ਪਾਕਿ ਕਰ ਰਿਹਾ ਖਾਲਿਸਤਾਨੀ ਅੱਤਵਾਦੀਆਂ ਦੀ ਮਦਦ, ਭਾਰਤ-ਕੈਨੇਡਾ ਦੀ ਸੁਰੱਖਿਆ ਖਤਰੇ 'ਚ : ਰਿਪੋਰਟ

09/10/2020 6:34:03 PM

ਓਟਾਵਾ (ਬਿਊਰੋ):ਪੰਜਾਬ ਨੂੰ ਭਾਰਤ ਨਾਲੋਂ ਤੋੜ ਕੇ ਵੱਖਰਾ ਸੂਬਾ ਖਾਲਿਸਤਾਨ ਬਣਾਉਣ ਲਈ ਸਿੱਖ ਫਾਰ ਜਸਟਿਸ ਵਲੋਂ ਦੁਨੀਆ ਭਰ ’ਚ ਚਲਾਈ ਜਾ ਰਹੀ ਰੈਫਰੈਂਡਮ 2020 ਨਾਂ ਦੀ ਮੁਹਿੰਮ ਦੇ ਤਹਿਤ ਨਵੰਬਰ ’ਚ ਕੈਨੇਡਾ ’ਚ ਕਰਵਾਏ ਜਾਣ ਵਾਲੇ ਰੈਫਰੈਂਡਮ ਤੋਂ ਪਹਿਲਾਂ ਹੀ ਕੈਨੇਡਾ ਦੀ ‘ਪਬਲਿਕ ਪਾਲਿਸੀ’ ਮੈਗਜ਼ੀਨ ਨੇ ਵੱਡਾ ਖੁਲਾਸਾ ਕੀਤਾ ਹੈ। ਮੈਗਜ਼ੀਨ ਦੇ ਸਤੰਬਰ ਅੰਕ ’ਚ ਖਾਲਿਸਤਾਨ ਨੂੰ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਲਈ 5ਵਾਂ ਵੱਡਾ ਖਤਰਾ ਦੱਸਿਆ ਗਿਆ ਹੈ। ਸੀਨੀਅਰ ਪੱਤਰਕਾਰ ਟੈਰੀ ਮਿਲੈਸਕੀ ਵਲੋਂ ਲਿਖਤ ਇਸ ਲੇਖ ’ਚ ਖਾਲਿਸਤਾਨ ਨੂੰ ਪਾਕਿਸਤਾਨ ਦਾ ਪ੍ਰਾਜੈਕਟ ਦੱਸਿਆ ਗਿਆ ਹੈ। ਇਸ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਰੈਫਰੈਂਡਮ 2020 ਨੂੰ ਮਾਨਤਾ ਨਾ ਦਿੱਤੇ ਜਾਣ ਦੀ ਗੱਲ ਕਹੀ ਸੀ।

ਪਾਕਿ ਨੇ 1973 ’ਚ ਹੀ ਬਣਾਇਆ ਪਲਾਨ
ਦਰਅਸਲ, ਪਾਕਿਸਤਾਨ ਭਾਰਤ ਵਲੋਂ 1971 ਦੀ ਜੰਗ ’ਚ ਉਸਦੇ 2 ਟੁਕੜੇ ਕਰ ਕੇ ਬੰਗਲਾਦੇਸ਼ ਬਣਾਏ ਜਾਣ ਤੋਂ ਬਾਅਦ ਤੋਂ ਹੀ ਭਾਰਤ ਨਾਲ ਖਾਰ ਖਾਈ ਬੈਠਾ ਸੀ ਅਤੇ 1973 ’ਚ ਹੀ ਉਸਨੇ ਭਾਰਤ ਨੂੰ ਤੋੜ ਕੇ ਇਕ ਵੱਖਰੇ ਸਿੱਖ ਸੂਬੇ ਦੀ ਸਥਾਪਨਾ ਕਰਵਾਉਣ ਲਈ ਆਪਣੇ ਮਨਸੂਬੇ ’ਤੇ ਕੰਮ ਸ਼ੁਰੂ ਕਰ ਦਿੱਤਾ ਸੀ। ਇਸ ਖੋਜ ’ਚ ਲਿਖਿਆ ਗਿਆ ਹੈ ਕਿ ਕੈਨੇਡਾ ’ਚ ਰਹਿਣ ਵਾਲੇ ਪਾਕਿਸਤਾਨੀ ਮੂਲ ਦੇ ਪੰਜਾਬੀ ਪੱਤਰਕਾਰ ਤਾਰਿਕ ਫਤਿਹ ਨੇ 1973 ’ਚ ਹੀ ਪਾਕਿਸਤਾਨ ਦੇ ਤਤਕਾਲੀਨ ਪ੍ਰਧਾਨ ਮੰਤਰੀ ਜੁਲਫੀਕਾਰ ਅਲੀ ਭੁੱਟੋ ਦੇ ਮੂੰਹ ਤੋਂ ਹੀ ਪਹਿਲੀ ਵਾਰ ਭਾਰਤ ਦੇ ਟੁਕੜੇ ਕੀਤੇ ਜਾਣ ਦੀ ਗੱਲ ਸੁਣੀ ਸੀ। ਤਾਰਿਕ ਫਤਿਹ ਦਾ ਕਹਿਣਾ ਹੈ ਕਿ ਭੁੱਟੋ ਨੇ ਉਸ ਸਮੇਂ ਪੱਤਰਕਾਰਾਂ ਨੂੰ ਕਿਹਾ ਸੀ ਕਿ ਭਾਰਤ ਨੇ ਬੰਗਲਾਦੇਸ਼ ਬਣਾਕੇ ਪਾਕਿਸਤਾਨ ਦੇ ਦੋ ਟੁਕੜੇ ਕੀਤੇ ਹਨ ਅਤੇ ਉਹ ਹੁਣ ਇਸਦੇ ਬਦਲੇ ਖਾਲਿਸਤਾਨ ਬਣਾਕੇ ਭਾਰਤ ਤੋਂ ਇਸਦਾ ਬਦਲਾ ਲਵੇਗਾ ਅਤੇ ਖਾਲਿਸਤਾਨ ਦੀ ਸਰਹੱਦ ਵੀ ਪਾਕਿਸਤਾਨ ਨਾਲ ਹੀ ਲੱਗਦੀ ਹੋਵੇਗੀ।

ਮਕਸਦ ’ਚ ਫੇਲ ਹੋਇਆ ਪਾਕਿਸਤਾਨ
ਵਾਸ਼ਿੰਗਟਨ ’ਚ ਪਾਕਿਸਤਾਨ ਦੇ ਸਾਬਕਾ ਰਾਜਦੂਤ ਮੁਹੰਮਦ ਜਿਆ ਉਲ ਹੱਕ ਹੁਸੈਨ ਹੱਕਾਨੀ ਦਾ ਮੰਨਣਾ ਹੈ ਕਿ ਭਾਰਤ ’ਚ ਖੂਨ-ਖਰਾਬਾ ਕਰਵਾਉਣਾ ਪਾਕਿਸਤਾਨ ਦਾ ਪਹਿਲਾ ਉਦੇਸ਼ ਸੀ ਅਤੇ ਦੂਸਰਾ ਉਦੇਸ਼ ਭਾਰਤ ਅਤੇ ਪਾਕਿਸਤਾਨ ਵਿਚਾਲੇ ਇਕ ਅਜਿਹਾ ਬਫਰ ਸਟੇਟ ਕ੍ਰਿਏਟ ਕਰਨਾ ਸੀ ਜੋ ਰਣਨੀਤਕ ਤੌਰ ’ਤੇ ਪਾਕਿਸਤਾਨ ਲਈ ਫਾਇਦੇਮੰਦ ਹੋਵੇਗਾ। ਇਸਦੇ ਪਿੱਛੇ ਪਾਕਿਸਤਾਨ ਦਾ ਤੀਸਰਾ ਮਕਸਦ ਇਹ ਸੀ ਕਿ ਖਾਲਿਸਤਾਨ ਬਣ ਜਾਣ ਨਾਲ ਭਾਰਤ ਦੀ ਪਹੁੰਚ ਕਸ਼ਮੀਰ ਤੋਂ ਦੂਰ ਹੋ ਜਾਏਗੀ ਪਰ ਅਜਿਹਾ ਹੋ ਨਹੀਂ ਸਕਿਆ।
