ਬਰਤਾਨਵੀ ਸਰਕਾਰ ਨੇ ਵੱਖ-ਵੱਖ ਭਾਸ਼ਾਵਾਂ ''ਚ ਕੋਰੋਨਾ ਹਦਾਇਤਾਂ ਜਾਰੀ ਕਰਨ ਤੋਂ ਵੱਟਿਆ ਪਾਸਾ

Tuesday, Jul 28, 2020 - 05:18 PM (IST)

ਬਰਤਾਨਵੀ ਸਰਕਾਰ ਨੇ ਵੱਖ-ਵੱਖ ਭਾਸ਼ਾਵਾਂ ''ਚ ਕੋਰੋਨਾ ਹਦਾਇਤਾਂ ਜਾਰੀ ਕਰਨ ਤੋਂ ਵੱਟਿਆ ਪਾਸਾ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਬਰਤਾਨੀਆ ਵਿੱਚ ਬਹੁ-ਭਾਸ਼ਾਈ ਤੇ ਵੱਖ-ਵੱਖ ਮੂਲ ਦੇ ਲੋਕ ਵਸਦੇ ਹਨ। 40 ਲੱਖ ਤੋਂ ਜਿਆਦਾ ਲੋਕ ਅੰਗਰੇਜ਼ੀ ਨੂੰ ਆਪਣੇ ਲਈ ਮੁੱਖ ਭਾਸ਼ਾ ਨਹੀਂ ਮੰਨਦੇ। ਇਸੇ ਧਰਤੀ 'ਤੇ 860000 ਲੋਕ ਅਜਿਹੇ ਵੀ ਵਸਦੇ ਹਨ ਜੋ ਗੁਜ਼ਾਰੇ ਜੋਕਰੀ ਅੰਗਰੇਜ਼ੀ ਬੋਲ ਲੈਂਦੇ ਹਨ ਜਾਂ ਬਿਲਕੁਲ ਹੀ ਨਹੀਂ ਬੋਲਦੇ।

ਜਦੋਂ ਇੰਗਲੈਂਡ ਤੇ ਵੇਲਜ਼ ਵਿੱਚ ਹੀ ਅੰਗਰੇਜ਼ੀ ਤੋਂ ਬਿਨਾਂ 88 ਹੋਰ ਭਾਸ਼ਾਵਾਂ ਮੁੱਖ ਭਾਸ਼ਾ ਵਜੋਂ ਅਹਿਮੀਅਤ ਰੱਖਦੀਆਂ ਹੋਣ ਤਾਂ ਸਰਕਾਰ ਦੇ ਕੰਮਕਾਰ ਵਿੱਚ ਵਾਧੇ ਦਾ ਹੋਣਾ ਲਾਜ਼ਮੀ ਹੈ। ਕੋਰੋਨਾਵਾਇਰਸ ਦੇ ਦੌਰ ਵਿੱਚ ਅੰਗਰੇਜ਼ੀ ਨਾ ਜਾਨਣ ਵਾਲੇ ਲੋਕਾਂ ਨੂੰ ਉਹਨਾਂ ਦੀ ਭਾਸ਼ਾ ਵਿੱਚ ਹਦਾਇਤਾਂ ਜਾਰੀ ਕਰਨਾ ਵੀ ਇੱਕ ਵੱਡੀ ਸਮੱਸਿਆ ਹੈ। ਬੇਸ਼ੱਕ ਯੂਕੇ ਸਰਕਾਰ ਵੱਲੋਂ ਕੋਰੋਨਾ ਦੇ ਪ੍ਰਭਾਵ ਅਤੇ ਬਚਾਅ ਤੋਂ ਜਾਣੂ ਕਰਵਾਉਣ ਲਈ 25 ਵੱਖ-ਵੱਖ ਭਾਸ਼ਾਵਾਂ ਵਿੱਚ ਅਨੁਵਾਦਿਤ ਹਦਾਇਤਾਂ ਜਾਰੀ ਕੀਤੇ ਜਾਣ ਬਾਰੇ ਕਿਹਾ ਗਿਆ ਹੈ ਪਰ ਇੱਕ ਚੈਰਿਟੀ ਸੰਸਥਾ ਵੱਲੋਂ ਸਰਕਾਰ 'ਤੇ ਸਵਾਲ ਉਠਾਇਆ ਗਿਆ ਹੈ ਕਿ ਇਸ ਮਾਮਲੇ ਵਿੱਚ ਸਰਕਾਰ ਗੈਰ ਗੰਭੀਰ ਹੈ ਤੇ ਸਰਕਾਰ ਵੱਲੋਂ ਲੋਕਾਂ ਤੱਕ ਸੁਨੇਹਾ ਪਹੁੰਚਾਉਣ ਲਈ ਬਹੁਤ ਸਾਰੀਆਂ ਭਾਸ਼ਾਵਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਲੱਗਭਗ 3 ਬਿਲੀਅਨ ਜਾਨਵਰ ਮਾਰੇ ਗਏ ਜਾਂ ਵਿਸਥਾਪਿਤ ਹੋਏ : WWF

