ਭਾਰਤ ਨੇ ਅਮਰੀਕਾ-ਰੂਸ ਸੰਮੇਲਨ ਦਾ ਕੀਤਾ ਸਮਰਥਨ, PM ਮੋਦੀ ਦੀ ਟਿੱਪਣੀ ਦਾ ਦਿੱਤਾ ਹਵਾਲਾ

Sunday, Aug 10, 2025 - 12:54 PM (IST)

ਭਾਰਤ ਨੇ ਅਮਰੀਕਾ-ਰੂਸ ਸੰਮੇਲਨ ਦਾ ਕੀਤਾ ਸਮਰਥਨ, PM ਮੋਦੀ ਦੀ ਟਿੱਪਣੀ ਦਾ ਦਿੱਤਾ ਹਵਾਲਾ

ਨਵੀਂ ਦਿੱਲੀ/ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਹ ਐਲਾਨ ਕੀਤੇ ਜਾਣ ਤੋਂ ਬਾਅਦ ਕਿ ਉਹ ਅਗਲੇ ਸ਼ੁੱਕਰਵਾਰ ਮਤਲਬ 15 ਅਗਸਤ ਨੂੰ ਅਲਾਸਕਾ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਯੂਕ੍ਰੇਨ ਵਿੱਚ ਜੰਗ ਨੂੰ ਖਤਮ ਕਰਨ ਦੇ ਉਦੇਸ਼ ਨਾਲ ਗੱਲਬਾਤ ਲਈ ਮੁਲਾਕਾਤ ਕਰਨਗੇ। ਇਸ 'ਤੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਭਾਰਤ ਅਮਰੀਕਾ ਅਤੇ ਰੂਸ ਵਿਚਕਾਰ ਬੈਠਕ ਲਈ ਬਣੀ ਸਹਿਮਤੀ ਦਾ ਸਵਾਗਤ ਕਰਦਾ ਹੈ।

ਬਿਆਨ ਮੁਤਾਬਕ,"ਭਾਰਤ 15 ਅਗਸਤ, 2025 ਨੂੰ ਅਲਾਸਕਾ ਵਿੱਚ ਹੋਣ ਵਾਲੀ ਮੀਟਿੰਗ ਲਈ ਸੰਯੁਕਤ ਰਾਜ ਅਮਰੀਕਾ ਅਤੇ ਰੂਸੀ ਸੰਘ ਵਿਚਕਾਰ ਬਣੀ ਸਹਿਮਤੀ ਦਾ ਸਵਾਗਤ ਕਰਦਾ ਹੈ।" ਬਿਆਨ ਵਿੱਚ ਅੱਗੇ ਕਿਹਾ ਗਿਆ ਹੈ, "ਇਹ ਮੀਟਿੰਗ ਯੂਕ੍ਰੇਨ ਵਿੱਚ ਚੱਲ ਰਹੇ ਸੰਘਰਸ਼ ਨੂੰ ਖ਼ਤਮ ਕਰਨ ਅਤੇ ਸ਼ਾਂਤੀ ਲਈ ਸੰਭਾਵਨਾਵਾਂ ਖੋਲ੍ਹਣ ਦਾ ਵਾਅਦਾ ਕਰਦੀ ਹੈ। ਜਿਵੇਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਮੌਕਿਆਂ 'ਤੇ ਕਿਹਾ ਹੈ, "ਇਹ ਯੁੱਧ ਦਾ ਯੁੱਗ ਨਹੀਂ ਹੈ।"

2015 ਤੋਂ ਬਾਅਦ ਪੁਤਿਨ ਦਾ ਇਹ ਪਹਿਲਾ ਸੰਯੁਕਤ ਰਾਜ ਅਮਰੀਕਾ ਦੌਰਾ ਹੋਵੇਗਾ, ਜਦੋਂ ਉਹ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਮਿਲੇ ਸਨ। ਟਰੁੱਥ ਸੋਸ਼ਲ 'ਤੇ ਇੱਕ ਪੋਸਟ ਵਿੱਚ ਟਰੰਪ ਨੇ ਲਿਖਿਆ, "ਸੰਯੁਕਤ ਰਾਜ ਦੇ ਰਾਸ਼ਟਰਪਤੀ ਵਜੋਂ ਮੇਰੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਕਾਰ ਬਹੁਤ-ਉਮੀਦ ਕੀਤੀ ਗਈ ਮੁਲਾਕਾਤ ਅਗਲੇ ਸ਼ੁੱਕਰਵਾਰ, 15 ਅਗਸਤ, 2025 ਨੂੰ ਅਲਾਸਕਾ ਦੇ ਮਹਾਨ ਰਾਜ ਵਿੱਚ ਹੋਵੇਗੀ। ਹੋਰ ਜਾਣਕਾਰੀ ਬਾਅਦ ਵਿੱਚ ਪ੍ਰਦਾਨ ਕੀਤੀ ਜਾਵੇਗੀ। ਇਸ ਮਾਮਲੇ ਵੱਲ ਧਿਆਨ ਦੇਣ ਲਈ ਤੁਹਾਡਾ ਧੰਨਵਾਦ!

