ਇਸ ਦੇਸ਼ ਦੀ ਮਹਾਰਾਣੀ ਬਿਨਾਂ ਪਾਸਪੋਰਟ ਦੇ ਘੁੰਮ ਚੁੱਕੀ ਹੈ 100 ਤੋਂ ਵਧੇਰੇ ਦੇਸ਼

12/11/2019 5:48:51 PM

ਲੰਡਨ (ਬਿਊਰੋ): ਜਦੋਂ ਵੀ ਕੋਈ ਵਿਅਕਤੀ ਆਪਣੇ ਦੇਸ਼ ਵਿਚੋਂ ਬਾਹਰ ਘੁੰਮਣ ਲਈ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਨੂੰ ਪਾਸਪੋਰਟ ਅਤੇ ਵੀਜ਼ਾ ਦਾ ਇੰਤਜ਼ਾਮ ਕਰਨਾ ਪੈਂਦਾ ਹੈ। ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਨੀਆ ਵਿਚ ਇਕ ਅਜਿਹਾ ਦੇਸ਼ ਵੀ ਹੈ ਜਿੱਥੇ ਦੀ ਮਹਾਰਾਣੀ ਕੋਲ ਖੁਦ ਦਾ ਪਾਸਪੋਰਟ ਨਹੀਂ ਹੈ ਪਰ ਫਿਰ ਵੀ ਉਹ ਹੁਣ ਤੱਕ 100 ਤੋਂ ਵਧੇਰੇ ਦੇਸ਼ਾਂ ਦੀ ਯਾਤਰਾ ਕਰ ਚੁੱਕੀ ਹੈ। ਅਸਲ ਵਿਚ ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ-2 ਦੁਨੀਆ ਦੀ ਇਕੋਇਕ ਅਜਿਹੀ ਮਹਿਲਾ ਹੈ ਜੋ ਬਿਨਾਂ ਵੀਜ਼ਾ ਅਤੇ ਪਾਸਪੋਰਟ ਦੇ 100 ਤੋਂ ਵੱਧ ਦੇਸ਼ ਘੁੰਮ ਚੁੱਕੀ ਹੈ। ਅਸਲ ਵਿਚ ਉਹਨਾਂ ਕੋਲ ਪਾਸਪੋਰਟ ਨਹੀਂ ਹੈ ਜਦਕਿ ਬ੍ਰਿਟਿਸ਼ ਸ਼ਾਹੀ ਪਰਿਵਾਰ ਵਿਚ ਮਹਾਰਾਣੀ ਨੂੰ ਛੱਡ ਕੇ ਬਾਕੀ ਸਾਰੇ ਮੈਂਬਰਾਂ ਕੋਲ ਪਾਸਪੋਰਟ ਹਨ, ਜਿਸ ਦੀ ਵਰਤੋਂ ਉਹ ਵਿਦੇਸ਼ ਯਾਤਰਾ ਦੌਰਾਨ ਕਰਦੇ ਹਨ।

ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਮਹਾਰਾਣੀ ਐਲੀਜ਼ਾਬੇਥ ਦੂਜੀ ਨੂੰ ਪਾਸਪੋਰਟ ਰੱਖਣ ਦੀ ਲੋੜ ਨਹੀਂ ਹੈ ਕਿਉਂਕਿ ਬ੍ਰਿਟੇਨ ਦੇ ਬਾਕੀ ਨਾਗਰਿਕਾਂ ਨੂੰ ਉਹੀ ਪਾਸਪੋਰਟ ਜਾਰੀ ਕਰਦੀ ਹੈ। ਲਿਹਾਜਾ ਉਹਨਾਂ ਨੂੰ ਖੁਦ ਪਾਸਪੋਰਟ ਰੱਖਣ ਦੀ ਲੋੜ ਨਹੀਂ। ਭਾਵੇਂਕਿ ਉਹਨਾਂ ਕੋਲ ਗੁਪਤ ਦਸਤਾਵੇਜ਼ ਹੁੰਦੇ ਹਨ। ਮਹਾਰਾਣੀ ਦੇ ਦੂਤ ਦੁਨੀਆਭਰ ਵਿਚ ਇਹਨਾਂ ਦਸਤਾਵੇਜ਼ਾਂ ਨੂੰ ਪਹੁੰਚਾਉਣ ਵਾਲੇ ਇੰਚਾਰਜ਼ ਹੁੰਦੇ ਹਨ। ਇਹ ਦਸਤਾਵੇਜ਼ ਆਪਣੇ ਆਪ ਵਿਚ ਪਾਸਪੋਰਟ ਦੇ ਬਰਾਬਰ ਹੁੰਦੇ ਹਨ। ਜਾਣਕਾਰੀ ਮੁਤਾਬਕ ਮਹਾਰਾਣੀ ਕੋਲ ਡਰਾਈਵਿੰਗ ਲਾਈਸੈਂਸ ਵੀ ਨਹੀਂ ਹੈ ਪਰ ਇਸ ਦੇ ਬਾਵਜੂਦ ਉਹ ਕਾਰ ਚਲਾਉਂਦੀ ਹੈ। ਇੱਥੋਂ ਤੱਕ ਕਿ ਉਹਨਾਂ ਕੋਲ ਆਪਣੀ ਨਿੱਜੀ ਏ.ਟੀ.ਐੱਮ. ਮਸ਼ੀਨ ਵੀ ਹੈ, ਜਿਸ ਨਾਲ ਸ਼ਾਹੀ ਪਰਿਵਾਰ ਦੀਆਂ ਕੈਸ਼ ਸਬੰਧੀ ਲੋੜਾਂ ਪੂਰੀਆਂ ਹੁੰਦੀਆਂ ਹਨ। ਇਹ ਏ.ਟੀ.ਐੱਮ. ਮਸ਼ੀਨ ਬਰਮਿੰਘਮ ਪੈਲਸ ਦੇ ਬੇਸਮੈਂਟ ਵਿਚ ਹੈ। 

ਇਕ ਦਿਲਚਸਪ ਜਾਣਕਾਰੀ ਮੁਤਾਬਕ ਪੂਰੇ ਬ੍ਰਿਟੇਨ ਵਿਚ ਮਹਾਰਾਣੀ ਇਕਲੌਤੀ ਅਜਿਹੀ ਸ਼ਖਸੀਅਤ ਹਨ ਜਿਹਨਾਂ ਨੂੰ ਆਮਦਨ ਟੈਕਸ ਦੇਣ ਦੀ ਲੋੜ ਨਹੀਂ। ਭਾਵੇਂਕਿ ਫਿਰ ਵੀ ਸਾਲ 1992 ਤੋਂ ਉਹ ਆਪਣੀ ਨਿੱਜੀ ਮਰਜ਼ੀ ਨਾਲ ਆਪਣੀ ਆਮਦਨੀ 'ਤੇ ਸਰਕਾਰੀ ਖਜ਼ਾਨੇ ਵਿਚ ਟੈਕਸ ਜਮਾਂ ਕਰਵਾ ਰਹੀ ਹੈ। ਜਾਣਕਾਰੀ ਮੁਤਾਬਕ ਮਹਾਰਾਣੀ ਐਲੀਜ਼ਾਬੇਥ 'ਤੇ ਕਿਸੇ ਤਰ੍ਹਾਂ ਦਾ ਅਦਾਲਤੀ ਮਾਮਲਾ ਚਲਾਇਆ ਨਹੀਂ ਜਾ ਸਕਦਾ ਅਤੇ ਨਾ ਹੀ ਉਹਨਾਂ ਵਿਰੁੱਧ ਕਿਸੇ ਤਰ੍ਹਾਂ ਦਾ ਸਬੂਤ ਬ੍ਰਿਟੇਨ ਦੀ ਕਿਸੇ ਵੀ ਅਦਾਲਤ ਵਿਚ ਪੇਸ਼ ਕੀਤਾ ਜਾ ਸਕਦਾ ਹੈ। ਉਹਨਾਂ ਨੂੰ ਸੂਚਨਾ ਦੇ ਅਧਿਕਾਰ ਦੇ ਤਹਿਤ ਵੀ ਛੋਟ ਮਿਲੀ ਹੋਈ ਹੈ।

