ਕੀ 'ਕੋਵਿਡ ਕੁੱਤੇ' ਖਤਰਨਾਕ ਵਾਇਰਸ ਨੂੰ ਸੁੰਘ ਸਕਦੇ ਨੇ, ਬਿ੍ਰਟੇਨ ਨੇ ਪ੍ਰੀਖਣ ਕੀਤਾ ਸ਼ੁਰੂ

05/17/2020 2:22:26 AM

ਲੰਡਨ (ਭਾਸ਼ਾ) - ਬਿ੍ਰਟਿਸ਼ ਸਰਕਾਰ ਨੇ ਸ਼ਨੀਵਾਰ ਨੂੰ ਵਿਸ਼ੇਸ਼ ਸਿਖਲਾਈ ਪ੍ਰਾਪਤ 'ਕੋਵਿਡ ਕੁੱਤਿਆਂ' ਲਈ ਪ੍ਰੀਖਣ ਸ਼ੁਰੂ ਕੀਤਾ ਕਿ ਕੀ ਉਹ ਇਨਸਾਨਾਂ ਵਿਚ ਕੋਰੋਨਾਵਾਇਰਸ ਪ੍ਰਭਾਵਿਤ ਦੀ ਪਛਾਣ, ਲੱਛਣਾਂ ਦੇ ਸਾਹਮਣੇ ਆਉਣ ਤੋਂ ਪਹਿਲਾਂ ਹੀ ਕਰ ਸਕਦੇ ਹਨ। ਇਹ ਪੂਰੀ ਪ੍ਰਕਿਰਿਆ ਇਕ ਖੋਜ ਦਾ ਹਿੱਸਾ ਹੈ। ਇਹ ਪ੍ਰੀਖਣ ਇਹ ਸਥਾਪਿਤ ਕਰੇਗਾ ਕਿ ਕੀ ਇਹ ਕੁੱਤੇ ਭਵਿੱਖ ਵਿਚ ਕੋਰੋਨਾਵਾਇਰਸ ਦੀ ਪਛਾਣ ਲਈ ਬਿਨਾਂ ਕਿਸੇ ਉਪਕਰਣ ਦੇ ਇਸਤੇਮਾਲ ਦੇ ਹੀ ਸ਼ੁਰੂਆਤੀ ਚਿਤਾਵਨੀ ਪ੍ਰਣਾਲੀ ਹੋ ਸਕਦੇ ਹਨ। 'ਲੰਡਨ ਸਕੂਲ ਆਫ ਹਾਈਜ਼ਿਨ ਐਂਡ ਟ੍ਰਾਪਿਕਲ ਮੈਡੀਸਨ' (ਐ. ਐਸ. ਐਚ. ਟੀ. ਐਮ.) ਵਿਚ ਖੋਜਕਾਰ ਪਹਿਲੇ ਪੜਾਅ ਵਿਚ 'ਮੈਡੀਕਲ ਡਿਟੈਕਸ਼ਨ ਡਾਗਸ' ਅਤੇ 'ਦਰਹਮ ਯੂਨੀਵਰਸਿਟੀ' ਦੇ ਨਾਲ ਮਿਲ ਕੇ ਪ੍ਰੀਖਣ ਕਰਨਗੇ।

