ਸੈਲਾਨੀਆਂ ਦੀ ਗਿਣਤੀ ਵਧਾਉਣ ਲਈ ਹੁਣ ਪਾਕਿ ਖੋਲੇਗਾ ''ਬੁੱਧ ਯੂਨੀਵਰਸਿਟੀ''
Thursday, Oct 31, 2019 - 01:43 AM (IST)

ਇਸਲਾਮਾਬਾਦ - ਪਾਕਿਸਤਾਨ ਬੁੱਧ ਯੂਨੀਵਰਸਿਟੀ ਸਥਾਪਿਤ ਕਰਨ 'ਤੇ ਵਿਚਾਰ ਕਰ ਰਿਹਾ ਹੈ। ਇਹ ਦਰਅਸਲ ਦੇਸ਼ ਦੇ ਘੱਟ ਗਿਣਤੀ ਭਾਈਚਾਰੇ ਦੇ ਇਤਿਹਾਸਕ ਧਾਰਮਿਕ ਥਾਂਵਾਂ 'ਤੇ ਸੈਲਾਨੀ ਵਧਾਉਣ ਦੀ ਕੋਸ਼ਿਸ਼ ਦਾ ਹਿੱਸਾ ਹੈ। ਥਾਈਲੈਂਡ ਤੋਂ ਪਾਕਿਸਤਾਨ ਦੀ ਯਾਤਰਾ 'ਤੇ ਆਏ 9 ਮੈਂਬਰੀ ਬੌਧ ਵਫਦ ਨੂੰ ਸੰਬੋਧਿਤ ਕਰਦੇ ਹੋਏ ਧਾਰਮਿਕ ਅਤੇ ਅੰਤਰ-ਧਰਮ ਸਦਭਾਵਨਾ ਮੰਤਰੀ ਪੀਰ ਨੂਰ ਓਲ ਹੱਕ ਕਾਦਰੀ ਨੇ ਮੰਗਲਵਾਰ ਨੂੰ ਆਖਿਆ ਕਿ ਪ੍ਰਸਤਾਵਿਤ ਯੂਨੀਵਰਸਿਟੀ ਖੈਬਰ ਪਖਤੂਨਖੱਵਾ ਸੂਬੇ ਦੇ ਪੇਸ਼ਾਵਰ ਜਾਂ ਸਵਾਤ ਸ਼ਹਿਰ 'ਚ ਬਣਾਈ ਜਾ ਸਕਦੀ ਹੈ।
ਓਦੂ ਪੁਆਇੰਟ ਮੁਤਾਬਕ, ਸਰਕਾਰ ਵੱਲੋਂ ਜਾਰੀ ਬਿਆਨ 'ਚ ਆਖਿਆ ਗਿਆ ਹੈ ਕਿ ਇਮਰਾਨ ਸਰਕਾਰ ਪੇਸ਼ਾਵਰ ਜਾਂ ਸਵਾਤ 'ਚ ਬੁੱਧ ਯੂਨੀਵਰਸਿਟੀ ਸਥਾਪਿਤ ਕਰਨ 'ਤੇ ਵਿਚਾਰ ਕਰ ਰਹੀ ਹੈ। ਬੁੱਧ ਨਾਲ ਜੁੜੇ ਇਤਿਹਾਸਕ ਥਾਂਵਾਂ 'ਤੇ ਇਕ ਕਿਤਾਬ ਲਿਖੀ ਜਾਵੇਗੀ। ਉਥੇ ਹੀ ਪਾਕਿਸਤਾਨ ਬੁੱਧ ਹਫਤੇ ਵੀ ਮਨਾਵੇਗਾ। ਕਾਦਰੀ ਨੇ ਆਖਿਆ ਕਿ ਸਰਕਾਰ ਘੱਟ ਗਿਣਤੀਆਂ ਦੇ ਇਤਿਹਾਸਕ ਧਾਰਮਿਕ ਥਾਂਵਾਂ 'ਤੇ ਸੈਲਾਨੀਆਂ ਨੂੰ ਵਧਾਉਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੇ ਭਾਰਤੀ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਕੋਰੀਡੋਰ ਖੋਲ੍ਹਣ ਦੇ ਸਰਕਾਰ ਦੇ ਹਾਲ ਹੀ ਦੇ ਫੈਸਲੇ ਦਾ ਹਵਾਲਾ ਦਿੰਦੇ ਹੋਏ ਆਖਿਆ ਕਿ ਇਸ ਨਾਲ ਸਾਬਿਤ ਹੁੰਦਾ ਹੈ ਕਿ ਪਾਕਿਸਤਾਨ ਘੱਟ ਗਿਣਤੀਆਂ ਭਾਈਚਾਰਿਆਂ ਦਾ ਸਨਮਾਨ ਕਰਦਾ ਹੈ।