ਬ੍ਰਿਟੇਨ : 'ਭਗੌੜੇ' ਭਾਰਤੀਆਂ ਨੂੰ ਝਟਕਾ, ਮੁਅੱਤਲ ਕੀਤਾ 'ਗੋਲਡਨ ਵੀਜ਼ਾ'

12/07/2018 1:16:28 PM

ਲੰਡਨ (ਏਜੰਸੀ)— ਭਾਰਤ ਵਿਚ ਘਪਲੇਬਾਜ਼ੀ ਕਰਨ ਦੇ ਬਾਅਦ ਬ੍ਰਿਟੇਨ ਪਹੁੰਚ ਕੇ 'ਭਗੌੜਾ' ਬਣ ਜਾਣ ਵਾਲੇ ਭਾਰਤੀ ਉਦਯੋਗਪਤੀਆਂ ਨੂੰ ਕਰਾਰਾ ਝਟਕਾ ਲੱਗ ਸਕਦਾ ਹੈ। ਬ੍ਰਿਟੇਨ ਨੇ ਵੀਰਵਾਰ ਨੂੰ ਅਜਿਹੇ ਲੋਕਾਂ ਨੂੰ ਆਪਣੀ ਜ਼ਮੀਨ 'ਤੇ ਅਸੀਮਿਤ ਮਿਆਦ ਤੱਕ ਰਹਿਣ ਦੀ ਇਜਾਜ਼ਤ ਦੇਣ ਵਾਲੇ 'ਗੋਲਡਨ ਵੀਜ਼ਾ' ਨੂੰ ਸ਼ੁੱਕਰਵਾਰ ਅੱਧੀ ਰਾਤ ਤੋਂ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਬ੍ਰਿਟਿਸ਼ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੁਰਵਰਤੋਂ ਦੀਆਂ ਚਿੰਤਾਵਾਂ ਕਾਰਨ ਇਹ ਟਿਅਰ-1 ਨਿਵੇਸ਼ਕ ਵੀਜ਼ਾ ਸ਼੍ਰੇਣੀ ਅਗਲੇ ਸਾਲ ਇਸ ਸਬੰਧੀ ਨਵੇਂ ਨਿਯਮ ਬਣਾ ਲੈਣ ਤੱਕ ਮੁਅੱਤਲ ਰਹੇਗੀ।

ਗੋਲਡਨ ਵੀਜ਼ਾ ਦੀ ਬ੍ਰਿਟਿਸ਼ ਇਮੀਗ੍ਰੇਸ਼ਨ ਮੰਤਰੀ ਕੈਰੋਲੀਨ ਨੋਕਸ ਨੇ ਕਿਹਾ,''ਬ੍ਰਿਟੇਨ ਨੇ ਹਮੇਸ਼ਾ ਕਾਨੂੰਨੀ ਅਤੇ ਅਸਲੀ ਨਿਵੇਸ਼ਕ ਦਾ ਸਵਾਗਤ ਕੀਤਾ ਹੈ। ਪਰ ਅਸੀਂ ਸਪੱਸ਼ਟ ਕਰ ਦਈਏ ਕਿ ਅਜਿਹੇ ਲੋਕਾਂ ਨੂੰ ਸਹਿਨ ਨਹੀਂ ਕੀਤਾ ਜਾਵੇਗਾ ਜੋ ਨਿਯਮਾਂ ਨਾਲ ਖੇਡ ਰਹੇ ਹਨ।'' ਮੰਨਿਆ ਜਾ ਰਿਹਾ ਹੈ ਕਿ ਭਾਰਤ ਵਿਚ ਵੱਖ=ਵੱਖ ਘਪਲਿਆਂ ਅਤੇ ਅਪਰਾਧਿਕ ਕਾਨੂੰਨਾਂ ਵਿਚ ਲੋੜੀਂਦੇ ਸਾਰੇ ਉਦਯੋਗਪਤੀਆਂ ਨੇ ਇਸੇ ਵਿਵਸਥਾ ਜ਼ਰੀਏ ਬ੍ਰਿਟੇਨ ਵਿਚ ਆਪਣੇ ਲਈ ਕਾਨੂੰਨੀ ਹੱਕ ਹਾਸਲ ਕੀਤਾ ਹੋਇਆ ਹੈ। 

ਬ੍ਰਿਟਿਸ਼ ਮੀਡੀਆ ਦੀ ਰਿਪੋਰਟ ਮੁਤਾਬਕ ਅਗਲੇ ਸਾਲ ਤੋਂ ਲਾਗੂ ਹੋਣ ਵਾਲੇ ਨਵੇਂ ਨਿਯਮਾਂ ਵਿਚ ਸੁੰਤਤਰ ਅਤੇ ਰੈਗੁਲੇਟਰੀ ਆਡੀਟਰਾਂ ਨੂੰ ਗੋਲਡਨ ਵੀਜ਼ਾ ਲਈ ਐਪਲੀਕੇਸ਼ਨ ਦੇਣ ਵਾਲਿਆਂ ਦੇ ਮੁਲਾਂਕਣ ਦੀ ਜ਼ਿੰਮੇਵਾਰੀ ਸੌਂਪੀ ਜਾਵੇਗੀ। ਗੈਰ ਲਾਭਦਾਇਕ ਭ੍ਰਿਸ਼ਟਾਚਾਰ ਵਿਰੋਧੀ ਸੰਗਠਨ ਟ੍ਰਾਂਸਪੇਰੇਸੀ ਇੰਟਰਨੈਸ਼ਨਲ ਯੂ.ਕੇ. ਨੇ ਇਸ ਕਦਮ ਦਾ ਸਵਾਗਤ ਕੀਤਾ ਹੈ।

