ਬਰਤਾਨੀਆ : ਸਰਦੀਆਂ ''ਚ ਕੋਰੋਨਾ ਦੇ ਵਧੇਰੇ ਤੇਜ਼ੀ ਨਾਲ ਫੈਲਣ ਦੀ ਚਿਤਾਵਨੀ

05/05/2020 2:25:59 PM

ਗਲਾਸਗੋ/ਲੰਡਨ (ਮਨਦੀਪ ਖੁਰਮੀ, ਸੰਜੀਵ ਭਨੋਟ)- ਬ੍ਰਿਟੇਨ ਦੇ ਚੀਫ ਮੈਡੀਕਲ ਅਫਸਰ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਠੰਡੇ ਮਹੀਨਿਆਂ ਵਿਚ ਤੇਜ਼ੀ ਨਾਲ ਫੈਲ ਜਾਵੇਗਾ ਕਿਉਂਕਿ ਸਾਹ ਦੀਆਂ ਬੀਮਾਰੀਆਂ ਆਮ ਤੌਰ 'ਤੇ ਇਸ ਮੌਸਮ ਦੌਰਾਨ ਵੱਧ ਹੁੰਦੀਆਂ ਹਨ। ਬ੍ਰਿਟੇਨ ਦੇ ਮੁੱਖ ਮੈਡੀਕਲ ਅਫਸਰ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਸਰਦੀਆਂ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਆਉਂਦੀ ਹੈ ਤਾਂ ਇਹ ਪਹਿਲਾਂ ਨਾਲੋਂ ਵਧੇਰੇ ਤੇਜ਼ੀ ਨਾਲ ਫੈਲ ਸਕਦੀ ਹੈ। 

ਪ੍ਰੋਫੈਸਰ ਕ੍ਰਿਸ ਵਿੱਟੀ ਨੇ ਕਿਹਾ ਕਿ ਸੰਭਾਵਤ ਤੌਰ 'ਤੇ ਇਹ ਵਾਇਰਸ ਠੰਡੇ ਮਹੀਨਿਆਂ ਦੌਰਾਨ ਤੇਜ਼ੀ ਨਾਲ ਫੈਲ ਜਾਵੇਗਾ ਜੋ ਐੱਨ. ਐੱਚ. ਐੱਸ. ਲਈ ਹੁਣ ਨਾਲੋਂ ਜਿਆਦਾ ਮੁਸ਼ਕਿਲਾਂ ਪੈਦਾ ਕਰ ਸਕਦਾ ਹੈ। ਉਸ ਨੇ ਸਮਝਾਇਆ ਕਿ ਸਾਹ ਦੀਆਂ ਬੀਮਾਰੀਆਂ ਵਿਚ ਆਮ ਤੌਰ 'ਤੇ ਇਕ ਮੌਸਮੀ ਤੱਤ ਹੁੰਦਾ ਹੈ, ਜਿਸ ਵਿੱਚ ਵਾਇਰਸ ਦਾ ਖਤਰਾ ਵਧੇਰੇ ਹੁੰਦਾ ਹੈ। ਹਾਲਾਂਕਿ, ਉਸ ਨੇ ਕਿਹਾ ਕਿ ਸਰਦੀਆਂ ਦੇ ਆਉਣ ਤੱਕ ਲਾਕਡਾਊਨ ਅਤੇ ਹੋਰ ਉਪਾਵਾਂ ਕਰਕੇ ਵਾਇਰਸ ਦੇ ਘਟਣ ਦੀ ਸੰਭਾਵਨਾ ਹੈ।
 


Lalita Mam

Content Editor

Related News