦਾ ਕੀਤਾ ਦਾਅਵਾ

Wednesday, Dec 18, 2024 - 10:06 AM (IST)

ਇੰਟਰਨੈਸ਼ਨਲ ਡੈਸਕ : ਰੂਸ ਦੇ ਸਿਹਤ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕੈਂਸਰ ਦੀ ਵੈਕਸੀਨ ਤਿਆਰ ਕੀਤੀ ਹੈ, ਜੋ ਉਹ ਆਪਣੇ ਨਾਗਰਿਕਾਂ ਨੂੰ ਮੁਫ਼ਤ ਵਿਚ ਦੇਵੇਗਾ। 'ਡੇਲੀ ਮੇਲ' ਦੀ ਇਕ ਰਿਪੋਰਟ ਮੁਤਾਬਕ, ਰੂਸੀ ਸਿਹਤ ਮੰਤਰਾਲੇ ਦੇ ਰੇਡੀਓਲੋਜੀ ਮੈਡੀਕਲ ਰਿਸਰਚ ਸੈਂਟਰ ਦੇ ਮੁਖੀ ਆਂਦਰੇ ਕਪ੍ਰਿਨ ਨੇ ਕਿਹਾ ਕਿ ਵੈਕਸੀਨ ਸ਼ਾਟ 2025 ਦੇ ਸ਼ੁਰੂ ਵਿਚ ਲਾਂਚ ਕੀਤਾ ਜਾਵੇਗਾ।

ਰਿਪੋਰਟ ਮੁਤਾਬਕ ਇਹ ਟੀਕਾ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ ਹੋਵੇਗਾ। ਇਸਦੀ ਵਰਤੋਂ ਟਿਊਮਰ ਬਣਨ ਤੋਂ ਰੋਕਣ ਲਈ ਨਹੀਂ ਕੀਤੀ ਜਾਵੇਗੀ। ਰੂਸੀ ਵਿਗਿਆਨੀਆਂ ਦੁਆਰਾ ਪਹਿਲਾਂ ਦਿੱਤੇ ਬਿਆਨਾਂ ਦਾ ਸੁਝਾਅ ਹੈ ਕਿ ਹਰੇਕ ਸ਼ਾਟ ਵਿਅਕਤੀਗਤ ਮਰੀਜ਼ ਲਈ ਤਿਆਰ ਕੀਤਾ ਜਾਵੇਗਾ, ਜਿਹੜਾ ਪੱਛਮੀ ਦੇਸ਼ਾਂ ਵਿਚ ਵਿਕਸਤ ਹੋ ਰਹੀ ਕੈਂਸਰ ਵੈਕਸੀਨ ਦੇ ਸਮਾਨ ਹੈ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਇਹ ਟੀਕਾ ਕਿਸ ਕਿਸਮ ਦੇ ਕੈਂਸਰ ਦਾ ਇਲਾਜ ਕਰੇਗਾ, ਇਹ ਕਿੰਨਾ ਪ੍ਰਭਾਵਸ਼ਾਲੀ ਹੋਵੇਗਾ ਜਾਂ ਰੂਸ ਇਸ ਨੂੰ ਕਿਵੇਂ ਲਾਗੂ ਕਰੇਗਾ। ਇਸ ਦੇ ਨਾਲ ਹੀ ਵੈਕਸੀਨ ਦਾ ਨਾਂ ਅਜੇ ਸਾਹਮਣੇ ਨਹੀਂ ਆਇਆ ਹੈ।

ਇਹ ਵੀ ਪੜ੍ਹੋ : ਇਸ ਦੇਸ਼ 'ਚ ਡਾਕਟਰ, ਨਰਸਾਂ ਤੇ ਟੀਚਰਾਂ ਨੂੰ ਕਰਨਾ ਪੈਂਦਾ ਹੈ ਗੰਦਾ ਕੰਮ, ਕਿਹਾ-ਭੋਗ ਰਹੇ ਆਂ ਨਰਕ

ਰੂਸ 'ਚ ਵੱਧ ਰਹੀ ਹੈ ਕੈਂਸਰ ਮਰੀਜ਼ਾਂ ਦੀ ਗਿਣਤੀ
ਦੁਨੀਆ ਦੇ ਬਾਕੀ ਦੇਸ਼ਾਂ ਵਾਂਗ ਰੂਸ ਵਿਚ ਵੀ ਕੈਂਸਰ ਦੀ ਦਰ ਵੱਧ ਰਹੀ ਹੈ। 2022 ਵਿਚ ਕੈਂਸਰ ਦੇ ਮਰੀਜ਼ਾਂ ਦੇ 635,000 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਸਨ। ਕੋਲਨ, ਛਾਤੀ ਅਤੇ ਫੇਫੜਿਆਂ ਦੇ ਕੈਂਸਰ ਰੂਸ ਵਿਚ ਸਭ ਤੋਂ ਆਮ ਕਿਹਾ ਜਾਂਦਾ ਹੈ। ਵਿਅਕਤੀਗਤ ਕੈਂਸਰ ਵੈਕਸੀਨਾਂ ਵਿਚ ਰੋਗੀ ਦੇ ਕੈਂਸਰ ਲਈ ਵਿਸ਼ੇਸ਼ ਪ੍ਰੋਟੀਨ ਨੂੰ ਪਛਾਣਨ ਅਤੇ ਪ੍ਰਤੀਕਿਰਿਆ ਕਰਨ ਲਈ ਇਮਿਊਨ ਸਿਸਟਮ ਨੂੰ ਸਿਖਾਉਣਾ ਸ਼ਾਮਲ ਹੁੰਦਾ ਹੈ। ਇਸਦੇ ਲਈ ਟੀਕੇ ਇਕ ਮਰੀਜ਼ ਦੇ ਟਿਊਮਰ ਤੋਂ ਜੈਨੇਟਿਕ ਸਮੱਗਰੀ, ਜਿਸ ਨੂੰ ਆਰਐੱਨਏ ਕਹਿੰਦੇ ਹਨ, ਦੀ ਵਰਤੋਂ ਕਰਦੇ ਹਨ। 

