ਕੈਨੇਡੀਅਨ PM ਨੇ ਇਕ ਵਾਰ ਫਿਰ ਕੀਤੀ ਕਿਸਾਨ ਅੰਦੋਲਨ ਦੀ ਹਿਮਾਇਤ
Saturday, Dec 05, 2020 - 09:04 AM (IST)
ਨਿਊਯਾਰਕ/ ਵੈਨਕੂਵਰ, ( ਰਾਜ ਗੋਗਨਾ )-ਭਾਰਤ ਵੱਲੋਂ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਤਲਬ ਕਰਨ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸਾਫ ਕਰ ਦਿੱਤਾ ਹੈ ਕਿ ਕੈਨੇਡਾ ਦੁਨੀਆ ਭਰ ਵਿਚ ਮਨੁੱਖੀ ਅਧਿਕਾਰਾਂ ਅਤੇ ਸ਼ਾਂਤੀਪੂਰਵਕ ਢੰਗ ਨਾਲ ਕੀਤੇ ਜਾਂਦੇ ਰੋਸ ਮੁਜ਼ਾਹਰਿਆਂ ਦੀ ਵਕਾਲਤ ਕਰਦਾ ਰਹੇਗਾ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਕੈਨੇਡਾ ਆਪਣੀਆਂ ਕਦਰਾਂ-ਕੀਮਤਾਂ ਅਤੇ ਮਨੁੱਖੀ ਅਧਿਕਾਰਾਂ ਪ੍ਰਤੀ ਪੂਰਾ ਵਚਨਬੱਧ ਹੈ ਅਤੇ ਰਹੇਗਾ। ਗੌਰਤਲਬ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ, ਕੈਬਨਿਟ ਮੰਤਰੀਆਂ ਤੇ ਹੋਰ ਰਾਜਨੀਤਕ ਆਗੂਆਂ ਵੱਲੋਂ ਭਾਰਤ ਦੇ ਕਿਸਾਨਾਂ ਦੇ ਹੱਕ ਵਿਚ ਬਿਆਨ ਜਾਰੀ ਕਰਨ ਤੋਂ ਬਾਅਦ ਭਾਰਤ ਵੱਲੋਂ ਕੈਨੇਡੀਅਨ ਰਾਜਦੂਤ ਨੂੰ ਤਲਬ ਕੀਤਾ ਗਿਆ ਸੀ।
ਭਾਰਤ ਦਾ ਕਹਿਣਾ ਹੈ ਕਿ ਭਾਰਤ ਇਕ ਲੋਕਤੰਤਰੀ ਦੇਸ਼ ਹੈ ਤੇ ਕਿਸਾਨਾਂ ਦੇ ਮੁੱਦਿਆਂ 'ਤੇ ਕੈਨੇਡਾ ਦੇ ਨੇਤਾਵਾਂ ਦੀ ਟਿੱਪਣੀ ਸਾਡੀ ਅੰਦਰੂਨੀ ਮਾਮਲਿਆਂ ਵਿਚ ਬਰਦਾਸ਼ਤ ਨਾ ਕਰਨ ਯੋਗ ਦਖ਼ਲਅੰਦਾਜ਼ੀ ਹੈ। ਵਿਦੇਸ਼ ਮੰਤਰਾਲਾ ਦਾ ਕਹਿਣਾ ਹੈ ਕਿ ਅਜਿਹੀ ਟਿੱਪਣੀ ਨਾਲ ਭਾਰਤ ਅਤੇ ਕੈਨੇਡਾ ਦੇ ਸਬੰਧਾਂ 'ਤੇ ਗੰਭੀਰ ਪ੍ਰਭਾਵ ਪੈ ਸਕਦਾ ਹੈ।