ਹਾਲਾਂਕਿ ਭਾਰਤ ’ਚ ਹੁਣ ਸਥਿਤੀ ਬਦਲ ਚੁੱਕੀ ਹੈ ਅਤੇ ਪੰਜਾਬ ’ਚ ਲੋਕ ਖਾਲਿਸਤਾਨ ਦੇ ਪੱਖ ’ਚ ਨਹੀਂ ਹਨ ਪਰ ਪਾਕਿਸਤਾਨ ’ਚ ਅਜੇ ਵੀ ਖਾਲਿਸਤਾਨ ਸਬੰਧੀ ਸਮਰੱਥਨ ਜਾਰੀ ਹੈ। ਇਸਦਾ ਕਾਰਣ ਪਾਕਿਸਤਾਨ ਦੇ ਜੇਹਾਦੀ ਅੱਤਵਾਦੀ ਹਨ ਜੋ ਭਾਰਤ ਨੂੰ ਆਪਣਾ ਦੁਸ਼ਮਣ ਮੰਨਦੇ ਹਨ ਅਤੇ ਭਾਰਤ ਨੂੰ ਤੋੜਕੇ ਵੱਖਰਾ ਸੂਬਾ ਬਣਾਉਣ ਦਾ ਸੁਪਨਾ ਦੇਖਣ ਵਾਲੇ ਖਾਲਿਸਤਾਨੀਆਂ ਨੂੰ ਉਹ ਆਪਣਾ ਦੋਸਤ ਸਮਝਦੇ ਹਨ। ਉਦਾਹਰਣ ਦੇ ਤੌਰ ’ਤੇ ਪਾਕਿਸਤਾਨ ’ਚ ਖਾਲਿਸਤਾਨ ਦੀ ਮੁਹਿੰਮ ਚਲਾਉਣ ਵਾਲੇ ਗੋਪਾਲ ਸਿੰਘ ਚਾਵਲਾ ਅਤੇ ਲਸ਼ਕਰ-ਏ-ਤੋਇਬਾ ਦੇ ਮੁੱਖੀ ਹਾਫਿਜ਼ ਸਈਅਦ ਦੀ ਆਪਸ ’ਚ ਗੂੜ੍ਹੀ ਦੋਸਤੀ ਹੈ। ਗੋਪਾਲ ਸਿੰਘ ਚਾਵਲਾ ਕਈ ਵਾਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਾਫਿਜ਼ ਸਈਅਦ ਨੂੰ ਆਪਣਾ ਆਦਰਸ਼ ਦੱਸ ਚੁੱਕਾ ਹੈ।

ਤਲਵਿੰਦਰ ਸਿੰਘ ਪਰਮਾਰ ਨੂੰ ਪਾਕਿਸਤਾਨੀ ਸਮਰਥਨ
ਪਾਕਿਸਤਾਨ ਸ਼ੁਰੂ ਤੋਂ ਹੀ ਭਾਰਤ ਦੇ ਖਾਲਿਸਤਾਨੀਆਂ ਦਾ ਸਮਰੱਥਨ ਕਰਦਾ ਆਇਆ ਹੈ ਅਤੇ ਏਅਰ ਇੰਡੀਆ ਦੇ ਕਨਿਸ਼ਕ ਜਹਾਜ਼ ਨੂੰ ਬੰਬ ਨਾਲ ਉਡਾਉਣ ਵਾਲੇ ਅੱਤਵਾਦੀ ਤਲਵਿੰਦਰ ਸਿੰਘ ਪਰਮਾਰ ਦੀ ਜੁਲਾਈ 1989 ’ਚ ਪਾਕਿਸਤਾਨ ਦੇ ਬੰਦੂਕ ਬਾਜ਼ਾਰ ’ਚ ਖਿੱਚੀ ਗਈ ਫੋਟੋ ਵੀ ਇਸਦੀ ਗਵਾਹੀ ਦਿੰਦੀ ਹੈ। ਤਲਵਿੰਦਰ ਨੂੰ ਪਾਕਿਸਤਾਨ ਤੋਂ ਭਰਪੂਰ ਸਮਰੱਥਨ ਸੀ ਅਤੇ ਇਸ ਫੋਟੋ ’ਚ ਤਲਵਿੰਦਰ ਸਿੰਘ ਮਸ਼ੀਨਗਨ ਨਾਲ ਦਿਖਾਈ ਦੇ ਰਿਹਾ ਹੈ। 