ਮਹਾਰਾਣੀ ਐਲੀਜ਼ਾਬੇਥ ਸਾਲ ਵਿਚ ਦੋ ਵਾਰ ਆਪਣਾ ਜਨਮਦਿਨ ਮਨਾਉਂਦੀ ਹੈ। ਅਜਿਹਾ ਕਰਨ ਵਾਲੀ ਉਹ ਦੁਨੀਆ ਦੀ ਇਕੋਇਕ ਮਹਾਰਾਣੀ ਹੈ। ਉਹਨਾਂ ਦਾ ਅਧਿਕਾਰਤ ਜਨਮਦਿਨ ਬ੍ਰਿਟੇਨ, ਆਸਟ੍ਰੇਲੀਆ , ਨਿਊਜ਼ੀਲੈਂਡ ਅਤੇ ਕੈਨੇਡਾ ਵਿਚ ਵੱਖ-ਵੱਖ ਤਰੀਕ ਨੂੰ ਮਨਾਇਆ ਜਾਂਦਾ ਹੈ। ਬ੍ਰਿਟੇਨ ਵਿਚ ਹਰੇਕ ਸਾਲ ਜੂਨ ਦੇ ਪਹਿਲੇ, ਦੂਜੇ ਜਾਂ ਤੀਜੇ ਸ਼ਨੀਵਾਰ ਨੂੰ ਮਹਾਰਾਣੀ ਦਾ ਜਨਮਦਿਨ ਮਨਾਇਆ ਜਾਂਦਾ ਹੈ ਅਤੇ ਇਸ ਦਾ ਐਲਾਨ ਸਰਕਾਰ ਵੱਲੋਂ ਕੀਤਾ ਜਾਂਦਾ ਹੈ। ਪੂਰਬੀ ਆਸਟ੍ਰੇਲੀਆ ਵਿਚ ਜੂਨ ਦੇ ਦੂਜੇ ਸੋਮਵਾਰ ਜਦਕਿ ਪੱਛਮੀ ਆਸਟ੍ਰੇਲੀਆ ਵਿਚ ਸਤੰਬਰ ਦੇ ਆਖਰੀ ਹਫਤੇ ਜਾਂ ਅਕਤਬੂਰ ਦੇ ਪਹਿਲੇ ਹਫਤੇ ਵਿਚ ਮਹਾਰਾਣੀ ਦਾ ਜਨਮਦਿਨ ਮਨਾਇਆ ਜਾਂਦਾ ਹੈ। ਇਸ ਦੇ ਇਲ਼ਾਵਾ ਨਿਊਜ਼ੀਲੈਂਡ ਵਿਚ ਮਹਾਰਾਣੀ ਦਾ ਜਨਮਦਿਨ ਜੂਨ ਦੇ ਪਹਿਲੇ ਸੋਮਵਾਰ ਅਤੇ ਕੈਨੇਡਾ ਵਿਚ ਮਈ ਦੇ ਪਹਿਲੇ ਸੋਮਵਾਰ ਨੂੰ ਮਨਾਇਆ ਜਾਂਦਾ ਹੈ। ਭਾਵੇਂਕਿ ਮਹਾਰਾਣੀ ਦਾ ਅਸਲੀ ਜਨਮਦਿਨ 21 ਅਪ੍ਰੈਲ ਨੂੰ ਹੁੰਦਾ ਹੈ, ਜਿਸ ਨੂੰ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਮਨਾਉਂਦੀ ਹੈ।


Vandana

Content Editor

Related News