ਯੂਰਪੀ ਸੰਘ ਤੋਂ ਵੱਖ ਹੋਣ ਲਈ ਬ੍ਰਿਟੇਨ ਦਾ ਰਾਹ ਸਾਫ, ਬ੍ਰੈਗਜ਼ਿਟ ਨੂੰ ਮਿਲੀ ਮਨਜ਼ੂਰੀ
Friday, Jan 10, 2020 - 12:35 AM (IST)

ਲੰਡਨ - ਬ੍ਰਿਟੇਨ ਦੇ ਹਾਊਸ ਆਫ ਕਾਮਨਸ ਨੇ ਯੂਰਪੀ ਸੰਘ (ਈ. ਯੂ.) ਤੋਂ ਬਾਹਰ ਨਿਕਲਣ ਲਈ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਸਮਝੌਤੇ ਨੂੰ ਵੀਰਵਾਰ ਨੂੰ ਮਨਜ਼ੂਰੀ ਦੇ ਦਿੱਤੀ। ਦੱਸ ਦਈਏ ਕਿ ਸਮਝੌਤੇ ਦੇ ਪੱਖ 'ਚ 330 ਵੋਟਾਂ ਜਦਕਿ ਵਿਰੋਧ 'ਚ 231 ਵੋਟਾਂ ਪਈਆਂ। ਇਸ ਦੇ ਨਾਲ ਕਈ ਸਾਲਾਂ ਦੀ ਦੇਰੀ ਤੋਂ ਬਾਅਦ ਬ੍ਰਿਟੇਨ ਦੇ 31 ਜਨਵਰੀ ਨੂੰ ਯੂਰਪੀ ਸੰਘ ਤੋਂ ਬਾਹਰ ਨਿਕਲਣ ਦਾ ਰਾਹ ਸਾਫ ਹੋ ਗਿਆ ਹੈ।
ਹਾਲਾਂਕਿ ਅਜੇ ਈ. ਯੂ.-ਯੂ. ਕੇ. ਵਿਦਡ੍ਰਾਵਲ ਐਗਰੀਮੈਂਟ ਬਿੱਲ ਨੂੰ ਨਿਰਧਾਰਤ ਹਾਊਸ ਆਫ ਲਾਰਡਸ ਅਤੇ ਯੂਰਪੀ ਸੰਸਦ ਵੱਲੋਂ ਪਾਸ ਕੀਤਾ ਜਾਣਾ ਅਜੇ ਬਾਕੀ ਹੈ, ਪਰ ਇਨ੍ਹਾਂ ਨੂੰ ਸਿਰਫ ਰਮਸੀ ਜਿਹਾ ਹੀ ਮੰਨਿਆ ਜਾ ਰਿਹਾ ਹੈ। ਬ੍ਰਿਟੇਨ ਯੂਰਪੀ ਸੰਘ ਦੀ 50 ਸਾਲ ਪੁਰਾਣੀ ਆਪਣੀ ਮੈਂਬਰਸ਼ਿਪ ਖਤਮ ਕਰਨ ਵੱਲ ਵਧ ਰਿਹਾ ਹੈ।
ਕੀ ਹੈ ਬ੍ਰੈਗਜ਼ਿਟ ਡੀਲ?
ਬ੍ਰੈਗਜ਼ਿਟ ਦਾ ਮਤਲਬ ਹੈ ਬ੍ਰਿਟੇਨ ਐਗਜ਼ਿਟ ਮਤਲਬ ਬ੍ਰਿਟੇਨ ਦਾ ਯੂਰਪੀ ਸੰਘ ਤੋਂ ਬਾਹਰ ਹੋ ਜਾਣਾ। 2016 'ਚ ਬ੍ਰਿਟੇਨ 'ਚ ਬ੍ਰੈਗਜ਼ਿਟ ਨੂੰ ਲੈ ਕੇ ਜਨਮਤ ਸੰਗ੍ਰਹਿ ਕੀਤਾ ਗਿਆ ਸੀ, ਜਿਸ 'ਚ 52 ਫੀਸਦੀ ਲੋਕਾਂ ਦਾ ਮੰਨਣਾ ਸੀ ਕਿ ਬ੍ਰਿਟੇਨ ਨੂੰ ਯੂਰਪੀ ਸੰਘ ਤੋਂ ਬਾਹਰ ਨਿਕਲਣਾ ਚਾਹੀਦਾ ਹੈ ਜਦਕਿ 48 ਫੀਸਦੀ ਲੋਕਾਂ ਦੀ ਰਾਏ ਬ੍ਰੈਗਜ਼ਿਟ ਦੇ ਵਿਰੋਧ 'ਚ ਸਨ।