1992 ’ਚ ਜਦੋਂ ਪਰਮਾਰ ਮਾਰਿਆ ਗਿਆ ਸੀ ਤਾਂ ਉਸ ਸਮੇਂ ਵੀ ਉਸਦੇ ਹੱਥ ’ਚ ਅਜਿਹੀ ਹੀ ਮਸ਼ੀਨਗਨ ਸੀ। ਅਮਰੀਕਾ ’ਚ 11 ਸਤੰਬਰ 2001 ਦੇ ਅੱਤਵਾਦੀ ਹਮਲੇ ਤੋਂ ਬਾਅਦ ਅੱਤਵਾਦੀਆਂ ਨੂੰ ਹੋਣ ਵਾਲੀ ਫੰਡਿੰਗ ਦੀ ਜਾਂਚ ਦੌਰਾਨ ਪਾਕਿਸਤਾਨੀ ਮੂਲ ਦੇ ਇਕ ਕੈਨੇਡੀਅਨ ਖਾਲਿਦ ਅਵਾਨ ਦੇ ਨਾਂ ਦੇ ਵਿਅਕਤੀ ਦਾ ਨਾਂ ਸਾਹਮਣੇ ਆਇਆ ਸੀ ਅਤੇ ਉਸਦੀ ਜਾਂਚ ਤੋਂ ਬਾਅਦ ਅਮਰੀਕਾ ’ਚ 2006 ’ਚ 14 ਸਾਲ ਦੀ ਕੈਦ ਹੋਈ ਸੀ। ਇਹ ਵਿਅਕਤੀ ਖਾਲਿਸਤਾਨ ਦੇ ਮਕਸਦ ਲਈ ਫੰਡਿੰਗ ਦਾ ਦੋਸ਼ੀ ਪਾਇਆ ਗਿਆ ਸੀ। ਇਸਨੇ ਖਾਲਿਸਤਾਨੀ ਕਮਾਂਡੋ ਫੋਰਸ ਨੂੰ ਫੰਡਿੰਗ ਕੀਤੀ ਸੀ। ਇਸ ਤੋਂ ਇਲਾਵਾ ਕੈਨੇਡਾ ਦੇ ਸਰੀ ਦਾ ਨਿਵਾਸੀ ਸਤਿੰਦਰ ਪਾਲ ਸਿੰਘ ਗਿੱਲ ਵੀ ਸਾਲਾਂ ਤੱਕ ਪਾਕਿਸਤਾਨ ’ਚ ਰਿਹਾ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਨਾਲ ਜੁੜਿਆ ਰਿਹਾ। ਇਹ ਅੱਤਵਾਦੀ ਸੰਗਠਨ ਭਾਰਤ, ਕੈਨੇਡਾ, ਯੂ. ਕੇ. ਅਤੇ ਯੂ. ਐੱਸ. ਏ. ’ਚ ਪਾਬੰਦੀਸ਼ੁਦਾ ਹੈ ਪਰ ਪਾਕਿਸਤਾਨ ’ਚ ਇਸ ’ਤੇ ਪਾਬੰਦੀ ਨਹੀਂ ਹੈ।

ਪਾਕਿ ’ਚ ਸਿੱਖਾਂ ਦਾ ਬੁਰਾ ਹਾਲ, ਆਪਣੇ ਹਿੱਤਾਂ ਲਈ ਖਾਲਿਸਤਾਨੀਆਂ ਦਾ ਇਸਤੇਮਾਲ
