ਆਸਟਰੇਲੀਆ ਅੱਗ: ਮੁਹਿੰਮ ''ਚ ਲੱਗੇ ਜਹਾਜ਼ਾਂ ਨੂੰ ਰਸਤਾ ਦੇਣ ਲਈ ਕੈਨਬਰਾ ਹਵਾਈ ਅੱਡਾ ਬੰਦ
Thursday, Jan 23, 2020 - 01:16 PM (IST)

ਸਿਡਨੀ- ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਦੇ ਕੋਲ ਜੰਗਲਾਂ ਵਿਚ ਲੱਗੀ ਅੱਗ 'ਤੇ ਕਾਬੂ ਕਰਨ ਦੇ ਕੰਮ ਵਿਚ ਲੱਗੇ ਜਹਾਜ਼ਾ ਨੂੰ ਰਸਤਾ ਦੇਣ ਲਈ ਵੀਰਵਾਰ ਨੂੰ ਸ਼ਹਿਰ ਦੇ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ। ਪੂਰਬੀ ਆਸਟਰੇਲੀਆ ਦੇ ਕਈ ਇਲਾਕਿਆਂ ਵਿਚ ਵੀਰਵਾਰ ਨੂੰ ਤੇਜ਼ ਹਵਾਵਾਂ ਤੇ ਵਧਦੇ ਤਾਪਮਾਨ ਦੇ ਕਾਰਨ ਅੱਗ ਦੀਆਂ ਲਪਟਾਂ ਇਕ ਵਾਰ ਮੁੜ ਵਧ ਗਈਆਂ, ਜਦਕਿ ਪਿਛਲੇ ਕੁਝ ਦਿਨਾਂ ਤੋਂ ਇਥੇ ਸਥਿਤੀ ਬਿਹਤਰ ਹੋਣ ਦੀ ਉਮੀਦ ਸੀ।
ਕੈਨਬਰਾ ਹਵਾਈ ਅੱਡੇ ਦੀ ਬੁਲਾਰਨ ਨੇ ਦੱਸਿਆ ਕਿ ਆਸਟਰੇਲੀਆ ਦੀ ਰਾਜਧਾਨੀ ਆਉਣ ਤੇ ਜਾਣ ਵਾਲੀਆਂ ਉਡਾਣਾਂ ਕਰੀਬ ਅੱਧੀ ਰਾਤ ਨੂੰ ਰੋਕ ਦਿੱਤੀਆਂ ਗਈਆਂ ਤਾਂਕਿ ਮੁਹਿੰਮ (ਅੱਗ 'ਤੇ ਕਾਬੂ ਕਰਨ) ਵਿਚ ਲੱਗੇ ਜਹਾਜ਼ਾਂ ਨੂੰ ਰਸਤਾ ਦਿੱਤਾ ਜਾ ਸਕੇ। ਉਹਨਾਂ ਨੇ ਦੱਸਿਆ ਕਿ ਸੇਵਾਵਾਂ ਕਦੋਂ ਤੱਕ ਮੁਅੱਤਲ ਰਹਿਣਗੀਆਂ, ਇਹ ਅਜੇ ਸਪੱਸ਼ਟ ਨਹੀਂ ਹੈ। ਇਸੇ ਵਿਚਾਲੇ ਮੁਹਿੰਮ ਵਿਚ ਲੱਗੇ ਇਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਵੀ ਖਬਰ ਹੈ। ਨਿਊ ਸਾਊਥ ਵੇਲਸ ਰੂਰਲ ਸਰਵਿਸ ਨੇ ਕਿਹਾ ਕਿ ਦੱਖਣੀ ਐਨ.ਐਸ.ਡਬਲਿਊ. ਵਿਚ ਇਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀਆਂ ਖਬਰਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮੁਹਿੰਮ ਵਿਚ ਲੱਗੇ ਬੋਇੰਗ 737 ਜਹਾਜ਼ ਵਿਚ ਆਮ ਕਰਕੇ ਦੋ ਪਾਇਲਟ ਹੁੰਦੇ ਹਨ। ਇਹ 15,000 ਲੀਟਰ ਤੱਕ ਪਾਣੀ ਜਾਂ ਅੱਗ ਬੁਝਾਉਣ ਵਾਲੀ ਸਮੱਗਰੀ ਲਿਜਾ ਸਕਦਾ ਹੈ। ਅੱਗ 'ਤੇ ਕਾਬੂ ਕਰਨ ਦੀ ਮੁਹਿੰਮ ਵਿਚ ਇਹ ਜ਼ਮੀਨ 'ਤੇ ਤਾਇਨਾਤ ਬਲਾਂ ਦੀ ਮਦਦ ਕਰਦੇ ਹਨ।