ਪੜ੍ਹੋ ਇਹ ਅਹਿਮ ਖ਼ਬਰ-Zelensky ਨੇ Trump ਦਾ ਪ੍ਰਸਤਾਵ ਕੀਤਾ ਰੱਦ, ਜੰਗਬੰਦੀ 'ਤੇ ਸ਼ਸ਼ੋਪੰਜ ਬਰਕਰਾਰ

ਕ੍ਰੇਮਲਿਨ ਨੇ ਰਿਪੋਰਟ ਦਿੱਤੀ ਕਿ ਦੋਵੇਂ ਨੇਤਾ "ਯੂਕ੍ਰੇਨੀ ਸੰਕਟ ਦੇ ਲੰਬੇ ਸਮੇਂ ਦੇ ਸ਼ਾਂਤੀਪੂਰਨ ਹੱਲ ਲਈ ਵਿਕਲਪਾਂ 'ਤੇ ਚਰਚਾ ਕਰਨ 'ਤੇ ਧਿਆਨ ਕੇਂਦਰਿਤ ਕਰਨਗੇ"। ਇਸ ਪ੍ਰਕਿਰਿਆ ਨੂੰ "ਚੁਣੌਤੀਪੂਰਨ" ਦੱਸਿਆ ਅਤੇ ਕਿਹਾ ਮਾਸਕੋ ਇਸ ਵਿੱਚ "ਜੋਸ਼ ਅਤੇ ਊਰਜਾ ਨਾਲ" ਹਿੱਸਾ ਲਵੇਗਾ। ਉੱਧਰ ਵ੍ਹਾਈਟ ਹਾਊਸ ਵਿੱਚ ਬੋਲਦੇ ਹੋਏ ਟਰੰਪ ਨੇ ਅਰਮੀਨੀਆ-ਅਜ਼ਰਬਾਈਜਾਨ ਸ਼ਾਂਤੀ ਸਮਝੌਤੇ 'ਤੇ ਦਸਤਖ਼ਤ ਦੌਰਾਨ ਕਿਹਾ ਕਿ ਇੱਕ ਸਮਝੌਤੇ ਵਿੱਚ ਜ਼ਮੀਨ ਦੀ ਅਦਲਾ-ਬਦਲੀ ਸ਼ਾਮਲ ਹੋ ਸਕਦੀ ਹੈ। ਉਸਨੇ ਪੱਤਰਕਾਰਾਂ ਨੂੰ ਕਿਹਾ,"ਅਸੀਂ ਕੁਝ ਜ਼ਮੀਨ ਵਾਪਸ ਲਵਾਂਗੇ ਅਤੇ ਕੁਝ ਜ਼ਮੀਨ ਦਾ ਆਦਾਨ-ਪ੍ਰਦਾਨ ਕਰਾਂਗੇ। ਦੋਵਾਂ ਦੇ ਹਿੱਤ ਵਿੱਚ ਕੁਝ ਜ਼ਮੀਨ ਦੀ ਅਦਲਾ-ਬਦਲੀ ਹੋਵੇਗੀ, ਪਰ ਅਸੀਂ ਇਸ ਬਾਰੇ ਬਾਅਦ ਵਿੱਚ ਜਾਂ ਕੱਲ੍ਹ ਗੱਲ ਕਰਾਂਗੇ"।

ਹਾਲਾਂਕਿ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਯੂਕ੍ਰੇਨੀਅਨ "ਆਪਣੀ ਜ਼ਮੀਨ ਕਬਜ਼ਾ ਕਰਨ ਵਾਲਿਆਂ ਨੂੰ ਨਹੀਂ ਦੇਣਗੇ। ਯੂਕ੍ਰੇਨ ਦੇ ਖੇਤਰੀ ਸਵਾਲ ਦਾ ਜਵਾਬ ਪਹਿਲਾਂ ਹੀ ਯੂਕ੍ਰੇਨ ਦੇ ਸੰਵਿਧਾਨ ਵਿੱਚ ਹੈ। ਕੋਈ ਵੀ ਇਸ ਤੋਂ ਭਟਕੇਗਾ ਨਹੀਂ ਅਤੇ ਕੋਈ ਵੀ ਇਸ ਤੋਂ ਭਟਕ ਨਹੀਂ ਸਕਦਾ।" ਟਰੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕੌਫ ਨੇ ਮਾਸਕੋ ਵਿੱਚ ਪੁਤਿਨ ਨਾਲ ਤਿੰਨ ਘੰਟੇ ਦੀ ਮੀਟਿੰਗ ਕੀਤੀ। ਅਮਰੀਕਾ ਨੇ ਕਿਹਾ ਕਿ ਇਹ ਮੀਟਿੰਗ "ਬਹੁਤ ਹੀ ਲਾਭਕਾਰੀ" ਰਹੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News