ਦਿਲੀਪ ਕੁਮਾਰ ਦੀ ਦਿਆਲਤਾ ਨੂੰ ਕਦੇ ਨਹੀਂ ਭੁੱਲ ਪਾਵਾਂਗਾ : ਪਾਕਿ ਪ੍ਰਧਾਨ ਮੰਤਰੀ
Wednesday, Jul 07, 2021 - 06:26 PM (IST)
![ਦਿਲੀਪ ਕੁਮਾਰ ਦੀ ਦਿਆਲਤਾ ਨੂੰ ਕਦੇ ਨਹੀਂ ਭੁੱਲ ਪਾਵਾਂਗਾ : ਪਾਕਿ ਪ੍ਰਧਾਨ ਮੰਤਰੀ](https://static.jagbani.com/multimedia/2021_7image_15_19_170556001pak3.jpg)
ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤੀ ਸਿਨੇਮਾ ਦੇ ਦਿੱਗਜ਼ ਅਦਾਕਾਰ ਦਿਲੀਪ ਕੁਮਾਰ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ। ਇਮਰਾਨ ਨੇ ਕਿਹਾ ਕਿ ਉਹ ਦਿਲੀਪ ਕੁਮਾਰ ਦੀ ਦਿਆਲਤਾ ਨੂੰ ਕਦੇ ਨਹੀਂ ਭੁੱਲ ਪਾਉਣਗੇ ਜੋ ਉਹਨਾਂ ਨੇ ਮੇਰੀ ਮਾਂ ਦੀ ਯਾਦ ਵਿਚ ਕੈਂਸਰ ਹਸਪਤਾਲ ਬਣਾਉਣ ਲਈ ਧਨ ਜੁਟਾਉਣ ਵਿਚ ਮਦਦ ਕਰ ਕੇ ਦਿਖਾਈ ਸੀ।ਇੱਥੇ ਦੱਸ ਦਈਏ ਕਿ ਭਾਰਤੀ ਸਿਨੇਮਾ ਦੇ ਦਿੱਗਜ਼ ਅਦਾਕਾਰ ਦਿਲੀਪ ਕੁਮਾਰ ਦਾ ਬੁੱਧਵਾਰ ਸਵੇਰੇ ਮੁੰਬਈ ਦੇ ਹਿੰਦੁਜਾ ਹਸਪਤਾਲ ਵਿਚ ਦੇਹਾਂਤ ਹੋਇਆ। 98 ਸਾਲਾ ਦਿਲੀਪ ਲੰਬੇਂ ਸਮੇਂ ਤੋਂ ਬੀਮਾਰ ਸਨ।
ਪੜ੍ਹੋ ਇਹ ਅਹਿਮ ਖਬਰ- ਦਿਲੀਪ ਕੁਮਾਰ ਦੀ ਮੌਤ 'ਤੇ ਪਾਕਿ ਰਾਸ਼ਟਰਪਤੀ ਨੇ ਜਤਾਇਆ ਦੁੱਖ, ਆਮ ਜਨਤਾ ਵੀ ਗਮ 'ਚ ਡੁੱਬੀ
ਇਮਰਾਨ ਨੇ ਟਵੀਟ ਕੀਤਾ,''ਦਿਲੀਪ ਕੁਮਾਰ ਦੇ ਦੇਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਜਦੋਂ SKMTH ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ ਤਾਂ ਇਸ ਲਈ ਰਾਸ਼ੀ ਜੁਟਾਉਣ ਵਿਚ ਮਦਦ ਕਰਨ ਲਈ ਆਪਣਾ ਸਮਾਂ ਦੇ ਕੇ ਉਹਨਾਂ ਨੇ ਜਿਹੜੀ ਦਰਿਆਦਿਲੀ ਦਿਖਾਈ ਉਸ ਨੂੰ ਮੈਂ ਕਦੇ ਭੁੱਲ ਨਹੀਂ ਸਕਦਾ।'' ਇਮਰਾਨ ਨੇ ਕਿਹਾ ਕਿ ਫੰਡ ਜੁਟਾਉਣ ਲਈ ਬਹੁਤ ਮੁਸ਼ਕਲ ਸਮਾਂ ਸੀ ਅਤੇ ਪਾਕਿਸਤਾਨ ਤੇ ਲੰਡਨ ਵਿਚ ਉਹਨਾਂ ਦੀ ਮੌਜੂਦਗੀ ਕਾਰਨ ਵੱਡੀ ਰਾਸ਼ੀ ਜੁਟਾਈ ਗਈ। ਇਮਰਾਨ ਨੇ ਕਿਹਾ,''ਇਸ ਦੇ ਇਲਾਵਾ ਮੇਰੀ ਪੀੜ੍ਹੀ ਲਈ ਦਿਲੀਪ ਕੁਮਾਰ ਸਭ ਤੋਂ ਮਹਾਨ ਅਤੇ ਬਹੁਪੱਖੀ ਅਦਾਕਾਰ ਸਨ।''
ਸ਼ੌਕਤ ਖਾਨਮ ਮੈਮੋਰੀਅਲ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ (SKMCH & RC) ਲਾਹੌਰ ਅਤੇ ਪੇਸ਼ਾਵਰ ਵਿਚ ਸਥਿਤ ਆਧੁਨਿਕ ਕੈਂਸਰ ਹਸਪਤਾਲ ਹੈ। ਲਾਹੌਰ ਸਥਿਤ SKMCH & RC ਸ਼ੌਕਤ ਖਾਨਮ ਮੈਮੋਰੀਅਲ ਟਰੱਸਟ ਦਾ ਪਹਿਲਾ ਪ੍ਰਾਜੈਕਟ ਸੀ ਅਤੇ ਇਹ ਕ੍ਰਿਕਟਰ ਤੋਂ ਸਿਆਸਤ ਵਿਚ ਆਏ ਇਮਰਾਨ ਦਾ ਵਿਚਾਰ ਸੀ। 1985 ਵਿਚ ਇਮਰਾਨ ਦੀ ਮਾਂ ਸ਼ੌਕਤ ਖਾਨਮ ਦੀ ਕੈਂਸਰ ਨਾਲ ਮੌਤ ਹੋ ਗਈ ਸੀ, ਜਿਸ ਮਗਰੋਂ ਉਹਨਾਂ ਨੇ ਇਹ ਹਸਪਤਾਲ ਬਣਾਉਣ ਦੀ ਪ੍ਰੇਰਣਾ ਮਿਲੀ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਦਿਲੀਪ ਕੁਮਾਰ ਦਾ ਜਨਮ 11 ਦਸੰਬਰ, 1922 ਵਿਚ ਪੇਸ਼ਾਵਰ ਵਿਚ ਕਿੱਸਾ ਖਵਾਨੀ ਬਾਜ਼ਾਰ ਇਲਾਕੇ ਵਿਚ ਹੋਇਆ ਸੀ। ਪਾਕਿਸਤਾਨ ਸਰਕਾਰ ਪਹਿਲਾਂ ਹੀ ਉਹਨਾਂ ਦੇ ਜੱਦੀ ਘਰ ਨੂੰ ਰਾਸ਼ਟਰੀ ਵਿਰਾਸਤ ਐਲਾਨ ਕਰ ਚੁੱਕੀ ਹੈ ਅਤੇ ਉਹਨਾਂ ਦੇ ਨਾਮ 'ਤੇ ਇਸ ਨੂੰ ਇਕ ਮਿਊਜ਼ੀਅਮ ਵਿਚ ਤਬਦੀਲ ਕਰਨ ਦੀ ਸਾਰੀਆਂ ਰਸਮਾਂ ਪੂਰੀਆਂ ਹੋ ਚੁੱਕੀਆਂ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।