ਕੈਨੇਡਾ ''ਚ ਐੱਮ.ਪੀ. ਮਨੀਸ਼ ਤਿਵਾੜੀ ਦਾ ਸਨਮਾਨ
Sunday, Sep 29, 2019 - 02:27 PM (IST)

ਬਰੈਂਪਟਨ (ਵਿੱਕੀ ਉਮਰਾ ਨੰਗਲ)— ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਭਾਰਤ ਬਹੁ ਭਾਸ਼ਾਈ ਦੇਸ਼ ਹੈ । ਇੱਥੇ ਪੰਜਾਬੀ ਸਮੇਤ 22 ਭਾਰਤੀ ਭਾਸ਼ਾਵਾਂ ਨੂੰ ਸੰਵਿਧਾਨਕ ਮਾਣਤਾ ਦਿਤੀ ਗਈ ਹੈ। ਕਿਉਂਕਿ ਇਥੇ ਵੱਖ-ਵੱਖ ਖਿਤਿਆਂ ਦਾ ਕਲਚਰ ਤੇ ਭਾਸ਼ਾ ਵੱਖ ਵੱਖ ਹੈ ।ਤਿਵਾੜੀ ਇਥੇ ਈਟੋਬੀਕੋ ਵਿਚ ਪੈਂਦੇ ਈਲੀਟ ਬੈਂਕੁਟ ਹਾਲ ਵਿਚ ਇੰਡੀਆ ਓਵਰਸੀਜ ਕਾਂਗਰਸ ਵਲੋਂ ਕਰਵਾਏ ਗਏ ਸਮਾਗਮ ਵਿਚ ਸੰਬੋਧਨ ਕਰ ਰਹੇ ਸਨ।
ਇਸ ਮੌਕੇ ਤਿਵਾੜੀ ਨੇ ਭਾਸ਼ਾ ਦੇ ਮੁੱਦੇ 'ਤੇ ਕਿਹਾ ਕਿ ਭਾਰਤ ਬਹੁ ਭਾਸ਼ਾਈ ਦੇਸ਼ ਹੈ । ਉਨ੍ਹਾਂ ਪ੍ਰਵਾਸੀ ਪੰਜਾਬੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿਚ ਪੰਜਾਬੀ ਵਸੇ ਹੋਏ ਹਨ, ਜਿਥੇ ਉਨ੍ਹਾਂ ਨੇ ਵਪਾਰਕ ਖੇਤਰ ਵਿਚ ਤਰੱਕੀ ਕੀਤੀ ਹੈ, ਉਥੇ ਰਾਜਨੀਤੀ ਵਿਚ ਵੀ ਅਮਿਟ ਪੈੜਾਂ ਛੱਡ ਰਹੇ ਹਨ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਨਵੀਂ ਬਣ ਰਹੀ ਕੈਨੇਡਾ ਸਰਕਾਰ ਵਿਚ ਪੰਜਾਬੀਆਂ ਦੀ ਚੰਗੀ ਸਾਖ ਹੋਵੇਗੀ ।
ਪੰਜਾਬ ਲਾਰਜ ਇੰਡਸਟਰੀਅਲ ਡੀਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਨੇ ਕਿਹਾ ਕਿ ਪ੍ਰਵਾਸੀ ਪੰਜਾਬੀ ਪੰਜਾਬ ਦੇ ਪਿੰਡਾਂ ਦੇ ਸਕੂਲਾਂ ਅਤੇ ਹੈਲਥ ਸੈਂਟਰਾਂ ਲਈ ਹੈਲਪ ਗਰੁੱਪ ਬਣਾਉਣ ਤਾਂ ਸਰਕਾਰ ਉਨ੍ਹਾਂ ਦੇ ਸਹਿਯੋਗ ਨਾਲ ਲੋਕਾਂ ਲਈ ਜ਼ਰੂਰੀ ਸੇਵਾਵਾਂ ਨੂੰ ਕੈਨੇਡਾ ਦੇ ਪੈਟਰਨ 'ਤੇ ਪ੍ਰਦਾਨ ਕਰ ਸਕੇ। ਉਨ੍ਹਾਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਐਨ.ਆਰ. ਆਈਜ਼ ਲਈ ਜ਼ਰੂਰੀ ਕਦਮ ਚੁਕੇ ਹਨ ਤਾਂ ਕਿ ਪ੍ਰਵਾਸੀਆਂ ਨੂੰ ਹਰ ਪੱਧਰ ਤੇ ਇਨਸਾਫ ਮੁਹੱਈਆ ਕਰਵਾਇਆ ਜਾ ਸਕੇ।
ਇਸ ਮੌਕੇ ਸਮਾਗਮ ਦੇ ਪ੍ਰਬੰਧਕਾਂ ਵਲੋਂ ਤਿਵਾੜੀ ਨੂੰ ਸਨਮਾਨਿਤ ਵੀ ਕੀਤਾ ਗਿਆ । ਸਮਾਗਮ ਵਿਚ ਓਵਰਸੀਜ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਔਲਖ, ਓਨਟਾਰੀਓ ਦੇ ਦੀਪਕ ਅਨੰਦ ਐਮ ਪੀ ਪੀ, ਅਮਰਜੋਤ ਸੰਧੂ ਐੱਮ ਪੀ ਪੀ, ਗੁਰਦੀਪ ਝੱਜ, ਗੁਰਬਕਸ਼ ਭੱਟੀ, ਸਰਬਜੀਤ ਖੰਗੂੜਾ, ਰਣਜੋਧ ਸਿੱਧੂ, ਜਰਨੈਲ ਸਿੰਘ ਗਰੇਵਾਲ, ਰੂਪਾ ਬਰਾੜ, ਪ੍ਰਮਿੰਦਰ ਢਿਲੋਂ, ਇੰਦਰਜੀਤ ਮਾਂਗਟ, ਹਰਪਾਲ ਸੰਧੂ, ਜੋਗਾ ਕੰਗ, ਜਸਪਾਲ ਗੁਨੀਆ, ਗੋਲਡੀ ਕਾਹਲੋ, ਧਰਮਜੀਤ ਮੰਡ, ਜੋਗਾ ਕੰਗ, ਜੀਤਾ ਨੱਤ, ਗੁਰਵਿੰਦਰ ਥਿੰਦ, ਕੁਲਵਿੰਦਰ ਬਰਾੜ, ਰਬੀ ਗੋਰਾਇਆ, ਸਰਬਜੀਤ ਸੈਣੀ ਵੀ ਮੌਜੂਦ ਰਹੇ। ਅਖੀਰ ਵਿਚ ਅਮਨਪ੍ਰੀਤ ਔਲਖ ਨੇ ਆਏ ਲੋਕਾਂ ਦਾ ਧੰਨਵਾਦ ਕੀਤਾ।