ਦੱਸਣਯੋਗ ਹੈ ਕਿ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਹਾਲ ਹੀ ਵਿਚ ਦੱਸਿਆ ਸੀ ਕਿ ਉਨ੍ਹਾਂ ਦੇ ਦੇਸ਼ ਦੇ ਵਿਗਿਆਨੀ ਕੈਂਸਰ ਦੇ ਟੀਕੇ 'ਤੇ ਕੰਮ ਕਰ ਰਹੇ ਹਨ ਅਤੇ ਉਹ ਆਖਰੀ ਪੜਾਅ 'ਤੇ ਹਨ। ਰਾਸ਼ਟਰਪਤੀ ਨੇ ਕਿਹਾ ਸੀ, "ਅਸੀਂ ਕੈਂਸਰ ਦੇ ਟੀਕੇ ਅਤੇ ਨਵੀਂ ਪੀੜ੍ਹੀ ਦੀ ਇਮਯੂਨੋਮੋਡਿਊਲੇਟਰੀ ਦਵਾਈਆਂ ਬਣਾਉਣ ਦੇ ਬਹੁਤ ਨੇੜੇ ਹਾਂ।" ਦੂਜੇ ਦੇਸ਼ਾਂ ਨੇ ਵੀ ਆਪਣੇ ਵਿਅਕਤੀਗਤ ਕੈਂਸਰ ਦੇ ਟੀਕੇ ਵਿਕਸਿਤ ਕਰਨ 'ਤੇ ਕੰਮ ਕੀਤਾ ਹੈ। ਇਸ ਤੋਂ ਪਹਿਲਾਂ ਮਈ ਵਿਚ ਫਲੋਰੀਡਾ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਚਾਰ ਮਰੀਜ਼ਾਂ 'ਤੇ ਇਕ ਵਿਅਕਤੀਗਤ ਟੀਕੇ ਦੀ ਜਾਂਚ ਕੀਤੀ ਸੀ।

ਇਹ ਵੀ ਪੜ੍ਹੋ : ਇਹ ਹੈ ਦੁਨੀਆ ਦਾ ਸਭ ਤੋਂ ਗੋਲਾਕਾਰ ਆਂਡਾ, ਕੀਮਤ 'ਸਿਰਫ' 21000 ਰੁਪਏ

ਕੁਝ ਕੈਂਸਰ ਲਈ ਮੌਜੂਦ ਹਨ ਵੈਕਸੀਨ
ਵਿਸ਼ਵ ਸਿਹਤ ਸੰਗਠਨ ਮੁਤਾਬਕ, ਇਸ ਸਮੇਂ ਮਨੁੱਖੀ ਪੈਪੀਲੋਮਾਵਾਇਰਸ (ਐੱਚਪੀਵੀ) ਦੇ ਵਿਰੁੱਧ 6 ਲਾਇਸੰਸਸ਼ੁਦਾ ਟੀਕੇ ਹਨ, ਜੋ ਸਰਵਾਈਕਲ ਕੈਂਸਰ ਸਮੇਤ ਕਈ ਕੈਂਸਰਾਂ ਦਾ ਕਾਰਨ ਬਣਦੇ ਹਨ, ਨਾਲ ਹੀ ਹੈਪੇਟਾਈਟਸ ਬੀ (ਐੱਚਬੀਵੀ) ਦੇ ਵਿਰੁੱਧ ਟੀਕੇ, ਜੋ ਕਿ ਜਿਗਰ ਦੇ ਕੈਂਸਰ ਦਾ ਕਾਰਨ ਬਣ ਸਕਦੇ ਹਨ। ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਰੂਸ ਨੇ ਕੋਵਿਡ-19 ਲਈ ਆਪਣੀ ਸਪੁਟਨਿਕ ਵੀ ਵੈਕਸੀਨ ਵੀ ਬਣਾਈ ਅਤੇ ਇਸ ਨੂੰ ਕਈ ਦੇਸ਼ਾਂ ਨੂੰ ਵੇਚ ਦਿੱਤਾ ਸੀ।


 


Sandeep Kumar

Content Editor

Related News