ਦੂਜੇ ਪਾਸੇ ਸਰਕਾਰ ਦੇ ਬੁਲਾਰੇ ਦਾ ਕਹਿਣਾ ਹੈ ਕਿ ਬੇਸ਼ੱਕ ਸਾਰੀਆਂ ਭਾਸ਼ਾਵਾਂ ਵਿੱਚ ਹਦਾਇਤਾਂ ਨੂੰ ਅਨੁਵਾਦ ਕਰਕੇ ਵੰਡਣਾ ਮੁਸ਼ਕਿਲ ਹੈ ਪਰ ਫਿਰ ਵੀ ਪ੍ਰਮੁੱਖ ਭਾਸ਼ਾਵਾਂ ਵਿੱਚ ਲੋੜੀਂਦੇ ਸੁਨੇਹੇ ਜ਼ਰੂਰ ਜਾਰੀ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਮਾਰਚ ਮਹੀਨੇ ਵੈਲਸ਼, ਉਰਦੂ, ਅਰਬੀ ਤੇ ਬੰਗਾਲੀ ਸਮੇਤ 11 ਭਾਸ਼ਾਵਾਂ ਵਿੱਚ ਹਦਾਇਤਾਂ ਜਾਰੀ ਕੀਤੀਆਂ ਸਨ ਪਰ ਇਹ ਫੈਸਲਾ 1 ਮਈ ਨੂੰ ਵਾਪਸ ਲੈ ਲਿਆ ਗਿਆ। ਨਵੇਂ ਜ਼ਾਰੀ ਕੀਤੇ ਸੁਨੇਹੇ "ਚੁਕੰਨੇ ਤੇ ਸੁਰੱਖਿਅਤ ਰਹੋ" ਨੂੰ ਸਰਕਾਰ ਵੱਲੋਂ ਹੋਰਨਾਂ ਭਾਸ਼ਾਵਾਂ ਵਿੱਚ ਅਨੁਵਾਦ ਨਹੀਂ ਕਰਵਾਇਆ ਗਿਆ। 30 ਦੇ ਲਗਭਗ ਸਥਾਨਕ ਅਦਾਰਿਆਂ, ਜਨਤਕ ਸਿਹਤ ਨਾਲ ਸੰਬੰਧਤ ਸਮੂਹਾਂ ਦੇ ਆਗੂਆਂ ਤੇ ਚੈਰਿਟੀ ਸੰਸਥਾਵਾਂ ਵੱਲੋਂ ਸਿਹਤ ਸਕੱਤਰ ਮੈਟ ਹੈਨਕੌਕ ਤੇ ਕਮਿਊਨਿਟੀਜ ਸੈਕਟਰੀ ਰੌਬਰਟ ਜੈਨਰਿਕ ਨੂੰ ਅਪੀਲ ਕੀਤੀ ਸੀ ਕਿ ਉਹ ਸੂਚਨਾਵਾਂ ਨੂੰ ਹੋਰਨਾਂ ਭਾਸ਼ਾਵਾਂ ਵਿੱਚ ਵੀ ਪ੍ਰਕਾਸ਼ਿਤ ਕਰਵਾਉਣ।


author

Vandana

Content Editor

Related News