ਕੈਨੇਡਾ ਕਰੇਗਾ ਇਰਾਕ ਦੇ 1200 ਯਹੂਦੀ ਸ਼ਰਣਾਰਥੀਆਂ ਦਾ ਮੁੜ ਵਸੇਬਾ

02/22/2017 11:17:16 AM

ਓਟਾਵਾ— ਇਰਾਕ ''ਚ ਅੱਤਵਾਦੀ ਸੰਗਠਨ ਆਈ.ਐੱਸ ਵਾਰ-ਵਾਰ ਯਹੂਦੀ ਸ਼ਰਣਾਰਥੀਆਂ ਨੂੰ ਆਪਣਾ ਨਿਸ਼ਾਨਾ ਬਣਾ ਰਿਹਾ ਹੈ। ਸ਼ਰਣਾਰਥੀਆਂ ਦੀ ਸੁਰੱਖਿਆ ਲਈ ਕੈਨੇਡਾ ਨੇ ਮੁੜ ਵੱਡਾ ਕਦਮ ਚੁੱਕਿਆ ਹੈ ਅਤੇ ਉਨ੍ਹਾਂ ਕਿਹਾ ਹੈ ਕਿ ਉਹ 1200 ਸ਼ਰਣਾਰਥੀਆਂ ਨੂੰ ਸ਼ਰਣ ਦੇਵੇਗਾ। ਇਹ ਐਲਾਨ ਟਰੂਡੋ ਸਰਕਾਰ ਵੱਲੋਂ ਮੰਗਲਵਾਰ ਨੂੰ ਕੀਤਾ ਗਿਆ। ਇਨ੍ਹਾਂ ''ਚੋਂ ਲਗਭਗ 400 ਸ਼ਰਣਾਰਥੀਆਂ ਨੂੰ ਪਹਿਲਾਂ ਹੀ ਕੈਨੇਡਾ ''ਚ ਸ਼ਰਣ ਦਿੱਤੀ ਗਈ ਹੈ।। ਇਸ ਦੀ ਸ਼ੁਰੂਆਤ 25 ਅਕਤੂਬਰ 2016 ਨੂੰ ਹੋਈ ਸੀ। ਸਰਕਾਰ ਦੇ ਇਸ ਕਦਮ ਦੀ ਕੰਜ਼ਰਵੇਟਿਵ ਐਮ.ਪੀ. ਮਿਸ਼ੇਲ ਰੈਂਪਲ ਵੱਲੋਂ ਸ਼ਲਾਘਾ ਕੀਤੀ ਗਈ। ਇਸ ਨਾਲ ਦੁਨੀਆ ਭਰ ਵਿੱਚ ਇਹ ਸੁਨੇਹਾ ਜਾਵੇਗਾ ਕਿ ਯਹੂਦੀ ਲੋਕਾਂ ਨੂੰ ਜਲਦੀ ਹੀ ਸੁਰੱਖਿਅਤ ਦੇਸ਼ਾਂ ਵਿੱਚ ਪਹੁੰਚਾਉਣ ਦੀ ਜ਼ਰੂਰਤ ਹੈ। 
ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਆਈ. ਐੱਸ. ਸੰਗਠਨ ਦੇ ਅਰਬੀ ਨਾਂ ''ਦਾਏਸ਼'' ਦੀ ਵਰਤੋਂ ਕੀਤੀ ਅਤੇ ਕਿਹਾ ਕਿ ਦਾਏਸ਼ ਦੇ ਤਸੀਹਿਆਂ ਤੋਂ ਬਚੇ ਲੋਕਾਂ ਨੂੰ ਇਸ ਸਾਲ ਦੇ ਅਖੀਰ ਤਕ ਕੈਨੇਡਾ ਸੱਦ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਵੇਂ ਐਲਾਨ ਤੋਂ ਬਾਅਦ ਕੈਨੇਡਾ ''ਤੇ 2.8 ਕਰੋੜ ਡਾਲਰ (ਕੈਨੇਡੀਅਨ ਕਰੰਸੀ) ਦਾ ਖਰਚਾ ਆਉਣ ਦੀ ਸੰਭਾਵਨਾ ਹੈ।
ਉਨ੍ਹਾਂ ਕਿਹਾ ਕਿ ਆਈ. ਐੱਸ. ਸੰਗਠਨ ਯਹੂਦੀਆਂ ਨੂੰ ਮਾਰ ਰਿਹਾ ਹੈ। ਕੈਨੇਡਾ ਦੀ ਪਹਿਲ ਔਰਤਾਂ ਅਤੇ ਬੱਚਿਆਂ ਨੂੰ ਸੁਰੱਖਿਆ ਦੇਣ ਦੀ ਹੈ। ਉਨ੍ਹਾਂ ਕਿਹਾ ਕਿ ਓਟਾਵਾ ਨੂੰ ਜਾਣਕਾਰੀ ਮਿਲੀ ਹੈ ਕਿ ਦਾਏਸ਼ ਜਾਣ-ਬੁੱਝ ਕੇ ਮੁੰਡਿਆਂ ਨੂੰ ਵੀ ਨਿਸ਼ਾਨਾ ਬਣਾ ਰਿਹਾ ਹੈ। ਇਸ ਲਈ ਉਹ ਸਭ ਦੀ ਸੁਰੱਖਿਆ ਲਈ ਮਦਦ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਸਾਲ 2015 ਦੇ ਅਖੀਰ ''ਚ ਸੱਤਾ ''ਚ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਹੁਣ ਤਕ 40,000 ਸੀਰੀਆਈ ਸ਼ਰਣਾਰਥੀਆਂ ਦਾ ਮੁੜ ਵਸੇਬਾ ਕਰ ਚੁੱਕੀ ਹੈ। 
 

Related News