ਇਸ ਦੇਸ਼ 'ਚ ਕੋਰੋਨਾ ਦੇ 1 ਸਾਲ ਤੱਕ ਟਿਕੇ ਰਹਿਣ ਦਾ ਖਦਸ਼ਾ, ਚਿਤਾਵਨੀ ਜਾਰੀ
Monday, Mar 16, 2020 - 11:24 AM (IST)
ਬ੍ਰਿਟੇਨ (ਬਿਊਰੋ): ਯੂਨਾਈਟਿਡ ਕਿੰਗਡਮ ਮਤਲਬ ਗ੍ਰੇਟ ਬ੍ਰਿਟੇਨ, ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਵਿਚ ਅਗਲੇ ਸਾਲ ਬਸੰਤ ਦੇ ਮੌਸਮ ਤੱਕ ਜਾਨਲੇਵਾ ਕੋਰੋਨਾਵਾਇਰਸ ਦੇ ਬਣੇ ਰਹਿਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ। ਜੇਕਰ ਇਹ ਭਵਿੱਖਬਾਣੀ ਸਹੀ ਸਾਬਤ ਹੋਈ ਤਾਂ ਯੂਕੇ ਦੇ 79 ਲੱਖ ਲੋਕ ਇਸ ਵਾਇਰਸ ਨਾਲ ਪ੍ਰਭਾਵਿਤ ਹੋਣਗੇ। ਇਹ ਮਹੱਤਵਪੂਰਨ ਜਾਣਕਾਰੀ ਯੂਕੇ ਦੇ ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ਅਧਿਕਾਰੀਆਂ ਦੀ ਬੈਠਕ ਵਿਚ ਦਿੱਤੀ ਗਈ।
80 ਫੀਸਦੀ ਆਬਾਦੀ ਹੋਵੇਗੀ ਪ੍ਰਭਾਵਿਤ
ਇਸ ਬੈਠਕ ਵਿਚ ਹੋਈ ਗੱਲਬਾਤ ਦਾ ਖੁਲਾਸਾ ਦੀ ਗਾਰਡੀਅਨ ਅਖਬਾਰ ਨੇ ਕੀਤਾ। ਐੱਨ.ਐੱਚ.ਐੱਸ. ਦੇ ਚੀਫ ਨੇ ਇਸ ਬੈਠਕ ਵਿਚ ਇਹ ਗੱਲ ਮੰਨੀ ਹੈ ਕਿ ਇਸ ਵਾਇਰਸ ਨੂੰ ਖਤਮ ਹੋਣ ਵਿਚ ਹਾਲੇ ਇਕ ਸਾਲ ਹੋਰ ਲੱਗੇਗਾ ਕਿਉਂਕਿ ਕੋਰੋਨਾਵਾਇਰਸ ਦੇ ਯੂਕੇ ਵਿਚ ਮੌਜੂਦ ਸਟ੍ਰੇਨ ਵੱਡੇ ਅਤੇ ਤਾਕਤਵਰ ਹੋ ਚੁੱਕੇ ਹਨ। ਇਹਨਾਂ ਨੂੰ ਰੋਕਣ ਵਿਚ ਯੂਕੇ ਦੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਕਰੀਬ 12 ਮਹੀਨੇ ਦਾ ਸਮਾਂ ਹੋਰ ਲੱਗੇਗਾ। ਐੱਨ.ਐੱਚ.ਐੱਸ. ਦੇ ਮੁਤਾਬਕ,''ਯੂਕੇ ਦੇ ਅੰਦਰ ਆਉਣ ਵਾਲੇ ਸਾਰੇ ਦੇਸ਼ਾਂ ਦਾ ਸਿਹਤ ਪ੍ਰਮੁੱਖਾਂ ਨੇ ਇਹ ਗੱਲ ਵੀ ਮੰਨੀ ਹੈਕਿ ਅਗਲੇ ਸਾਲ 2021 ਬਸੰਤ ਤੱਕ ਪੂਰੇ ਯੂਕੇ ਦੀ 80 ਫੀਸਦੀ ਆਬਾਦੀ ਇਸ ਵਾਇਰਸ ਨਾਲ ਇਨਫੈਕਟਿਡ ਹੋ ਚੁੱਕੀ ਹੋਵੇਗੀ।''
ਪੜ੍ਹੋ ਇਹ ਅਹਿਮ ਖਬਰ - 157 ਦੇਸ਼ਾਂ 'ਚ ਫੈਲਿਆ ਕੋਰੋਨਾ ਇਨਫੈਕਸ਼ਨ, ਮ੍ਰਿਤਕਾਂ ਦੀ ਗਿਣਤੀ 6,500 ਦੇ ਪਾਰ
ਹਰੇਕ 5 ਵਿਚੋਂ ਚੌਥਾ ਵਿਅਕਤੀ ਇਨਫੈਕਟਿਡ