ਸਿਹਤ ਅਤੇ ਸਮਾਜਿਕ ਦੇਖਭਾਲ ਵਿਭਾਗ ਨੇ ਕਿਹਾ ਕਿ ਇਸ ਪੂਰੀ ਖੋਜ ਲਈ ਸਰਕਾਰ 5 ਲੱਖ ਪਾਉਂਡ ਦੀ ਰਕਮ ਦੇ ਰਹੀ ਹੈ। ਪਹਿਲੇ ਪੜਾਅ ਦਾ ਉਦੇਸ਼ ਇਹ ਤੈਅ ਕਰਨਾ ਹੈ ਕਿ ਕੀ ਸਰੀਰ ਦੀ ਬਦਬੂ ਦੇ ਨਮੂਨੇ ਨਾਲ ਕੁੱਤੇ ਇਨਸਾਨਾਂ ਵਿਚ ਕੋਰੋਨਾਵਾਇਰਸ ਦਾ ਪਤਾ ਲਗਾ ਸਕਦੇ ਹਨ। ਇਸ ਪ੍ਰੀਖਣ ਲਈ ਦੋਹਾਂ ਯੂਨੀਵਰਸਿਟੀਆਂ ਦੇ ਸੀਨੀਅਰ ਰੋਗ ਕੰਟਰੋਲ ਮਾਹਿਰ ਮਿਲ ਕੇ ਕੰਮ ਕਰ ਰਹੇ ਹਨ। ਮੈਡੀਕਲ ਡਿਟੈਕਸ਼ਨ ਡਾਗਸ ਪਹਿਲਾਂ ਹੀ ਕੁੱਤਿਆਂ ਨੂੰ ਸੁੰਘ ਕੇ ਇਨਸਾਨਾਂ ਦੀਆਂ ਕਈ ਬੀਮਾਰੀਆਂ ਦਾ ਪਤਾ ਲਗਾਉਣ ਦਾ ਸਫਲਤਾਪੂਰਵਕ ਪ੍ਰੀਖਣ ਦੇ ਚੁੱਕਿਆ ਹੈ, ਜਿਨ੍ਹਾਂ ਵਿਚੋਂ ਕੈਂਸਰ, ਮਲੇਰੀਆ ਅਤੇ ਪਾਰਕਿਸਨ ਰੋਗ ਸ਼ਾਮਲ ਹਨ।

ਬਿ੍ਰਟੇਨ ਦੇ ਇਨੋਵੇਸ਼ਨ ਮੰਤਰੀ ਲਾਰਡ ਬੇਟਹੇਲ ਨੇ ਕਿਹਾ ਕਿ ਬਾਇਓ-ਇਨਵੈਸਟੀਗੇਟਿਵ ਕੁੱਤੇ ਪਹਿਲਾਂ ਹੀ ਖਾਸ ਤਰ੍ਹਾਂ ਦੇ ਕੈਂਸਰ ਦਾ ਪਤਾ ਲਗਾ ਰਹੇ ਹਨ ਅਤੇ ਸਾਡਾ ਮੰਨਣਾ ਹੈ ਕਿ ਇਹ ਖੋਜ ਸਾਡੀ ਵਿਆਪਕ ਜਾਂਚ ਰਣਨੀਤੀ ਨੂੰ ਤੇਜ਼ ਨਤੀਜੇ ਉਪਲਬਧ ਕਰਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਟੀਕ ਹੋਣਾ ਅਹਿਮ ਹੈ ਇਸ ਲਈ ਇਹ ਪ੍ਰੀਖਣ ਸਾਨੂੰ ਦੱਸੇਗਾ ਕਿ ਕੀ ਕੋਵਿਡ ਕੁੱਤੇ ਭਰੋਸੇਯੋਗ ਤਰੀਕੇ ਨਾਲ ਵਾਇਰਸ ਦਾ ਪਤਾ ਲਾ ਕੇ ਇਸ ਦੇ ਪ੍ਰਸਾਰ 'ਤੇ ਰੋਕ ਲਾ ਸਕਦੇ ਹਨ। ਸਿਹਤ ਵਿਭਾਗ ਨੇ ਕਿਹਾ ਕਿ ਇਸ ਪ੍ਰੀਖਣ ਵਿਚ ਇਹ ਦੇਖਿਆ ਜਾਵੇਗਾ ਕਿ ਕੀ ਕੁੱਤਿਆਂ ਨੂੰ ਲੋਕਾਂ ਵਿਚ ਕੋਰੋਨਾਵਾਇਰਸ ਦੀ ਪਛਾਣ ਕਰਨ ਲਈ ਸਿਖਲਾਈ ਦਿੱਤੀ ਜਾ ਸਕਦੀ ਹੈ, ਭਾਂਵੇ ਹੀ ਉਨ੍ਹਾਂ ਵਿਚ ਲੱਛਣ ਨਾ ਪਾਏ ਜਾ ਰਹੇ ਹੋਣ। ਇਹ ਉਨਾਂ ਜਾਂਚ ਦੇ ਤਰੀਕਿਆਂ ਵਿਚੋਂ ਇਕ ਹੈ, ਜਿਸ ਦੀ ਸੰਭਾਵਨਾ ਸਰਕਾਰ ਵਾਇਰਸ ਦੀ ਜਲਦ ਪਛਾਣ ਕਰਨ ਲਈ ਲੱਭ ਰਹੀ ਹੈ।


Khushdeep Jassi

Content Editor

Related News