ਅਫਗਾਨਿਸਤਾਨ ''ਚ ਗੁਰਦੁਆਰੇ ''ਤੇ ਹਮਲਾ ਮਨੁੱਖਤਾ ਦੇ ਚਿਹਰੇ ''ਤੇ ਇੱਕ ਧੱਬਾ : ਸ੍ਰ. ਜੋਹਲ
Sunday, Mar 29, 2020 - 03:30 PM (IST)
 
            
            ਲੰਡਨ (ਰਾਜਵੀਰ ਸਮਰਾ): ਬਰਤਾਨੀਆ ਦੇ ਪ੍ਰਸਿੱਧ ਕਬੱਡੀ ਤੇ ਸੱਭਿਆਚਾਰਕ ਪ੍ਰਮੋਟਰ ਜਸਕਰਨ ਸਿੰਘ ਜੋਹਲ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ਵਿਚ ਗੁਰਦੁਆਰਾ ਹਰਿ ਰਾਏ ਸਾਹਿਬ ਵਿਖੇ ਕੀਤੇ ਗਏ ਕਾਇਰਤਾਪੂਰਨ ਅੱਤਵਾਦੀ ਹਮਲੇ ਦੌਰਾਨ ਮਾਰੇ ਗਏ ਸਿੱਖ ਸਰਧਾਲੂਆਂ ਤੇ ਜ਼ਖਮੀਆਂ ਦੇ ਪਰਿਵਾਰਾਂ ਬਾਰੇ ਡੂੰਘੀ ਚਿੰਤਾ ਪ੍ਰਗਟ ਕੀਤੀ। ਇਸ ਦੇ ਨਾਲ ਹੀ ਉਹਨਾਂ ਦੇ ਖ਼ਦਸ਼ਾ ਜ਼ਾਹਰ ਕੀਤਾ ਕਿ ਅਫਗਾਨਿਸਤਾਨ ਵਿਚ ਲਗਾਤਾਰ ਕੀਤੇ ਜਾ ਰਹੇ ਘੱਟ ਗਿਣਤੀਆਂ ਦੇ ਨਾਗਰਿਕਾਂ ਉੱਪਰ ਹਮਲੇ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਨੂੰ ਬਰਬਾਦ ਕਰਨਾ ਕਿਸੇ ਡੂੰਘੀ ਸਾਜਿਸ ਦਾ ਹੱਥ ਹੋ ਸਕਦਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਕਰਨ ਸਿੰਘ ਜੋਹਲ ਨੇ ਕਿਹਾ,''ਨਿਰਦੋਸ਼ ਅਤੇ ਸ਼ਰਧਾਲੂ ਸਿੱਖਾਂ ਉਤੇ ਕੀਤਾ ਗਿਆ ਇਹ ਘਿਨੌਣਾ ਹਮਲਾ ਹੈ, ਜਿਸ ਵਿਚ 27 ਸਿੱਖ ਮਾਰੇ ਗਏ ਹਨ। ਮਨੁੱਖਤਾ ਦੇ ਚਿਹਰੇ ਉਤੇ ਇੱਕ ਧੱਬਾ ਹੈ।ਇਸ ਅਣਮਨੁੱਖੀ ਕਾਰੇ ਨੇ ਸਾਰੇ ਸਿੱਖ ਜਗਤ ਅਤੇ ਪੂਰੀ ਮਨੁੱਖਤਾ ਨੂੰ ਦੁੱਖ ਅਤੇ ਗੁੱਸੇ ਨਾਲ ਭਰ ਦਿੱਤਾ ਹੈ। ਉਨ੍ਹਾਂ ਅਫਗਾਨਿਸਤਾਨ ਦੀ ਸਰਕਾਰ ਤੋਂ ਮੰਗ ਕੀਤੀ ਕਿ ਉਕਤ ਹਮਲੇ ਦੇ ਮੁਲਾਜ਼ਮਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅਤੇ ਸਰਕਾਰ ਅਫਗਾਨਿਸਤਾਨ ਅੰਦਰ ਰਹਿ ਰਹੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੋਈ ਠੋਸ ਕਦਮ ਚੁੱਕੇ।''

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            