ਬ੍ਰਿਟੇਨ ਦੀ ਸਰਕਾਰ ਦੇ ਮੁੱਖ ਸਿਹਤ ਸਲਾਹਕਾਰ ਪ੍ਰੋਫੈਸਰ ਕ੍ਰਿਸ ਵਿਟੀ ਨੇ ਇਸ ਬੈਠਕ ਵਿਚ ਸਪੱਸ਼ਟ ਕੀਤਾ ਕਿ ਬਸੰਤ 2021 ਤੱਕ ਪੂਰੇ ਯੂਕੇ ਵਿਚ ਹਰੇਕ 5 ਵਿਚੋਂ ਚੌਥੇ ਵਿਅਕਤੀ ਨੂੰ ਕੋਰੋਨਾ ਦਾ ਇਨਫੈਕਸ਼ਨ ਹੋਵੇਗਾ। ਬੈਠਕ ਵਿਚ ਜਿਸ ਦਸਤਾਵੇਜ਼ ਦੇ ਆਧਾਰ 'ਤੇ ਇਹ ਗੱਲ ਕਹੀ ਗਈ ਹੈ ਉਸ ਵਿਚ ਲਿਖਿਆ ਹੈ ਕਿ ਅਗਲੇ 12 ਮਹੀਨੇ ਵਿਚ ਯੂਕੇ ਦੀ 80 ਫੀਸਦੀ ਆਬਾਦੀ ਕੋਵਿਡ-19 ਨਾਲ ਇਨਫੈਕਟਿਡ ਹੋ ਜਾਵੇਗੀ। ਪੂਰੀ ਆਬਾਦੀ ਦਾ 15 ਫੀਸਦੀ ਹਿੱਸਾ ਹਸਪਤਾਲਾਂ ਵਿਚ ਭਰਤੀ ਹੋ ਚੁੱਕਾ ਹੋਵੇਗਾ।
ਅਧਿਕਾਰੀਆਂ ਲਈ ਚਿਤਾਵਨੀ ਜਾਰੀ
ਇਸ ਬੈਠਕ ਦੇ ਬਾਅਦ ਗ੍ਰੇਟ ਬ੍ਰਿਟੇਨ, ਵੇਲਜ਼, ਸਕਾਟਲੈਂਡ ਅਤੇ ਉੱਤਰੀ ਆਇਰਲੈਂਡ ਦੀਆਂ ਸਾਰੀਆਂ ਐਮਰਜੈਂਸੀ ਸੇਵਾਵਾਂ ਦੇ ਵੱਡੇ ਅਧਿਕਾਰੀਆਂ ਨੂੰ ਚਿਤਾਵਨੀ ਦੇ ਦਿੱਤੀ ਗਈ ਹੈ। ਉਹਨਾਂ ਸਾਰਿਆਂ ਨੂੰ ਕਿਹਾ ਗਿਆ ਹੈਕਿ ਦੇਸ਼ ਵਿਚ ਬੁਰੇ ਤੋਂ ਬੁਰੇ ਹਾਲਾਤ ਨਾਲ ਨਜਿੱਠਣ ਲਈ ਤਿਆਰ ਰਹਿਣਾ ਹੋਵੇਗਾ। ਯੂਨੀਵਰਸਿਟੀ ਆਫ ਈਸਟ ਐਂਗਲੀਆ ਵਿਚ ਮੈਡੀਸਨ ਦੇ ਪ੍ਰੋਫੈਸਰ ਪਾਲ ਹੰਟਰ ਨੇ ਕਿਹਾ,''ਹੋ ਸਕਦਾ ਹੈ ਕਿ ਵਾਇਰਸ 12 ਮਹੀਨੇ ਤੱਕ ਯੂਕੇ ਵਿਚ ਟਿਕ ਜਾਵੇ। ਇਸ ਨਾਲ ਲੋਕ ਕਾਫੀ ਪਰੇਸ਼ਾਨ ਹੋਣਗੇ ਪਰ ਮੈਨੂੰ ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ 'ਤੇ ਸ਼ੱਕ ਹੈ।''
ਯੂਕੇ ਵਿਚ ਇਨਫੈਕਟਿਡ ਮਾਮਲੇ
ਗੌਰਤਲਬ ਹੈ ਕਿ ਯੂਕੇ ਵਿਚ ਇਸ ਸਮੇਂ 1,391 ਕੋਰੋਨਾ ਇਨਫੈਕਟਿਡ ਮਾਮਲੇ ਹਨ ਜਦਕਿ 35 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੰਗਲੈਂਡ ਵਿਚ 1099, ਸਕਾਟਲੈਂਡ ਵਿਚ 153, ਵੇਲਜ਼ ਵਿਚ 94 ਅਤੇ ਉੱਤਰੀ ਆਇਰਲੈਂਡ ਵਿਚ 45 ਮਾਮਲੇ ਹਨ। ਇਸ ਦਸਤਾਵੇਜ਼ ਵਿਚ ਇਹ ਵੀ ਕਿਹਾ ਗਿਆ ਹੈ ਕਿ ਪੂਰੇ ਯੂਕੇ ਵਿਚ ਕਰੀਬ 50 ਲੱਖ ਲੋਕਾਂ ਨੂੰ ਇਕ ਮਹੀਨੇ ਤੱਕ ਲਗਾਤਾਰ ਕੰਮ ਕਰਨਾ ਪੈ ਸਕਦਾ ਹੈ। ਇਹ ਉਹ ਲੋਕ ਹੋਣਗੇ ਜੋ ਯੂਕੇ ਵਿਚ ਬਹੁਤ ਜ਼ਰੂਰੀ ਕੰਮ ਕਰਦੇ ਹਨ ਜਿਵੇਂ ਸਿਹਤ ਕਰਮੀ, ਐੱਨ.ਐੱਚ.ਐੱਸ., ਫਾਇਰਬ੍ਰਿਗੇਡ, ਪੁਲਸ ਆਦਿ।
ਪੜ੍ਹੋ ਇਹ ਅਹਿਮ ਖਬਰ - ਨਿਊਜ਼ੀਲੈਂਡ ਮਸਜਿਦ ਹਮਲੇ ਦੀ ਪਹਿਲੀ ਬਰਸੀ, ਮ੍ਰਿਤਕਾਂ ਨੂੰ ਕੀਤਾ ਗਿਆ ਯਾਦ