ਭਾਰਤ ਨੂੰ ਤੋੜ ਕੇ ਵੱਖਰਾ ਸੂਬਾ ਖਾਲਿਸਤਾਨ ਬਣਾਉਣ ਦਾ ਸੁਪਨਾ ਦੇਖ ਰਹੇ ਕੈਨੇਡਾ, ਯੂ.ਕੇ. ਅਤੇ ਯੂ.ਐੱਸ.ਏ. ਦੇ ਖਾਲਿਸਤਾਨੀਆਂ ਨੂੰ ਭਾਵੇਂ ਹੀ ਪਾਕਿਸਤਾਨ ਆਪਣਾ ਦੋਸਤ ਲਗਦਾ ਹੋਵੇ ਪਰ ਅਸਲ ’ਚ ਪਾਕਿਸਤਾਨ ਦੀ ਨੀਤੀ ਸਿੱਖਾਂ ਸਬੰਧੀ ਵੱਖਰੀ ਹੀ ਰਹੀ ਹੈ। 1947 ’ਚ ਜਦੋਂ ਦੇਸ਼ ਦੀ ਵੰਡ ਹੋਈ ਸੀ ਤਾਂ ਪਾਕਿਸਤਾਨ ’ਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਬੇਟੀਆਂ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਵਾ-ਕਰਵਾ ਕੇ ਮੁਸਲਮਾਨ ਬਣਾਇਆ ਗਿਆ। ਇਸਦੇ ਬਾਵਜੂਦ 20 ਸਿੱਖਾਂ ਨੇ 1947 ’ਚ ਪਾਕਿਸਤਾਨ ਦੇ ਨਾਲ ਰਹਿਣ ਦਾ ਫੈਸਲਾ ਕੀਤਾ ਪਰ ਅੱਜ ਪਾਕਿਸਤਾਨ ’ਚ ਸਿੱਖਾਂ ਦੀ ਹਾਲਤ ਇੰਨੀ ਮਾੜੀ ਹੈ ਕਿ ਉਨ੍ਹਾਂ ਦੀ ਆਬਾਦੀ 10,000 ਦੇ ਨੇੜੇ-ਤੇੜੇ ਰਹਿ ਗਈ ਹੈ। ਇਹ ਸਭ ਪਾਕਿਸਤਾਨ ’ਚ ਲਗਾਤਾਰ ਹੋ ਰਹੀ ਧਰਮ ਤਬਦੀਲੀ ਅਤੇ ਘੱਟ ਗਿਣਤੀਆਂ ’ਤੇ ਹੋ ਰਹੇ ਅੱਤਿਆਚਾਰ ਦੇ ਕਾਰਣ ਹੈ।

ਪਨੂੰ ਦਾ ਰੈਫਰੈਂਡਮ ਮੁੰਗੇਰੀਲਾਲ ਦਾ ਹਸੀਨ ਸੁਪਨਾ
ਇਸ ਰਿਸਰਚ ਬੁੱਕ ’ਚ ਵੱਖਰਾ ਸੂਬਾ ਖਾਲਿਸਤਾਨ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਵੀ ਇਕ ਢੋਂਗ ਦੱਸਿਆ ਗਿਆ ਹੈ। ਲੇਖਕ ਨੇ ਲਿਖਿਆ ਹੈ ਕਿ ਦੁਨੀਆ ਦੀ ਬਹੁ-ਗਿਣਤੀ ਸਿੱਖ ਆਬਾਦੀ ਪੰਜਾਬ ’ਚ ਰਹਿੰਦੀ ਹੈ ਅਤੇ ਇਹ ਸਿੱਖ ਆਬਾਦੀ ਭਾਰਤ ਦੇ ਲੋਕਤੰਤਰ ’ਚ ਭਰੋਸਾ ਰੱਖਦੀ ਹੈ ਅਤੇ ਇਸਦਾ ਉਦਾਹਰਣ 2017 ਦੀਆਂ ਪੰਜਾਬ ਦੀਆਂ ਚੋਣਾਂ ’ਚ ਵੀ ਦੇਖਣ ਨੂੰ ਮਿਲਿਆ ਹੈ। ਇਨ੍ਹਾਂ ਚੋਣਾਂ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਕਾਂਗਰਸ ਨੇ ਇਤਿਹਾਸਕ ਪ੍ਰਦਰਸ਼ਨ ਕਰਦੇ ਹੋਏ 77 ਸੀਟਾਂ ’ਤੇ ਜਿੱਤ ਹਾਸਲ ਕੀਤੀ ਅਤੇ ਇਨ੍ਹਾਂ 77 ਸੀਟਾਂ ਵਿਚੋਂ ਜ਼ਿਆਦਾਤਰ ਸੀਟਾਂ ਸਿੱਖ ਵੋਟਰਾਂ ਦੇ ਪ੍ਰਭਾਵ ਵਾਲੀਆਂ ਹਨ। 

ਖਾਸ ਤੌਰ ’ਤੇ ਪੰਜਾਬ ਦੇ ਜਿਸ ਮਾਝਾ ਇਲਾਕੇ ਤੋਂ ਖਾਲਿਸਤਾਨ ਦੀ ਮੁਹਿੰਮ ਸ਼ੁਰੂ ਹੋਈ ਉਸ ਇਲਾਕੇ ਦੀਆਂ ਜ਼ਿਆਦਾਤਰ ਸੀਟਾਂ ਕਾਂਗਰਸ ਜਿੱਤ ਗਈ ਜਦਕਿ ਖਾਲਿਸਤਾਨ ਦੇ ਮੁੱਦੇ ’ਤੇ ਵੱਖਰੀ ਪਾਰਟੀ ਬਣਾਉਣ ਵਾਲੇ ਸਿਮਰਨਜੀਤ ਸਿੰਘ ਮਾਨ ਦੇ ਅਕਾਲੀ ਦਲ ਅੰਮ੍ਰਿਤਸਰ ਨੂੰ ਇਨ੍ਹਾਂ ਚੋਣਾਂ ’ਚ ਸਿਰਫ 0.32 ਫੀਸਦੀ ਵੋਟਾਂ ਮਿਲੀਆਂ। ਲਿਹਾਜ਼ਾ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ ਹੈ ਕਿ ਪੰਜਾਬ ’ਚ ਰਹਿ ਰਹੇ ਸਿੱਖ ਇਥੇ ਖੁਸ਼ਹਾਲ ਹਨ ਅਤੇ ਉਹ ਵੱਖਰੇ ਸਿੱਖ ਸੂਬੇ ਦੀ ਕਲਪਨਾ ਨਹੀਂ ਕਰਦੇ। ਪੰਜਾਬ ’ਚ ਰਹਿਣ ਵਾਲੇ ਸਿੱਖਾਂ ਨੇ ਵੰਡ ਦੇ ਨਾਲ-ਨਾਲ ਅੱਤਵਾਦ ਦਾ ਦੌਰ ਵੀ ਦੇਖਿਆ ਹੈ ਜਿਸਨੇ ਖੁਸ਼ਹਾਲ ਪੰਜਾਬ ਨੂੰ ਆਰਥਿਕ ਤੌਰ ’ਤੇ ਕਮਜ਼ੋਰ ਕਰ ਦਿੱਤਾ। ਪੰਜਾਬ ’ਚ ਰਹਿਣ ਵਾਲੇ ਸਿੱਖਾਂ ਦੇ ਜ਼ਿਆਦਾਤਰ ਬਜ਼ੁਰਗ ਪਾਕਿਸਤਾਨ ਦੀ ਪਿਛੋਕੜ ਵਾਲੇ ਹਨ ਅਤੇ ਉਨ੍ਹਾਂ ਨੂੰ ਸਿੱਖਾਂ ਸਬੰਧੀ ਪਾਕਿਸਤਾਨ ਦੀ ਨੀਤੀ ਅਤੇ ਨੀਅਤ ਦਾ ਪੂਰਾ ਪਤਾ ਹੈ। ਲਿਹਾਜ਼ਾ ਉਹ ਪਾਕਿਸਤਾਨ ਵਲੋਂ ਚਲਾਏ ਜਾ ਰਹੇ ਖਾਲਿਸਤਾਨ ਦੇ ਏਜੰਡੇ ਨੂੰ ਭਲੀ-ਭਾਂਤ ਸਮਝ ਚੁੱਕੇ ਹਨ।