ਹੁਣ 31 ਜਨਵਰੀ ਤੱਕ ਬ੍ਰਿਟੇਨ ਦੀ ਸੰਸਦ ਨੂੰ ਬ੍ਰੈਗਜ਼ਿਟ 'ਤੇ ਫੈਸਲਾ ਕਰਨਾ ਹੈ ਅਤੇ ਸ਼ਾਇਦ ਇਹੀ ਕਾਰਨ ਹੈ ਕਿ ਜਨਤਾ ਨੇ ਇਕ ਵਾਰ ਫਿਰ ਤੋਂ ਬੋਰਿਸ ਜਾਨਸਨ ਨੂੰ ਇੰਨੀ ਵੱਡੀ ਗਿਣਤੀ 'ਚ ਬਹੁਮਤ ਦੇ ਨਾਲ ਸੱਤਾ ਸੌਂਪੀ ਹੈ। ਕੰਜ਼ਰਵੇਟਿਵ ਪਾਰਟੀ ਦੀ ਸਭ ਤੋਂ ਵੱਡੀ ਵਿਰੋਧੀ ਲੇਬਰ ਪਾਰਟੀ ਨੂੰ ਸਿਰਫ 203 ਸੀਟਾਂ ਮਿਲੀਆਂ। ਪਿਛਲੀ ਵਾਰ ਦੀ ਤੁਲਨਾ 'ਚ ਜਿਥੇ ਕੰਜ਼ਰਵੇਟਿਵ ਦੀਆਂ 47 ਸੀਟਾਂ ਵਧ ਗਈਆਂ ਉਥ ਲੇਬਰ ਪਾਰਟੀ ਨੂੰ 59 ਸੀਟਾਂ ਦਾ ਨੁਕਸਾਨ ਹੋਇਆ।
ਈ. ਯੂ. ਤੋਂ ਕਿਉਂ ਅਲੱਗ ਹੋਣਾ ਚਾਹੁੰਦੈ ਬ੍ਰਿਟੇਨ
ਦਰਅਸਲ ਸਾਲ 2008 'ਚ ਬ੍ਰਿਟੇਨ ਦੀ ਅਰਥ ਵਿਵਸਥਾ ਮੰਦੀ ਦੀ ਲਪੇਟ 'ਚ ਆਉਣ ਲੱਗੀ ਸੀ, ਮਹਿੰਗਾਈ ਅਤੇ ਬੇਰੁਜ਼ਗਾਰੀ ਵਧ ਰਹੀ ਸੀ ਉਥੇ ਜਨਤਾ ਵੀ ਬੇਹੱਦ ਪਰੇਸ਼ਾਨ ਹੋ ਚੁੱਕੀ ਸੀ। ਅਜਿਹੇ 'ਚ ਇਹ ਮੰਗ ਚੁੱਕੀ ਗਈ ਕਿ ਬ੍ਰਿਟੇਨ ਨੂੰ ਈ. ਯੂ. ਮਤਲਬ ਯੂਰਪੀ ਯੂਨੀਅਨ ਤੋਂ ਵੱਖ ਹੋ ਜਾਣਾ ਚਾਹੀਦਾ ਹੈ।
ਇਸ ਮੰਗ ਦੇ ਪਿੱਛੇ ਦੇ ਤਰਕ ਇਹ ਸੀ ਕਿ ਬ੍ਰਿਟੇਨ ਨੂੰ ਹਰ ਸਾਲ ਈ. ਯੂ. ਨੂੰ ਬਜਟ ਲਈ 9 ਅਰਬ ਡਾਲਰ ਦੇਣੇ ਹੁੰਦੇ ਹਨ, ਨਾਲ ਹੀ ਫ੍ਰੀ ਵੀਜ਼ਾ ਪਾਲਸੀ ਕਾਰਨ ਬ੍ਰਿਟੇਨ ਨੂੰ ਨੁਕਸਾਨ ਹੋ ਰਿਹਾ ਹੈ। ਈ. ਯੂ. ਤੋਂ ਵੱਖ ਹੋਣ ਦੀ ਮੰਗ ਕਰਨ ਵਾਲੇ ਲੋਕਾਂ ਦਾ ਮੰਨਣਾ ਸੀ ਕਿ ਈ. ਯੂ. ਨੇ ਬ੍ਰਿਟੇਨ ਦੀ ਮੰਦੀ ਨੂੰ ਦੂਰ ਕਰਨ ਲਈ ਕੁਝ ਖਾਸ ਨਹੀਂ ਕੀਤਾ ਜਦਕਿ ਬ੍ਰਿਟੇਨ ਨੇ ਹਮੇਸ਼ਾ ਈ. ਯੂ. ਲਈ ਕਾਫੀ ਕੁਝ ਕੀਤਾ ਹੈ।