ਬ੍ਰਿਟਿਸ਼ ਕੋਲੰਬੀਆ ਚੋਣਾਂ : ਨਸ਼ਿਆਂ ਦਾ ਮੁੱਦਾ ਭਖਿਆ, ਸਿਹਤ ਐਮਰਜੰਸੀ ਬਣੀ ਚਿੰਤਾ ਦਾ ਵਿਸ਼ਾ
Monday, Sep 28, 2020 - 05:17 PM (IST)

ਵੈਨਕੂਵਰ- ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਅਗਲਾ ਮੁੱਖ ਮੰਤਰੀ ਚੁਣਨ ਲਈ 24 ਅਕਤੂਬਰ,2020 ਨੂੰ ਚੋਣਾਂ ਹੋਣ ਜਾ ਰਹੀਆਂ ਹਨ। ਇਸ ਸਮੇਂ ਨਿਊ ਡੈਮੋਕ੍ਰੇਟਿਕ ਪਾਰਟੀ ਅਤੇ ਗ੍ਰੀਨ ਪਾਰਟੀ ਮਿਲ ਕੇ ਸਰਕਾਰ ਚਲਾ ਰਹੀਆਂ ਹਨ ਤੇ ਜੌਹਨ ਹੌਰਗਨ ਮੁੱਖ ਮੰਤਰੀ ਹਨ। ਹੌਰਗਨ ਨੇ ਆਪ ਹੀ ਆਪਣੀ ਸਰਕਾਰ ਨੂੰ ਸਮੇਂ ਤੋਂ ਪਹਿਲਾਂ ਸੁੱਟਦਿਆਂ ਸੂਬਾਈ ਚੋਣਾਂ ਕਰਵਾਉਣ ਦਾ ਫੈਸਲਾ ਲਿਆ ਹੈ।
ਇਸ ਦੌਰਾਨ ਵੈਨਕੁਵਰ ਦੇ ਕੌਂਸਲਰ ਨੇ ਨਸ਼ਿਆਂ ਦੇ ਮੁੱਦੇ ਨੂੰ ਚੁੱਕਦਿਆਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਸੂਬੇ ਵਿਚ ਕੋਈ ਵੀ ਮੁੱਖ ਮੰਤਰੀ ਬਣੇ ਪਰ ਉਹ ਯਕੀਨੀ ਤੌਰ 'ਤੇ ਨਸ਼ਿਆਂ ਦੀ ਓਵਰਡੋਜ਼ ਨੂੰ ਖਤਮ ਕਰਨ ਲਈ ਜ਼ਰੂਰੀ ਕਦਮ ਚੁੱਕੇ। ਨਸ਼ਿਆਂ ਦੀ ਓਵਰਡੋਜ਼ ਕਾਰਨ ਸੈਂਕੜੇ ਲੋਕ ਜਾਨਾਂ ਗੁਆ ਰਹੇ ਹਨ।
ਬ੍ਰਿਟਿਸ਼ ਕੋਲੰਬੀਆ ਵਿਚ ਨਸ਼ਾ ਤੇ ਗੈਂਗਵਾਰ ਦੋਹਾਂ ਨੇ ਬੁਰੀ ਤਰ੍ਹਾਂ ਪੈਰ ਪਸਾਰੇ ਹੋਏ ਹਨ। ਕੌਂਸਲਰ ਲਿਸਾ ਡੋਮੀਨਾਟੇ ਨੇ ਕਿਹਾ ਕਿ ਜਿਵੇਂ ਕੋਰੋਨਾ ਵਾਇਰਸ ਤੋਂ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਤੇਜ਼ੀ ਨਾਲ ਜ਼ਰੂਰੀ ਕਦਮ ਚੁੱਕੇ ਗਏ, ਉਸੇ ਤਰ੍ਹਾਂ ਨਸ਼ਿਆਂ ਦੀ ਨਾਮੁਰਾਦ ਬੀਮਾਰੀ ਨੂੰ ਵੀ ਜੜ੍ਹੋਂ ਖਤਮ ਕਰਨ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇੱਥੇ 5 ਸਾਲਾਂ ਤੋਂ ਨਸ਼ਿਆਂ ਕਾਰਨ ਸਿਹਤ ਐਮਰਜੈਂਸੀ ਘੋਸ਼ਿਤ ਹੈ ਪਰ ਇਸ ਲਈ ਅਜੇ ਵੀ ਠੋਸ ਕਦਮ ਨਹੀਂ ਚੁੱਕੇ ਗਏ। 2016 ਵਿਚ ਐਮਰਜੈਂਸੀ ਘੋਸ਼ਿਤ ਹੋਣ ਦੇ ਬਾਅਦ ਤੋਂ ਸੂਬੇ ਵਿਚ 5 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। 2020 ਵਿਚ ਹੀ 1,068 ਲੋਕਾਂ ਦੀ ਮੌਤ ਡਰੱਗਜ਼ ਕਾਰਨ ਹੋ ਚੁੱਕੀ ਹੈ ਤੇ ਆਉਣ ਵਾਲੇ ਸਮੇਂ ਵਿਚ ਪਤਾ ਨਹੀਂ ਕਿੰਨੇ ਕੁ ਘਰਾਂ ਦੇ ਦੀਵੇ ਬੁਝਣਗੇ।