ਲੇਖਕ ਨੇ ਖਾਲਿਸਤਾਨ ’ਤੇ ਯੂ ਟਰਨ ਲਈ ਕੈਨੇਡਾ ਸਰਕਾਰ ਨੂੰ ਵੀ ਫਟਕਾਰਿਆ
ਆਪਣੀ ਇਸ ਖੋਜ ’ਚ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਪ੍ਰੀਮੀਅਰ ਅਤੇ ਸਾਬਕਾ ਕੇਂਦਰੀ ਮੰਤਰੀ ਉੱਜਲ ਦੋਸਾਂਝ ਅਤੇ ਐੱਮ.ਐੱਲ.ਆਈ. ਕੇਸ਼ੁਵਾਲਯ ਮਜੂਮਦਾਰ ਨੇ ਇਸ ਮੁੱਦੇ ’ਤੇ ਕੈਨੇਡਾ ਸਰਕਾਰ ਦੀ ਵੀ ਖੂਬ ਆਲੋਚਨਾ ਕੀਤੀ ਹੈ। ਟੈਰੀ ਨੇ ਲਿਖਿਆ ਹੈ ਕਿ ਕੈਨੇਡਾ ’ਚ ਵੀ ਇਸ ਮੁੱਦੇ ’ਤੇ ਰਾਸ਼ਟਰੀ ਸੁਰੱਖਿਆ ਨੂੰ ਅਹਿਮੀਅਤ ਦਿੱਤੇ ਜਾਣ ਦੀ ਥਾਂ ਸਿਆਸੀ ਹਿੱਤ ਹੀ ਦੇਖਿਆ ਗਿਆ ਹੈ। 2018 ’ਚ ਕੈਨੇਡਾ ’ਚ ਪ੍ਰਕਾਸ਼ਤ ਕੀਤੀ ਗਈ ‘2018 ਪਬਲਿਕ ਰਿਪੋਰਟ ਆਨ ਦਿ ਟੈਰੇਰਿਜਮ ਥ੍ਰੈਟ ਟੂ ਕੈਨੇਡਾ’ ਨਾਂ ਦੀ ਪਾਲਿਸੀ ਨੇ ਖਾਲਿਸਤਾਨੀਆਂ ਦੇ ਦਬਾਅ ’ਚ ਬਦਲਾਅ ਕੀਤਾ। 

ਇਸ ਪਾਲਿਸੀ ’ਚ ਖਾਲਿਸਤਾਨ ਦੀ ਵਿਚਾਰਧਾਰਾ ਅਤੇ ਇਸ ਦੀਆਂ ਸਰਗਰਮੀਆਂ ਨੂੰ ਕੈਨੇਡਾ ਦੀ ਸੁਰੱਖਿਆ ਲਈ ਖਤਰਾ ਦੱਸਿਆ ਗਿਆ ਸੀ ਅਤੇ ਬਾਅਦ ’ਚ ਕੈਨੇਡਾ ਸਰਕਾਰ ਨੇ ਸਿੱਖਾਂ ਦੇ ਵੱਖ-ਵੱਖ ਸਮੂਹਾਂ ਦੇ ਦਬਾਅ ’ਚ ਆਕੇ ਇਸਦੀ ਭਾਸ਼ਾ ’ਚ ਤਬਦੀਲੀ ਕਰ ਦਿੱਤੀ। ਖਾਲਿਸਤਾਨੀਆਂ ਦੇ ਕਾਰਣ ਹੀ 35 ਸਾਲ ਪਹਿਲਾਂ ਕੈਨੇਡਾ ’ਚ ਤਨਿਸ਼ਕ ਜਹਾਜ਼ ਕਾਂਡ ਹੋਇਆ ਸੀ ਅਤੇ ਇਸ ਘਟਨਾ ’ਚ 329 ਲੋਕ ਮਾਰੇ ਗਏ ਸਨ। ਅੱਤਵਾਦੀ ਤਲਵਿੰਦਰ ਸਿੰਘ ਪਰਮਾਰ ਨੇ ਇੰਦਰਜੀਤ ਸਿੰਘ ਰਿਆਤ ਨਾਲ ਮਿਲਕੇ ਬੰਬ ਬਣਾਏ ਸਨ ਅਤੇ ਇਕ ਬੰਬ ਏਅਰ ਇੰਡੀਆ ਦੀ ਫਲਾਈਟ ’ਚ ਫੱਟ ਗਿਆ ਸੀ ਜਦਕਿ ਇਕ ਬੰਬ ਜਾਪਾਨ ਦੇ ਨਰਿਤਾ ਏਅਰਪੋਰਟ ’ਤੇ ਹੀ ਬੈਗੇਜ ਹੈਂਡਲ ਕਰਨ ਵਾਲੇ ਸਟਾਫ ਦੇ ਸਾਹਮਣੇ ਫਟਿਆ ਸੀ ਜਿਸ ਨਾਲ 2 ਲੋਕਾਂ ਦੀ ਮੌਤ ਹੋ ਗਈ ਸੀ।

ਖਾਲਿਸਤਾਨੀ ਜਿਸ ਵੱਖਰੇ ਸੂਬੇ ਦੀ ਕਲਪਨਾ ਕਰ ਰਹੇ ਹਨ ਉਸ ਵਿਚ ਭਾਰਤ ਦੇ ਪੰਜਾਬ ਤੋਂ ਲੈ ਕੇ ਦਿੱਲੀ ਅਤੇ ਹਿਮਾਚਲ ਦੇ ਨਾਲ-ਨਾਲ ਰਾਜਸਥਾਨ ਦਾ ਕੁਝ ਹਿੱਸਾ ਵੀ ਸ਼ਾਮਲ ਕੀਤਾ ਗਿਆ ਹੈ ਪਰ ਪਾਕਿਸਤਾਨ ਦਾ ਜੋ ਲਾਹੌਰ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨਕਾਲ ’ਚ ਸਿੱਖਾਂ ਦੇ ਸੂਬੇ ’ਚ ਸ਼ਾਮਲ ਰਿਹਾ ਉਸ ਲਾਹੌਰ ਨੂੰ ਖਾਲਿਸਤਾਨ ’ਚ ਸ਼ਾਮਲ ਕੀਤੇ ਜਾਣ ਦੀ ਗੱਲ ਨਹੀਂ ਹੁੰਦੀ ਅਤੇ ਨਾ ਹੀ ਇਹ ਖਾਲਿਸਤਾਨੀ ਪਾਕਿਸਤਾਨ ’ਚ ਸਥਿਤ ਗੁਰਧਾਮਾਂ ਨੂੰ ਖਾਲਿਸਤਾਨੀ ਸੂਬੇ ’ਚ ਸ਼ਾਮਲ ਕਰਨ ਦੀ ਗੱਲ ਕਰਦੇ ਹਨ।ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨਨਕਾਣਾ ਸਾਰਿਬ ਤੋਂ ਇਲਾਵਾ ਗੁਰਦੁਆਰਾ ਕਰਤਾਰਪੁਰ ਸਾਹਿਬ ਵੀ ਪਾਕਿਸਤਾਨ ’ਚ ਹੈ ਅਤੇ ਇਹ ਪੰਜਾਬ ਦੀ ਸਰਹੱਦ ਨਾਲ ਹੀ ਲੱਗਦੇ ਹਨ ਪਰ ਵਿਦੇਸ਼ਾਂ ’ਚ ਬੈਠੇ ਖਾਲਿਸਤਾਨੀ ਇਸਨੂੰ ਪਾਕਿਸਤਾਨ ’ਚ ਹੀ ਰਹਿਣ ਦੇਣਾ ਚਾਹੁੰਦੇ ਹਨ ਅਤੇ ਇਹ ਅਜਿਹੇ ਖਾਲਿਸਤਾਨ ਦੇ ਖੁਆਵ ਦੇਖ ਰਹੇ ਹਨ ਜੋ ਅਸਲ ’ਚ ਨਾਮੁਮਕਿਨ ਹੈ।


Vandana

Content Editor

Related News