ਕੈਨੈਡਾ 'ਚ ਡਰੱਗ ਤਸਕਰੀ ਕਰਨ ਦੇ ਦੋਸ਼ 'ਚ ਕੈਲੀਫੋਰਨੀਆ ਦਾ ਪੰਜਾਬੀ ਜੋੜਾ ਦੋਸ਼ੀ ਕਰਾਰ
Friday, Apr 30, 2021 - 10:30 AM (IST)
ਨਿਊਯਾਰਕ/ਅਲਬਰਟਾ (ਰਾਜ ਗੋਗਨਾ)— ਕੈਨੇਡਾ ਦੇ ਸੂਬੇ ਅਲਬਰਟਾ ਵਿਚ ਸਾਲ 2017 ਦੌਰਾਨ ਕੋਕੀਨ ਦੀ ਤਸਕਰੀ ਕਰਨ ਦੇ ਦੋਸ਼ ਹੇਠ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਇਕ ਪੰਜਾਬੀ ਜੋੜੇ ਨੂੰ ਸਥਾਨਕ ਅਦਾਲਤ ਵੱਲੋ ਦੋਸ਼ੀ ਕਰਾਰ ਦਿੱਤਾ ਗਿਆ ਹੈ। ਕੈਲੀਫੋਰਨੀਆ ਦੇ ਗੁਰਵਿੰਦਰ ਤੂਰ ਅਤੇ ਉਸ ਦੀ ਪਤਨੀ ਕਿਰਨਦੀਪ ਤੂਰ ਨੂੰ ਸਾਲ 2017 ਵਿਚ ਕੈਨੇਡਾ-ਅਮਰੀਕਾ ਬਾਰਡਰ 'ਤੇ 100 ਕਿਲੋ ਕੋਕੀਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਉਹ ਇਕ ਟਰੱਕ ਰਾਹੀਂ ਕੈਨੇਡਾ ਵਿਚ ਦਾਖ਼ਲ ਹੋ ਰਹੇ ਸਨ।
ਇਹ ਵੀ ਪੜ੍ਹੋ : ਪਾਕਿ ’ਚ ਕਣਕ ਤੋਂ ਬਾਅਦ ਹੁਣ ਖੰਡ ਦੀ ਘਾਟ!
ਇਹ ਡਰੱਗ ਉਹਨਾਂ ਦੇ ਟਰੱਕ ਵਿਚੋਂ ਬਰਾਮਦ ਹੋਈ ਸੀ, ਜਿਸ ਦਾ ਮੁੱਲ ਉਸ ਸਮੇਂ ਦੌਰਾਨ 6 ਤੋਂ 8 ਮਿਲੀਅਨ ਡਾਲਰ ਦੇ ਕਰੀਬ ਬਣਦਾ ਸੀ। ਦੱਸਣਯੋਗ ਹੈ ਕਿ 2 ਦਸੰਬਰ, ਸੰਨ 2017 ਵਾਲੇ ਦਿਨ ਇਨ੍ਹਾਂ ਦੋਵਾਂ ਨੂੰ ਇਕ ਕਮਰਸ਼ੀਅਲ ਟਰੱਕ ਵਿਚ ਅਮਰੀਕਾ-ਕੈਨੇਡਾ ਦੇ ਕੂਟਸ ਬਾਰਡਰ ਵਿਖੇ ਕੈਨੇਡਾ ਵਿਚ ਦਾਖ਼ਲ ਹੁੰਦਿਆ ਗ੍ਰਿਫ਼ਤਾਰ ਕਰ ਕੀਤਾ ਗਿਆ ਸੀ ਤੇ ਉਨ੍ਹਾਂ ਦੇ ਟਰੱਕ ਵਿਚੋਂ ਤਕਰੀਬਨ 100 ਕਿਲੋ ਦੇ ਕਰੀਬ ਕੋਕੀਨ ਜ਼ਬਤ ਕੀਤੀ ਗਈ ਸੀ। ਕਰੀਬ 3 ਸਾਲ ਚੱਲੀ ਅਦਾਲਤੀ ਕਾਰਵਾਈ ਤੋਂ ਬਾਅਦ ਇਨ੍ਹਾਂ ਦੋਵਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਅਤੇ ਆਉਣ ਵਾਲੀ 10 ਮਈ 2021 ਨੂੰ ਅਗਲੇਰੀ ਕਾਰਵਾਈ ਤੇ ਸਜ਼ਾ ਸੁਣਾਉਣ ਬਾਰੇ ਫ਼ੈਸਲਾ ਕੀਤਾ ਜਾ ਸਕਦਾ ਹੈ। ਕੈਨੇਡੀਅਨ ਬਾਰਡਰ ਸਰਵੀਸਿਜ਼ ਏਜੰਸੀ (ਸੀ. ਬੀ. ਐਸ. ਏ.) ਵੱਲੋਂ ਫੜ੍ਹੀ ਨਸ਼ਿਆਂ ਦੀ ਇਹ ਖੇਪ ਉਸ ਸਮੇਂ ਕੈਨੇਡਾ (ਅਲਬਰਟਾ ) ਦੇ ਇਤਿਹਾਸ ਵਿਚ ਨਸ਼ਿਆਂ ਦੀ ਸਾਰਿਆਂ ਤੋਂ ਵੱਡੀ ਖੇਪ ਮੰਨੀ ਜਾਂਦੀ ਸੀ।
ਇਹ ਵੀ ਪੜ੍ਹੋ : ਕੋਰੋਨਾ ਅੱਗੇ ਬੇਵੱਸ ਹੋਈ ਮੋਦੀ ਸਰਕਾਰ, ਬਦਲਣੀ ਪਈ 16 ਸਾਲ ਪੁਰਾਣੀ ਨੀਤੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।