ਰੂਸ ਦੇ ਵੈਗਨਰ ਵਿਦਰੋਹੀ ਸਮੂਹ ਨੂੰ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਐਲਾਨੇਗਾ ਬ੍ਰਿਟੇਨ
Wednesday, Sep 06, 2023 - 02:52 PM (IST)

ਬ੍ਰਿਟੇਨ (ਭਾਸ਼ਾ)- ਬ੍ਰਿਟੇਨ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ ਰੂਸ ਦੇ ਵਿਦਰੋਹੀ ਸਮੂਹ ਵੈਗਨਰ ਗਰੁੱਪ ਨੂੰ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਐਲਾਨੇਗਾ। ਨਾਲ ਹੀ ਬ੍ਰਿਟੇਨ ਨੇ ਕਿਹਾ ਕਿ ਵੈਗਨਰ ਗਰੁੱਪ ਦੇ ਮੁਖੀ ਯੇਵਗੇਨੀ ਪ੍ਰਿਗੋਝਿਨ ਦੀ ਮੌਤ ਦੇ ਬਾਅਦ ਵੀ ਸਮੂਹ ਗਲੋਬਲ ਸੁਰੱਖਿਆ ਲਈ ਖ਼ਤਰਾ ਬਣਾਇਆ ਹੋਇਆ ਹੈ। ਬ੍ਰਿਟਿਸ਼ ਸਰਕਾਰ ਨੇ ਕਿਹਾ ਕਿ ਅੱਤਵਾਦ ਐਕਟ ਦੇ ਤਹਿਤ ਇਸ ਗਰੁੱਪ 'ਤੇ ਪਾਬੰਦੀ ਲਗਾਉਣ ਲਈ ਸੰਸਦ 'ਚ ਮਤਾ ਪੇਸ਼ ਕੀਤਾ ਜਾਵੇਗਾ। ਮਤੇ ਨੂੰ ਸੰਸਦ ਮੈਂਬਰਾਂ ਦੀ ਮਨਜ਼ੂਰੀ ਮਿਲਣ ਦੇ ਬਾਅਦ ਵੈਗਨਰ ਗਰੁੱਪ ਦੀ ਮੈਂਬਰਸ਼ਿਪ ਲੈਣ ਅਤੇ ਉਸ ਦਾ ਸਮਰਥਨ ਕਰਨ 'ਤੇ ਪਾਬੰਦੀ ਲੱਗ ਜਾਵੇਗੀ। ਸਰਕਾਰ ਨੇ ਕਿਹਾ ਕਿ ਵੈਗਨਰ ਸਮੂਹ ਨੇ ਯੂਕ੍ਰੇਨ ਖ਼ਿਲਾਫ਼ ਰੂਸ ਦੇ ਯੁੱਧ ਵਿਚ ਅਹਿਮ ਭੂਮਿਕਾ ਨਿਭਾਈ ਹੈ। ਉਹ ਸੀਰੀਆ ਅਤੇ ਕਈ ਅਫਰੀਕੀ ਦੇਸ਼ਾਂ ਵਿਚ ਵੀ ਯੁੱਧ ਵਿਚ ਸ਼ਾਮਲ ਰਿਹਾ ਹੈ।
ਇਹ ਵੀ ਪੜ੍ਹੋ: ਸਿੰਗਾਪੁਰ ’ਚ ਭਾਰਤੀ ਮੂਲ ਦੇ ਰੈਪਰ ਨੂੰ ਹੋਈ ਜੇਲ੍ਹ, ਜਾਣੋ ਵਜ੍ਹਾ
ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੇ ਕਿਹਾ, 'ਵੈਗਨਰ ਗਰੁੱਪ ਲੁੱਟ-ਖੋਹ, ਤਸ਼ੱਦਦ ਅਤੇ ਬੇਰਹਿਮੀ ਵਿਚ ਸ਼ਾਮਲ ਰਿਹਾ ਹੈ। ਯੂਕ੍ਰੇਨ, ਮੱਧ-ਪੂਰਬ ਅਤੇ ਅਫਰੀਕਾ ਵਿਚ ਇਸ ਦੀਆਂ ਗਤੀਵਿਧੀਆਂ ਗਲੋਬਲ ਸੁਰੱਖਿਆ ਲਈ ਖ਼ਤਰਾ ਹਨ। ਉਹ (ਵੈਗਨਰ ਗਰੁੱਪ ਦੇ ਲੜਾਕੇ) ਸਿੱਧੇ ਤੌਰ 'ਤੇ ਅੱਤਵਾਦੀ ਹਨ ਅਤੇ ਪਾਬੰਦੀ ਸਬੰਧੀ ਇਹ ਮਤਾ ਬ੍ਰਿਟਿਸ਼ ਕਾਨੂੰਨ ਵਿਚ ਇਸ ਨੂੰ ਸਪਸ਼ਟ ਕਰਦਾ ਹੈ।' ਬ੍ਰੇਵਰਮੈਨ ਮੁਤਾਬਕ ਪਾਬੰਦੀ ਬ੍ਰਿਟਿਸ਼ ਅਧਿਕਾਰੀਆਂ ਨੂੰ ਗਰੁੱਪ ਦੀ ਸੰਪਤੀ ਜ਼ਬਤ ਕਰਨ ਦਾ ਅਧਿਕਾਰ ਦੇਵੇਗਾ। ਹਾਲਾਂਕਿ ਇਹ ਸ਼ਕਤੀ ਮੁੱਖ ਤੌਰ 'ਤੇ ਪ੍ਰਤੀਕ ਹੈ, ਕਿਉਂਕਿ ਬ੍ਰਿਟੇਨ ਵਿਚ ਵੈਗਨਰ ਗਰੁੱਪ ਦੇ ਸਰਗਰਮ ਹੋਣ ਦੀ ਖ਼ਬਰ ਬਹੁਤ ਘੱਟ ਹੈ। ਵੈਗਨਰ ਗਰੁੱਪ ਨੇ ਜੂਨ ਵਿਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸ਼ਾਸਨ ਖ਼ਿਲਾਫ਼ ਬਗਾਵਤ ਦਾ ਐਲਾਨ ਕੀਤਾ ਸੀ। ਲਗਭਗ 2 ਮਹੀਨੇ ਬਾਅਦ 23 ਅਗਸਤ ਨੂੰ ਸਮੂਹ ਦੇ ਮੁਖੀ ਪ੍ਰਿਗੋਝਿਨ ਦੀ ਇਕ ਜਹਾਜ਼ ਹਾਦਸੇ ਵਿਚ ਕਥਿਤ ਤੌਰ 'ਤੇ ਮੌਤ ਹੋ ਗਈ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।