ਜੇ ਸਾਡੀ ਪਾਰਟੀ ਜਿੱਤੀ ਤਾਂ ਕੈਨੇਡੀਅਨਾਂ ਨੂੰ ਮਿਲੇਗੀ ''ਮੁਫਤ ਇਲਾਜ'' ਦੀ ਸਹੂਲਤ : ਜਗਮੀਤ ਸਿੰਘ
Wednesday, Sep 18, 2019 - 10:14 PM (IST)

ਸਡਬਰੀ - ਕੈਨੇਡਾ 'ਚ ਆਮ ਚੋਣਾਂ ਦੀ ਤਰੀਕ ਜਿਵੇਂ-ਜਿਵੇਂ ਨੇੜੇ ਆ ਰਹੀ ਹੈ ਪਾਰਟੀਆਂ ਆਪਣੇ ਚੋਣ ਪ੍ਰਚਾਰ ਜ਼ੋਰ-ਸ਼ੋਰ ਨਾਲ ਕਰ ਰਹੀਆਂ ਹਨ। ਓਨਟਾਰੀਓ ਦੇ ਸ਼ਹਿਰ ਸਡਬਰੀ 'ਚ ਚੋਣ ਪ੍ਰਚਾਰ ਕਰਨ ਪਹੁੰਚੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਪ੍ਰਧਾਨ ਜਗਮੀਤ ਸਿੰਘ ਸਥਾਨਕ ਲੋਕਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ 'ਚ ਇਥੋਂ ਦੇ ਡੈੱਨਟਿਸਟ ਆਫਿਸ ਪਹੁੰਚੇ।
ਡੈੱਨਟਿਸਟ ਆਫਿਸ 'ਚ ਉਨ੍ਹਾਂ ਐਲਾਨ ਕੀਤਾ ਕਿ ਜੇਕਰ ਸਾਡੀ ਸਰਕਾਰ ਆਮ ਚੋਣਾਂ ਜਿੱਤਦੀ ਹੈ ਤਾਂ ਅਸੀਂ ਪਹਿਲੇ ਸਾਲ ਦੀ ਸ਼ੁਰੂਆਤ 'ਚ ਹੀ ਕੈਨੇਡਾ ਵਾਸੀਆਂ ਨੂੰ ਮੁਫਤ ਦੰਦਾ ਦੇ ਇਲਾਜ ਦੀ ਸਹੂਲਤ ਪ੍ਰਦਾਨ ਕਰਾਂਗੇ। ਇਸ ਤੋਂ ਬਾਅਦ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਕਰੀਬ 2 ਸਾਲਾ ਦੇ ਅੰਦਰ ਸਾਡੀ ਸਰਕਾਰ ਕਰੀਬ 4 ਮਿਲੀਅਨ ਕੈਨੇਡੀਅਨਾਂ ਨੂੰ ਸਰਕਾਰੀ ਡੈਂਟਲ ਇੰਸ਼ੋਰੈਂਸ ਵੀ ਮੁਹੱਈਆ ਕਰਾਵੇਗੀ।
ਇਥੇ ਦੱਸ ਦਈਏ ਕਿ ਮੁਫਤ ਦੰਦਾ ਦਾ ਇਲਾਜ ਉਨ੍ਹਾਂ ਕੈਨੇਡੀਅਨ ਵਾਸੀਆਂ ਨੂੰ ਪ੍ਰਦਾਨ ਕਰਾਇਆ ਜਾਵੇਗਾ, ਜਿਨ੍ਹਾਂ ਦੀ ਤਨਖਾਹ 70 ਹਜ਼ਾਰ ਡਾਲਰ ਸਾਲਾਨਾ ਤੋਂ ਘੱਟ ਹੋਵੇਗੀ ਅਤੇ ਇਸ ਤੋਂ ਇਲਾਵਾ ਜਿਨਾਂ ਕੈਨੇਡੀਅਨਾਂ ਵਾਸੀਆਂ ਦੀ ਤਨਖਾਹ 70 ਹਜ਼ਾਰ ਤੋਂ 90 ਹਜ਼ਾਰ ਡਾਲਰ ਸਾਲਾਨਾ ਵਿਚਾਲੇ ਹੋਵੇਗੀ, ਉਨ੍ਹਾਂ ਨੂੰ ਸਹਿ ਭੁਗਤਾਨ ਰਾਹੀਂ ਅਸ਼ੰਕ ਕਵਰੇਜ਼ ਦੀ ਸੇਵਾ ਪ੍ਰਦਾਨ ਕੀਤੀ ਜਾਵੇਗੀ।
ਜਗਮੀਤ ਸਿੰਘ ਨੇ ਇਕ ਦਿਨ ਪਹਿਲਾਂ ਹੀ ਆਮ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਉਹ ਆਉਣ ਵਾਲੇ 10 ਸਾਲਾ ਦੌਰਾਨ ਦੇਸ਼ ਭਰ 'ਚ 5 ਲੱਖ ਸਸਤੇ ਘਰਾਂ ਦਾ ਨਿਰਮਾਣ ਕਰਵਾਉਣਗੇ ਪਰ ਉਨ੍ਹਾਂ ਨੇ ਇਸ ਦੇ ਨਾਲ ਇਕ ਸ਼ਰਤ ਵੀ ਰੱਖੀ ਹੈ। ਉਨ੍ਹਾਂ ਆਖਿਆ ਕਿ ਇਹ ਤਾਂ ਹੀ ਸੰਭਵ ਹੋਵੇਗਾ ਜੇਕਰ ਉਨ੍ਹਾਂ ਦੀ ਪਾਰਟੀ ਚੁਣੀ ਜਾਵੇਗੀ ਅਤੇ ਉਨ੍ਹਾਂ ਨਾਲ ਹੀ ਆਖਿਆ ਕਿ ਇਸ ਦਾ ਫਾਇਦਾ ਆਮ ਲੋਕਾਂ ਨੂੰ ਮਿਲੇਗਾ।