ਜਾਣੋ ਗੋਲਡਨ ਵੀਜ਼ਾ ਦੇ ਬਾਰੇ 'ਚ
ਇਸ ਯੋਜਨਾ ਜ਼ਰੀਏ ਕੋਈ ਵੀ ਵਿਅਕਤੀ ਬ੍ਰਿਟੇਨ ਵਿਚ 20 ਲੱਖ ਪੌਂਡ ਦਾ ਨਿਵੇਸ਼ ਕਰਨ ਮਗਰੋਂ ਉੱਥੇ ਰਹਿਣ ਲਈ ਵੀਜ਼ਾ ਹਾਸਲ ਕਰ ਸਕਦਾ ਹੈ ਅਤੇ 5 ਸਾਲ ਬਾਅਦ ਇੱਥੇ ਅਨਿਸ਼ਚਿਤ ਸਮੇਂ ਤੱਕ ਛੁੱਟੀਆਂ (ਆਈ.ਐੱਲ.ਆਰ.) (Indefinite leave to remain) ਬਿਤਾਉਣ ਦਾ ਹੱਕਦਾਰ ਬਣ ਜਾਂਦਾ ਹੈ। ਨਿਵੇਸ਼ ਦੀ ਰਾਸ਼ੀ 50 ਲੱਖ ਪੌਂਡ ਹੋਣ 'ਤੇ ਆਈ.ਐੱਲ.ਆਰ. ਦੀ ਯੋਗਤਾ 3 ਸਾਲ ਵਿਚ ਹੀ ਮਿਲ ਜਾਂਦੀ ਹੈ ਅਤੇ 1 ਕਰੋੜ ਪੌਂਡ ਦੇ ਨਿਵੇਸ਼ 'ਤੇ ਨਿਵੇਸ਼ਕ ਆਪਣੇ ਪਰਿਵਾਰ ਨਾਲ 2 ਸਾਲ ਵਿਚ ਹੀ ਇੱਥੇ ਅਨਿਸ਼ਚਿਤ ਸਮੇਂ ਤੱਕ ਰਹਿਣ ਦਾ ਹੱਕਦਾਰ ਬਣ ਜਾਂਦਾ ਹੈ।

ਇਸ ਕਾਰਨ ਕੀਤਾ ਗਿਆ ਮੁਅੱਤਲ
ਅਸਲ ਵਿਚ ਬ੍ਰਿਟਿਸ਼ ਗ੍ਰਹਿ ਵਿਭਾਗ ਨੇ ਇਸ ਸਾਲ ਦੇ ਸ਼ੁਰੂ ਵਿਚ ਰੂਸੀ ਡਬਲ ਏਜੰਟ ਸਰਗੇਈ ਸਰਕੀਪਲ ਅਤੇ ਉਸ ਦੀ ਬੇਟੀ ਯੂਲੀਆ 'ਤੇ ਖਤਰਨਾਕ ਰਸਾਇਣਿਕ ਹਮਲੇ ਦੇ ਬਾਅਦ ਗੋਲਡਨ ਵੀਜ਼ਾ ਪਾਉਣ ਵਾਲਿਆਂ ਦੀ ਜਾਂਚ ਸ਼ੁਰੂ ਕੀਤੀ ਸੀ। ਗ੍ਰਹਿ ਵਿਭਾਗ ਨੇ ਉਦੋਂ ਹੀ ਕਿਹਾ ਸੀ ਕਿ ਇਹ ਜਾਂਚ ਮਨੀ ਲਾਂਡਰਿੰਗ ਨੈੱਟਵਰਕ ਨੂੰ ਤੋੜਨ ਲਈ ਵੀ ਕੀਤੀ ਜਾ ਰਹੀ ਹੈ।

ਗੋਲਡਨ ਵੀਜ਼ਾ ਵਰਤਣ ਵਾਲੇ ਦੇਸ਼ 
ਸਾਲ 2009 ਤੋਂ ਹੁਣ ਤੱਕ 76 ਭਾਰਤੀ ਅਮੀਰਾਂ ਨੇ ਇਸ ਗੋਲਡਨ ਵੀਜ਼ਾ ਦੀ ਵਰਤੋਂ ਕੀਤੀ। ਸਾਲ 2013 ਵਿਚ 16 ਭਾਰਤੀਆਂ ਨੂੰ ਇਸ ਦਾ ਲਾਭ ਮਿਲਿਆ ਜਦਕਿ 7 ਨੇ ਸਾਲ 2017 ਵਿਚ ਇਹ ਵੀਜ਼ਾ ਹਾਸਲ ਕੀਤਾ। ਸਾਲ 2017 ਵਿਚ 1000 ਤੋਂ ਵੀ ਵਧੇਰੇ ਗੋਲਡਨ ਵੀਜ਼ਾ ਲੈਣ ਵਾਲਿਆਂ ਵਿਚ ਰੂਸ ਅਤੇ ਚੀਨ ਦੇ ਅਮੀਰ ਵਰਗ ਦੇ ਲੋਕ ਸ਼ਾਮਲ ਰਹੇ।


Vandana

Content Editor

Related News