ਪੁੱਤ ਵੀਡੀਓ ਗੇਮ ''ਤੇ ਫੋਕਸ ਕਰ ਸਕੇ, ਇਸ ਲਈ ਪਿਤਾ ਨੇ ਛੁਡਵਾਇਆ ਸਕੂਲ
Tuesday, Jul 30, 2019 - 04:46 PM (IST)

ਓਂਟਾਰੀਓ (ਬਿਊਰੋ)— ਦੁਨੀਆ ਭਰ ਵਿਚ ਜ਼ਿਆਦਾਤਰ ਮਾਤਾ-ਪਿਤਾ ਆਪਣੇ ਬੱਚੇ ਦੀ ਵੀਡੀਓ ਗੇਮ ਖੇਡਣ ਦੀ ਆਦਤ ਤੋਂ ਪਰੇਸ਼ਾਨ ਹਨ ਪਰ ਕੈਨੇਡਾ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕੈਨੇਡੀਅਨ ਸੂਬੇ ਓਂਟਾਰੀਓ ਦੇ ਸ਼ਹਿਰ ਸੂਡਬਰੀ ਵਿਚ ਇਕ ਪਿਤਾ ਨੇ ਆਪਣੇ ਬੇਟੇ ਜੌਰਡਨ ਦੇ ਈ-ਸਪੋਰਟ ਕਰੀਅਰ ਨੂੰ ਦੇਖਦਿਆਂ ਉਸ ਦਾ ਸਕੂਲ ਛੁਡਵਾ ਦਿੱਤਾ ਹੈ।
ਸੂਡਬਰੀ ਦੇ ਰਹਿਣ ਵਾਲੇ 49 ਸਾਲਾ ਕਾਰੋਬਾਰੀ ਡੇਵ ਹਰਜ਼ੋਗ ਦੇ ਇਸ ਕਦਮ ਨਾਲ ਵਿਵਾਦ ਖੜ੍ਹਾ ਹੋ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੌਰਡਨ ਜ਼ਿਆਦਾ ਤੋਂ ਜ਼ਿਆਦਾ ਸਮਾਂ ਵੀਡੀਓ ਗੇਮ ਲਈ ਦੇਵੇ ਇਸ ਲਈ ਉਸ ਨੂੰ ਸਮੇਂ ਦੀ ਲੋੜ ਸੀ। ਲਿਹਾਜਾ ਮੈਂ ਉਸ ਦਾ ਸਕੂਲ ਛੁਡਵਾ ਦਿੱਤਾ। ਖੁਦ ਵੀ ਗੇਮਰ ਰਹੇ ਡੇਵ ਦਾ ਦਾਅਵਾ ਹੈਕਿ ਜਦੋਂ ਜੌਰਡਨ ਸਿਰਫ 3 ਸਾਲ ਦਾ ਸੀ ਤਾਂ ਉਸ ਨੇ ਆਪਣੇ ਬੇਟੇ ਦੇ ਹੱਥਾਂ ਵਿਚ ਇਕ ਗੇਮਿੰਗ ਕੰਟਰੋਲਰ ਦਿੱਤਾ ਅਤੇ ਉਸ ਨੂੰ ਇਹ ਦਿਖਾਉਣ ਵਿਚ ਜ਼ਿਆਦਾ ਸਮਾਂ ਨਹੀਂ ਲੱਗਾ ਕਿ ਉਸ ਨੂੰ ਗੇਮਿੰਗ ਲਈ ਇਕ ਸੱਚਾ ਤੋਹਫਾ ਮਿਲਿਆ ਹੈ।
7 ਸਾਲ ਦੀ ਉਮਰ ਵਿਚ ਜੌਰਡਨ ਕੁਸ਼ਲ ਹਾਲੋ ਖਿਡਾਰੀ ਬਣ ਚੁੱਕਾ ਸੀ ਅਤੇ 10 ਸਾਲ ਦੀ ਉਮਰ ਵਿਚ ਉਹ ਪਹਿਲਾਂ ਤੋਂ ਹੀ ਸਥਾਨਕ ਗੇਮਰਸ 'ਤੇ ਭਾਰੀ ਪੈਣ ਲੱਗਾ ਸੀ। ਜਦੋਂ ਜੌਰਡਨ ਨੇ ਆਪਣਾ ਪਹਿਲਾ ਹਾਲੋ ਟੂਰਨਾਮੈਂਟ ਜਿੱਤਿਆ, ਜਿਸ ਵਿਚ ਉਸ ਨੂੰ 2,000 ਡਾਲਰ ਮੁੱਲ ਦੇ ਗੇਮਿੰਗ ਪਹਿਰਾਵੇ ਮਿਲੇ ਤਾਂ ਡੇਵ ਨੂੰ ਅਹਿਸਾਸ ਹੋਇਆ ਕਿ ਉਸ ਦਾ ਬੇਟਾ ਇਸ ਵਿਚ ਕਰੀਅਰ ਬਣਾ ਸਕਦਾ ਹੈ। ਇਸ ਮਗਰੋਂ ਜੌਰਡਨ ਦੇ ਜਿੱਤਣ ਦਾ ਸਿਲਸਿਲਾ ਜਾਰੀ ਰਿਹਾ।ਇੱਥੇ ਦੱਸ ਦਈਏ ਕਿ 16 ਸਾਲਾ ਜੌਰਡਨ ਪਹਿਲਾਂ ਹੀ ਦੁਨੀਆ ਦੇ ਸਫਲ ਫੋਰਟਨਾਈਟ ਖਿਡਾਰੀਆਂ ਵਿਚੋਂ ਇਕ ਹਨ। ਇਸ ਸਾਲ ਉਸ ਨੇ ਦੁਨੀਆ ਭਰ ਦੇ 200 ਹੋਰ ਖਿਡਾਰੀਆਂ ਦੇ ਨਾਲ ਵਿਸ਼ਵ ਫੋਰਟਨਾਈਟ ਚੈਂਪੀਅਨਸ਼ਿਪ ਲਈ ਕਵਾਲੀਫਾਈ ਕਰਨ ਦੇ ਨਾਲ ਹੀ 30 ਮਿਲੀਅਨ ਡਾਲਰ ਦਾ ਇਨਾਮ ਸਾਂਝਾ ਕੀਤਾ ਹੈ।
ਜੌਰਡਨ ਰੋਜ਼ਾਨਾ 8 ਤੋਂ 10 ਘੰਟੇ ਫੋਰਟਨਾਈਟ ਖੇਡਦਾ ਹੈ। ਉਹ ਲੰਬੇ ਸਮੇਂ ਤੱਕ ਆਪਣੇ ਕੰਪਿਊਟਰ ਸਾਹਮਣੇ ਬੈਠਾ ਰਹਿੰਦਾ ਹੈ ਅਤੇ ਖਾਣਾ ਵੀ ਉੱਥੇ ਹੀ ਖਾਂਧਾ ਹੈ ਤਾਂ ਜੋ ਯੂ-ਟਿਊਬ ਵੀਡੀਓ ਦੇਖ ਸਕੇ ਅਤੇ ਆਪਣੇ ਸਾਥੀਆਂ ਨਾਲ ਗੱਲ ਕਰ ਸਕੇ। ਇਸ ਦੇ ਨਾਲ ਹੀ ਆਨਲਾਈਨ ਸਕੂਲ ਦੀਆਂ ਕਲਾਸਾਂ ਵਿਚ ਹਿੱਸਾ ਲੈ ਸਕੇ। ਲਿਹਾਜਾ ਉਹ ਕੀਬੋਰਡ ਤੋਂ ਬਹੁਤ ਦੂਰ ਨਹੀਂ ਜਾਂਦਾ। ਇਸ ਨੂੰ ਦੇਖਦਿਆਂ ਡੇਵ ਨੇ ਪਿਛਲੇ ਸਾਲ ਜੌਰਡਨ ਦਾ ਸਕੂਲ ਛੁਡਵਾ ਦਿੱਤਾ, ਜਿਸ ਦਾ ਸ਼ੁਰੂ ਵਿਚ ਉਸ ਦੀ ਮਾਂ ਨੇ ਵਿਰੋਧ ਕੀਤਾ ਸੀ।
ਇਸ ਫੈਸਲੇ ਨੂੰ ਲੈ ਕੇ ਲੋਕਾਂ ਨੇ ਕਾਫੀ ਵਿਰੋਧ ਕੀਤਾ ਸੀ। ਲੋਕਾਂ ਨੇ ਉਸ 'ਤੇ ਬਾਲ ਸ਼ੋਸ਼ਣ (child abuse) ਦਾ ਦੋਸ਼ ਵੀ ਲਗਾਇਆ, ਜਿਸ 'ਤੇ ਡੇਵ ਨੇ ਕਿਹਾ ਕਿ ਇਹ ਸਿਰਫ ਨਜ਼ਰੀਏ ਦਾ ਮਾਮਲਾ ਹੈ। ਜੇਕਰ ਇਹ ਕੋਈ ਖੇਡ ਹੁੰਦੀ ਜਾਂ ਪਿਆਨੋ ਵਜਾਉਣਾ ਹੁੰਦਾ ਤਾਂ ਲੋਕ ਇਸ ਨੂੰ ਆਸਾਨੀ ਨਾਲ ਸਵੀਕਾਰ ਕਰ ਲੈਂਦੇ ਪਰ ਇਹ ਵੀਡੀਓ ਗੇਮ ਹੈ ਤਾਂ ਲੋਕ ਕਹਿ ਰਹੇ ਹਨ ਕਿ ਇਹ ਬੁਰਾਈ ਹੈ। ਡੇਵ ਨੂੰ ਆਪਣੇ ਫੈਸਲੇ 'ਤੇ ਪਛਤਾਵਾ ਨਹੀਂ ਹੈ। ਉਨ੍ਹਾਂ ਨੇ ਜੌਰਡਨ ਦੇ ਪੁਰਾਣੇ ਸਕੂਲ ਨੂੰ ਈ-ਮੇਲ ਕਰ ਕੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੇ ਕਿੰਨੀ ਰਾਸ਼ੀ ਜਿੱਤੀ ਹੈ।