ਕੈਨੇਡਾ ''ਚ ਫਲਾਇਡ ਦੇ ਸਮਰਥਨ ਵਿਚ ਹੋ ਰਹੀ ਰੈਲੀ ''ਚ ਅਚਾਨਕ ਪੁੱਜੇ ਪੀ. ਐੱਮ. ਟਰੂਡੋ
Saturday, Jun 06, 2020 - 10:39 AM (IST)

ਓਟਾਵਾ- ਅਮਰੀਕਾ ਵਿਚ ਪੁਲਸ ਹਿਰਾਸਤ ਵਿਚ ਮਾਰੇ ਗਏ ਗੈਰ-ਗੋਰੇ ਅਫਰੀਕੀ ਮੂਲ ਦੇ ਅਮਰੀਕੀ ਨਾਗਰਿਕ ਲਈ ਨਿਆਂ ਮੰਗਣ ਲਈ ਸਾਰੀ ਦੁਨੀਆ ਗੋਡਿਆਂ ਭਾਰ ਬੈਠ ਕੇ ਪ੍ਰਦਰਸ਼ਨ ਕਰ ਰਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਵੀ ਸ਼ੁੱਕਰਵਾਰ ਨੂੰ ਨਸਲੀ ਭੇਦ-ਭਾਵ ਦੇ ਵਿਰੋਧ ਵਿਚ ਕੱਢੇ ਗਏ ਪ੍ਰਦਰਸ਼ਨ ਵਿਚ ਹਿੱਸਾ ਲਿਆ।
ਪੀ. ਐੱਮ. ਜਸਟਿਨ ਟਰੂਡੋ ਨੇ ਕਾਲੇ ਰੰਗ ਦਾ ਮਾਸਕ ਪਾਇਆ ਸੀ ਤੇ ਆਪਣੇ ਅੰਗ ਰੱਖਿਅਕਾਂ ਨਾਲ ਉਹ ਅਚਾਨਕ ਸ਼ਾਂਤਮਈ ਪ੍ਰਦਰਸ਼ਨ ਵਿਚ ਹਿੱਸਾ ਲੈਣ ਪੁੱਜੇ। ਕੈਨੇਡੀਅਨ ਪ੍ਰਦਰਸ਼ਨਕਾਰੀ ਗੋਡੇ ਭਾਰ ਬੈਠ ਕੇ ਟਰੰਪ ਨੂੰ ਕਦਮ ਚੁੱਕਣ ਲਈ ਆਖ ਰਹੇ ਸਨ। ਹਰ ਪਾਸੇ 'ਸਟੈਂਡ ਅਪ ਟੂ ਟਰੰਪ' ਦੇ ਨਾਅਰੇ ਸੁਣਾਈ ਦੇ ਰਹੇ ਸਨ। ਸੰਸਦ ਅੱਗੇ ਬੈਠ ਕੇ ਉਨ੍ਹਾਂ ਨੇ 'ਨੋ ਜਸਟਿਸ = ਨੋ ਪੀਸ' ਰੈਲੀ ਕੱਢੀ ਗਈ। ਟਰੂਡੋ ਲਗਭਗ 8 ਮਿੰਟਾਂ ਲਈ ਇਸ ਰੈਲੀ ਵਿਚ ਸ਼ਾਮਲ ਹੋਏ ਤੇ ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਦਾ ਸਾਥ ਦਿੱਤਾ।
ਜਾਰਜ ਫਲਾਇਡ ਲਈ ਨਿਆਂ ਮੰਗਦੇ ਹੋਏ ਸ਼ੁੱਕਰਵਾਰ ਨੂੰ ਟੋਰਾਂਟੋ ਸਣੇ ਕੈਨੇਡਾ ਦੇ ਕਈ ਸ਼ਹਿਰਾਂ ਵਿਚ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਰੈਲੀ ਕੱਢੀ। ਪ੍ਰਧਾਨ ਮੰਤਰੀ ਟਰੂਡੋ ਵੀ ਪ੍ਰਦਰਸ਼ਨਕਾਰੀਆਂ ਸਣੇ ਅਮਰੀਕੀ ਪੁਲਸ ਵਲੋਂ ਕੀਤੇ ਤਸ਼ੱਦਦ ਦੇ ਵਿਰੋਧ ਵਿਚ ਗੋਡੇ ਭਾਰ ਬੈਠੇ ਤੇ ਸਮਾਨਤਾ ਦੇ ਕਾਨੂੰਨ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਟਰੂਡੋ ਨੂੰ ਉਨ੍ਹਾਂ ਦਾ ਸਾਥ ਦੇਣ ਤੇ ਹੌਂਸਲਾ ਵਧਾਉਣ ਲਈ ਧੰਨਵਾਦ ਕੀਤਾ।