ਕੈਨੇਡਾ ਤੇ UK ਨੇ ਇਸ ਦੇਸ਼ ਦੇ ਰਾਸ਼ਟਰਪਤੀ ''ਤੇ ਲਾਈਆਂ ਪਾਬੰਦੀਆਂ, ਜਾਣੋ ਕਾਰਨ

Wednesday, Sep 30, 2020 - 02:34 PM (IST)

ਓਟਾਵਾ- ਬੈਲਾਰੂਸ ਦੇ ਰਾਸ਼ਟਰਪਤੀ ਅਲੈਕਜ਼ੈਂਡਰ ਲੁਕਾਸ਼ੇਂਕੋ ਖ਼ਿਲਾਫ਼ ਕੈਨੇਡਾ ਤੇ ਬ੍ਰਿਟੇਨ ਖੁੱਲ੍ਹ ਕੇ ਸਾਹਮਣੇ ਆ ਗਏ ਹਨ। ਦੋਹਾਂ ਦੇਸ਼ਾਂ ਨੇ ਮਨੁੱਖੀ ਅਧਿਕਾਰਾਂ ਦੇ ਉਲੰਘਣ 'ਤੇ ਲੁਕਾਸ਼ੇਂਕੋ, ਉਨ੍ਹਾਂ ਦੇ ਪੁੱਤ ਤੇ 7 ਉੱਚ ਅਧਿਕਾਰੀਆਂ ਨੂੰ ਬੈਨ ਕਰ ਦਿੱਤਾ ਹੈ। 

ਇਨ੍ਹਾਂ ਪਾਬੰਦੀਆਂ ਵਿਚ ਯਾਤਰਾ ਬੈਨ ਦੇ ਨਾਲ ਹੀ ਲੁਕਾਸ਼ੇਂਕੋ, ਉਨ੍ਹਾਂ ਦੇ ਪੁੱਤ ਵਿਕਟਰ ਲੁਕਾਸ਼ੇਂਕੋ ਤੇ 7 ਹੋਰ ਅਧਿਕਾਰੀਆਂ ਦੀ ਜਾਇਦਾਦ ਜ਼ਬਤ ਕਰਨ ਵਰਗੇ ਕਦਮ ਸ਼ਾਮਲ ਹਨ। ਬੈਲਾਰੂਸ ਵਿਚ ਵਿਵਾਦਤ ਰਾਸ਼ਟਰਪਤੀ ਚੋਣ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨਾਲ ਗਲਤ ਸਲੂਕ ਕਰਨ ਕਰਕੇ ਬ੍ਰਿਟੇਨ ਅਤੇ ਕੈਨੇਡਾ ਨੇ ਇਹ ਪਾਬੰਦੀ ਲਗਾਈ ਹੈ।  

ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੋਮਿਨਿਕ ਰਾਬ ਨੇ ਕਿਹਾ ਕਿ ਬ੍ਰਿਟੇਨ ਤੇ ਕੈਨੇਡਾ ਨੇ ਪਾਬੰਦੀਆਂ ਲਗਾ ਕੇ ਲੁਕਾਸ਼ੇਂਕੋ ਦੇ ਹਿੰਸਕ ਤੇ ਫਰਜ਼ੀ ਸ਼ਾਸਨ ਨੂੰ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਅਸੀਂ ਧੋਖਾ ਕਰਨ ਵਾਲੀਆਂ ਇਨ੍ਹਾਂ ਚੋਣਾਂ ਦੇ ਨਤੀਜੇ ਨੂੰ ਸਵਿਕਾਰ ਨਹੀਂ ਕਰਦੇ। 

ਦੱਸ ਦਈਏ ਕਿ ਬੈਲਾਰੂਸ ਵਿਚ ਰਾਸ਼ਟਰਪਤੀ ਚੋਣਾਂ ਦੌਰਾਨ ਘੁਟਾਲਾ ਹੋਣ ਦਾ ਦੋਸ਼ ਹੈ, ਇਸ ਵਿਚ ਲੁਕਾਸ਼ੇਂਕੋ ਨੇ 80 ਫੀਸਦੀ ਵੋਟਾਂ ਜਿੱਤੀਆਂ ਸਨ। ਲੋਕਾਂ ਨੇ ਵਿਰੋਧ ਵਿਚ ਪ੍ਰਦਰਸ਼ਨ ਕੀਤਾ ਤਾਂ ਸਰਕਾਰ ਨੇ ਹਿੰਸਕ ਹੋ ਕੇ ਲੋਕਾਂ ਨੂੰ ਦਬਾਇਆ। ਇਸ ਮਗਰੋਂ ਉਨ੍ਹਾਂ ਲੋਕਾਂ ਨੂੰ ਰਾਸ਼ਟਰਪਤੀ ਨੇ ਸੋਨ ਤਮਗਿਆਂ ਨਾਲ ਸਨਮਾਨਤ ਕੀਤਾ, ਜਿਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਦਬਾਉਣ ਵਿਚ ਰਾਸ਼ਟਰਪਤੀ ਦੀ ਮਦਦ ਕੀਤੀ ਸੀ।


Lalita Mam

Content Editor

Related News