ਇਰਾਕ-US ਨੂੰ ਕੈਨੇਡਾ ਦੀ ਸਲਾਹ, ਆਪਣੇ ਨਾਗਰਿਕਾਂ ਲਈ ਵੀ ਜਾਰੀ ਕੀਤੀ ਐਡਵਾਇਜ਼ਰੀ

01/04/2020 1:31:52 PM

ਓਟਾਵਾ— ਕੈਨੇਡਾ ਦੇ ਵਿਦੇਸ਼ ਮੰਤਰੀ ਫਰੈਂਕੋਇਸਫਿਲਪ ਸ਼ੈਮਪੇਗਨ ਨੇ ਅਮਰੀਕਾ ਵਲੋਂ ਇਰਾਕ 'ਚ ਹਵਾਈ ਹਮਲੇ ਕਰਨ ਦੀ ਕਾਰਵਾਈ ਮਗਰੋਂ ਸਾਰੇ ਪੱਖਾਂ ਨੂੰ ਸੰਜਮ ਵਰਤਣ ਲਈ ਕਿਹਾ। ਅਮਰੀਕਾ ਦੀ ਇਸ ਕਾਰਵਾਈ 'ਚ ਈਰਾਨ ਦੇ ਇਸਲਾਮਕ ਰੈਵੋਲਿਊਸ਼ਨਰੀ ਗਾਰਡ ਕਾਰਪਸ ਦੇ ਕੁਦਸ ਫੌਜ ਦੇ ਕਮਾਂਡਰ ਮੇਜਰ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਹੋ ਗਈ ਜਿਸ ਮਗਰੋਂ ਪੱਛਮੀ ਏਸ਼ੀਆ 'ਚ ਤਣਾਅ ਵਧ ਗਿਆ ਹੈ।

ਸ਼ੈਮਪੇਗਨ ਨੇ ਬਿਆਨ ਜਾਰੀ ਕਰਕੇ ਕਿਹਾ,''ਕੈਨੇਡਾ ਆਪਣੇ ਕੌਮਾਂਤਰੀ ਸਾਂਝੀਦਾਰਾਂ ਨਾਲ ਸੰਪਰਕ 'ਚ ਹੈ। ਇਰਾਕ 'ਚ ਰਹਿ ਰਹੇ ਕੈਨੇਡਾ ਦੇ ਨਾਗਰਿਕ, ਫੌਜ ਅਤੇ ਡਿਪਲੋਮਟਾਂ ਦੀ ਸੁਰੱਖਿਆ ਸਾਡੇ ਲਈ ਬੇਹੱਦ ਮਹੱਤਵਪੂਰਣ ਵਿਸ਼ਾ ਹੈ। ਅਸੀਂ ਸਾਰੇ ਪੱਖਾਂ ਨੂੰ ਸੰਜਮ ਵਰਤਣ ਦੀ ਅਪੀਲ ਕਰਦੇ ਹਾਂ। ਸਾਡਾ ਟੀਚਾ ਇਰਾਕ 'ਚ ਏਕਤਾ ਅਤੇ ਸਥਿਰਤਾ ਕਾਇਮ ਕਰਨਾ ਹੈ।'' ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕੈਨੇਡਾ ਸਰਕਾਰ ਨੇ ਆਪਣੇ ਨਾਗਰਿਕਾਂ ਲਈ ਯਾਤਰਾ ਐਡਵਾਇਜ਼ਰੀ ਜਾਰੀ ਕਰਦੇ ਹੋਏ ਕਿਹਾ ਕਿ ਤਿੰਨ ਜਨਵਰੀ ਨੂੰ ਅਮਰੀਕਾ ਵਲੋਂ ਇਰਾਕ ਦੇ ਬਗਦਾਦ 'ਚ ਕੌਮਾਂਤਰੀ ਹਵਾਈ ਅੱਡੇ ਕੋਲ ਹਵਾਈ ਹਮਲੇ 'ਚ ਮੇਜਰ ਜਨਰਲ ਸੁਲੇਮਾਨੀ ਮਾਰੇ ਜਾਣ ਦੇ ਬਾਅਦ ਇਲਾਕੇ 'ਚ ਤਣਾਅ ਦਾ ਮਾਹੌਲ ਹੈ। ਉੱਥੇ ਸੁਰੱਖਿਆ ਦੀ ਸਥਿਤੀ ਠੀਕ ਨਹੀਂ ਹੈ ਇਸ ਲਈ ਸੁਰੱਖਿਆ ਦੇ ਮੱਦੇਨਜ਼ਰ ਤੁਸੀਂ ਸਾਰੇ ਜਲਦੀ ਤੋਂ ਜਲਦੀ ਇਰਾਕ ਛੱਡ ਦਿਓ।''


Related News