ਕੈਲੀਫੋਰਨੀਆ ''ਚ ਕੋਰੋਨਾ ਹੋ ਰਿਹੈ ਬੇਕਾਬੂ, 5 ਦਿਨਾਂ ''ਚ ਹੋਈਆਂ 1000 ਤੋਂ ਵੱਧ ਮੌਤਾਂ

Saturday, Dec 19, 2020 - 10:14 AM (IST)

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ)-ਕੈਲੀਫੋਰਨੀਆ ਸੂਬੇ ਵਿਚ ਕੋਰੋਨਾ ਵਾਇਰਸ ਦੀ ਲਾਗ ਵੱਡੇ ਪੱਧਰ ਤੇ ਆਪਣੇ ਪੈਰ ਪਸਾਰ ਰਹੀ ਹੈ ,ਜਿਸਦੇ ਸਿੱਟੇ ਵਜੋਂ ਮੌਤਾਂ ਦੀ ਗਿਣਤੀ ਵਿਚ ਵੀ ਭਾਰੀ ਵਾਧਾ ਹੋ ਰਿਹਾ ਹੈ। ਸਿਹਤ ਅਧਿਕਾਰੀਆਂ ਨੇ ਵੀਰਵਾਰ ਨੂੰ ਇੱਕ ਦਿਨ ਵਿੱਚ 379 ਮੌਤਾਂ ਅਤੇ ਦੋ ਦਿਨਾਂ ਦੌਰਾਨ ਤਕਰੀਬਨ 106,000 ਕੋਰੋਨਾ ਵਾਇਰਸ ਦੇ ਨਵੇਂ ਪੁਸ਼ਟੀ ਕੀਤੇ ਮਾਮਲਿਆਂ ਦੀ ਘੋਸ਼ਣਾ ਕੀਤੀ ਹੈ। ਦੇਸ਼ ਦੇ ਜ਼ਿਆਦਾ ਅਬਾਦੀ ਵਾਲੇ ਇਸ ਸੂਬੇ ਵਿਚ ਪਿਛਲੇ ਪੰਜ ਦਿਨਾਂ ਦੌਰਾਨ 1000 ਤੋਂ ਵੱਧ ਮੌਤਾਂ ਦਰਜ ਹੋਈਆਂ ਹਨ। 

ਇਸ ਸੂਬੇ ਦੇ ਕੁੱਲ ਕੋਰੋਨਾ ਮਾਮਲੇ ਹੁਣ ਲਗਭਗ 1.7 ਮਿਲੀਅਨ ਹਨ ਜਦਕਿ ਸੂਬੇ ਵਿਚ ਮੌਤਾਂ ਦੀ ਗਿਣਤੀ 21,860 ਹੋ ਗਈ ਹੈ। ਇਸ ਦੌਰਾਨ ਕੈਲੀਫੋਰਨੀਆ ਦੇ ਬਹੁਤ ਸਾਰੇ ਹਸਪਤਾਲ ਮਰੀਜ਼ਾਂ ਦਾ ਇਲਾਜ ਕਰਨ ਦੀ ਸਮਰੱਥਾ ਤੋਂ ਬਾਹਰ ਚੱਲ ਰਹੇ ਹਨ ਅਤੇ ਇਸ ਸਥਿਤੀ ਨਾਲ ਗੈਰ-ਕੋਵਿਡ ਮਰੀਜ਼ਾਂ ਦੀ ਦੇਖਭਾਲ ਵੀ ਪ੍ਰਭਾਵਿਤ ਹੋ ਰਹੀ ਹੈ। ਲਾਗ ਦੇ ਵਧ ਰਹੇ ਮਾਮਲਿਆਂ ਵਿਚਕਾਰ ਲਾਸ ਏਂਜਲਸ ਦੇ ਮੇਅਰ ਐਰਿਕ ਗਰਸੇਟੀ ਨੇ ਵਾਇਰਸ ਦੀ ਫੈਲ ਰਹੀ ਲਾਗ ਦੇ ਸੰਬੰਧ ਵਿੱਚ ਇਕ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਕੁਝ ਦਿਨਾਂ ਦੇ ਅੰਦਰ ,ਲਾਸ ਏਂਜਲਸ ਕਾਉਂਟੀ ਸਾਰੇ ਹਸਪਤਾਲਾਂ ਵਿਚ ਜਗ੍ਹਾ ਅਤੇ ਸਟਾਫ ਦੀ ਘਾਟ ਕਾਰਨ ਸੰਕਟ ਦਾ ਐਲਾਨ ਕਰ ਸਕਦੀ ਹੈ।

ਹਸਪਤਾਲਾਂ ਵਿਚ ਕੋਵਿਡ ਮਰੀਜ਼ਾਂ ਦੀ ਦੇਖਭਾਲ ਕਰਨ ਲਈ ਪਾਰਕਿੰਗ ਸਥਾਨ ਅਤੇ ਕਾਨਫਰੰਸ ਰੂਮਾਂ ਦੀ ਪਛਾਣ ਕੀਤੀ ਜਾ ਰਹੀ ਹੈ,ਤਾਂ ਜੋ ਲੋੜ ਪੈਣ ਤੇ ਇਹਨਾਂ ਦੀ ਵਰਤੋਂ ਕੀਤੀ ਜਾ ਸਕੇ। ਇੰਨਾ ਹੀ ਨਹੀ ਕੈਲੀਫੋਰਨੀਆਂ ਵਿੱਚ ਹਸਪਤਾਲਾਂ 'ਤੇ ਬੋਝ ਘੱਟ ਕਰਨ ਦੀ ਕੋਸ਼ਿਸ਼ ਵਜੋਂ  ਸੈਕਰਾਮੈਂਟੋ ਦੇ ਇਕ ਸਾਬਕਾ ਐੱਨ. ਬੀ. ਏ. ਐਰੀਨਾਂ ਅਤੇ ਦੋ ਸੂਬਿਆਂ ਵਲੋਂ ਚਲਾਏ ਵਿਕਾਸ ਕੇਂਦਰਾਂ ਸਮੇਤ ਪੰਜ ਵਿਕਲਪਕ ਦੇਖਭਾਲ ਸਹੂਲਤਾਂ ਖੋਲ੍ਹਣ ਦੇ ਨਾਲ 1,555 ਬਿਸਤਰਿਆਂ ਦਾ ਵੀ ਪ੍ਰਬੰਧ ਵੀ ਕੀਤਾ ਗਿਆ ਹੈ।


Lalita Mam

Content Editor

Related News