ਬ੍ਰਿਟੇਨ : ਲੀਜ਼ਾ ਨੰਦੀ ਸਮੇਤ ਰਿਕਾਰਡ 11 ਔਰਤਾਂ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਕੈਬਨਿਟ ’ਚ ਸ਼ਾਮਲ

Sunday, Jul 07, 2024 - 12:31 PM (IST)

ਲੰਡਨ (ਭਾਸ਼ਾ) - ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਕੈਬਨਿਟ ’ਚ ਭਾਰਤੀ ਮੂਲ ਦੀ ਲੀਜ਼ਾ ਨੰਦੀ ਸਮੇਤ ਰਿਕਾਰਡ 11 ਔਰਤਾਂ ਸ਼ਾਮਲ ਹਨ |

ਉੱਤਰੀ-ਪੱਛਮੀ ਇੰਗਲੈਂਡ ਦੇ ਵਿਗਨ ਸੰਸਦੀ ਹਲਕੇ ਤੋਂ ਵੱਡੇ ਫਰਕ ਨਾਲ ਮੁੜ ਚੁਣੀ ਗਈ ਲੀਜ਼ਾ ਨੰਦੀ (44) ਬ੍ਰਿਟੇਨ ਦੀ ਸੱਭਿਆਚਾਰ, ਮੀਡੀਆ ਅਤੇ ਖੇਡ ਮੰਤਰੀ ਵਜੋਂ ਅਹੁਦਾ ਸੰਭਾਲੇਗੀ। ਰੇਚਲ ਰੀਵਜ਼ (ਵਿੱਤ ਮੰਤਰੀ), ਐਂਜੇਲਾ ਰੇਨਰ (ਉਪ ਪ੍ਰਧਾਨ ਮੰਤਰੀ) ਸਟਾਰਮਰ ਦੇ ਮੰਤਰੀ ਮੰਡਲ ’ਚ ਸ਼ਾਮਲ 11 ਔਰਤਾਂ ’ਚੋਂ ਹਨ, ਜਿਨ੍ਹਾਂ ਨੇ ਆਮ ਚੋਣਾਂ ’ਚ ਸ਼ਾਨਦਾਰ ਜਿੱਤ ਦਰਜ ਕੀਤੀ ਸੀ।

PunjabKesari

ਦੋਵਾਂ ਨੇ ਇਤਿਹਾਸ ਰਚਿਆ ਹੈ ਕਿਉਂਕਿ ਬ੍ਰਿਟੇਨ ਨੂੰ ਰੀਵਜ਼ ਦੇ ਰੂਪ ’ਚ ਪਹਿਲੀ ਮਹਿਲਾ ਵਿੱਤ ਮੰਤਰੀ ਮਿਲੀ ਹੈ, ਜਦ ਕਿ ਰੇਨਰ ਉਪ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਵਾਲੀ ਦੂਜੀ ਮਹਿਲਾ ਹੈ। ਚੋਣਾਂ ’ਚ ਲੇਬਰ ਪਾਰਟੀ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਸਟਾਰਮਰ ਨੇ ਤੁਰੰਤ ਸ਼ੁੱਕਰਵਾਰ ਨੂੰ ਆਪਣੀ ਚੋਟੀ ਦੀ ਟੀਮ ਦਾ ਐਲਾਨ ਕਰ ਕੇ ਨਵੀਂ ਸਰਕਾਰ ਦਾ ਕੰਮ ਸ਼ੁਰੂ ਕਰ ਦਿੱਤਾ ਸੀ।

ਨੰਦੀ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਬ੍ਰਿਟੇਨ ਦੇ ਸੱਭਿਆਚਾਰ, ਮੀਡੀਆ ਅਤੇ ਖੇਡ ਵਿਭਾਗ (ਡੀ.ਸੀ.ਐੱਮ.ਐੱਸ.) ਦਾ ਮੁਖੀ ਬਣਨਾ ਹੈਰਾਨ ਕਰਨ ਵਾਲਾ ਸਨਮਾਨ ਹੈ। ਲੀਜ਼ਾ (44) ਜਨਵਰੀ 2020 ਵਿਚ ਲੇਬਰ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਲਈ ਚੋਣਾਂ ’ਚ ਆਖਰੀ ਤਿੰਨ ਦਾਅਵੇਦਾਰਾਂ ਵਿਚੋਂ ਇਕ ਸੀ, ਜਿਥੇ ਉਸ ਦਾ ਸਾਹਮਣਾ ਸਟਾਰਮਰ ਅਤੇ ਇਕ ਹੋਰ ਉਮੀਦਵਾਰ ਨਾਲ ਹੋਇਆ ਸੀ। ਲੀਜ਼ਾ ਉਦੋਂ ਤੋਂ ਸਟਾਰਮਰ ਦੀ ਕੈਬਨਿਟ ਵਿਚ ਕੰਮ ਕਰ ਰਹੀ ਸੀ।

ਬ੍ਰਿਟੇਨ ਵਿਚ ਸਰਕਾਰ ਦੀਆਂ ਕਮੀਆਂ ਨੂੰ ਉਜਾਗਰ ਕਰਨ ਲਈ ਵਿਰੋਧੀ ਧਿਰ ਵੀ ਇਕ ਨੇਤਾ ਦੀ ਅਗਵਾਈ ’ਚ ਆਪਣੀ ਕੈਬਨਿਟ ਦਾ ਗਠਨ ਕਰਦੀ ਹੈ। ਲੀਜ਼ਾ, ਲੂਸੀ ਫਰੇਜ਼ਰ ਦੀ ਥਾਂ ਲਵੇਗੀ, ਜੋ ਰਿਸ਼ੀ ਸੁਨਕ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਵਿਚ ਸੱਭਿਆਚਾਰਕ ਮੰਤਰਾਲੇ ਦਾ ਚਾਰਜ ਸੰਭਾਲ ਰਹੀ ਹੈ।


Harinder Kaur

Content Editor

Related News