ਟਰੰਪ ਦੀ ਚਿਤਾਵਨੀ ਦੇ ਬਾਵਜੂਦ ਬ੍ਰਿਟੇਨ ਨੇ ਬ੍ਰੈਗਜ਼ਿਟ ਸਮਝੌਤੇ ਦਾ ਕੀਤਾ ਬਚਾਅ

Friday, Nov 01, 2019 - 03:46 PM (IST)

ਟਰੰਪ ਦੀ ਚਿਤਾਵਨੀ ਦੇ ਬਾਵਜੂਦ ਬ੍ਰਿਟੇਨ ਨੇ ਬ੍ਰੈਗਜ਼ਿਟ ਸਮਝੌਤੇ ਦਾ ਕੀਤਾ ਬਚਾਅ

ਲੰਡਨ (ਭਾਸ਼ਾ): ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਦਫਤਰ ਨੇ ਯੂਰਪੀ ਸੰਘ ਦੇ ਨਾਲ ਦੇਸ਼ ਦੇ ਬ੍ਰੈਗਜ਼ਿਟ ਸਮਝੌਤੇ ਦਾ ਬਚਾਅ ਕੀਤਾ ਹੈ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਿਤਾਵਨੀ ਦਿੱਤੀ ਸੀ ਕਿ ਉਹ ਭਵਿੱਖ ਵਿਚ ਦੋਹਾਂ ਦੇਸ਼ਾਂ ਦੇ ਲਈ ਕਾਰੋਬਾਰੀ ਸਮਝੌਤੇ ਨੂੰ ਅਸੰਭਵ ਕਰ ਦੇਣਗੇ। ਟਰੰਪ ਨੇ ਵੀਰਵਾਰ ਨੂੰ ਬ੍ਰਿਟਿਸ਼ ਚੋਣ ਪ੍ਰਚਾਰ ਦਾ ਹਿੱਸਾ ਬਣਦੇ ਹੋਏ ਜੌਨਸਨ ਦੇ ਯੂਰਪੀ ਸੰਘ ਤੋਂ ਵੱਖ ਹੋਣ ਦੀਆਂ ਸ਼ਰਤਾਂ ਦੀ ਆਲੋਚਨਾ ਕੀਤੀ ਸੀ। ਉਨ੍ਹਾਂ ਨੇ ਕਿਹਾ,''ਇਹ ਸਮਝੌਤਾ ਤੁਸੀਂ ਨਹੀਂ ਕਰ ਸਕਦੇ। ਤੁਸੀਂ ਵਪਾਰ ਨਹੀਂ ਕਰ ਸਕਦੇ। ਅਸੀਂ ਬ੍ਰਿਟੇਨ ਦੇ ਨਾਲ ਵਪਾਰ ਸਮਝੌਤਾ ਨਹੀਂ ਕਰ ਸਕਦੇ।'' 

ਬ੍ਰਿਟੇਨ ਦੇ ਇਕ ਬੁਲਾਰੇ ਨੇ ਭਾਵੇਂਕਿ ਬਾਅਦ ਵਿਚ ਕਿਹਾ ਕਿ ਇਸ ਸਮਝੌਤੇ ਨਾਲ ਬ੍ਰਿਟੇਨ ਨੂੰ ਦੁਨੀਆ ਭਰ ਵਿਚ ਆਪਣੇ ਮੁਕਤ ਵਪਾਰ ਸੌਦੇ ਕਰਨ ਦੀ ਮਨਜ਼ੂਰੀ ਮਿਲੇਗੀ ਅਤੇ ਇਸ ਨਾਲ ਬ੍ਰਿਟੇਨ ਦੇ ਹਰ ਹਿੱਸੇ ਨੂੰ ਫਾਇਦਾ ਹੋਵੇਗਾ। ਟਰੰਪ ਦਾ ਇਹ ਬਿਆਨ ਸਤੰਬਰ ਵਿਚ ਕੀਤੀ ਗਈ ਉਨ੍ਹਾਂ ਦੀ ਉਸ ਟਿੱਪਣੀ ਦੇ ਉਲਟ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਇਕ ਵਾਰ ਬ੍ਰਿਟੇਨ ਦੇ ਯੂਰਪੀ ਸੰਘ ਤੋਂ ਵੱਖ ਹੋਣ ਦੇ ਬਾਅਦ ਉਹ ਸ਼ਾਨਦਾਰ ਕਾਰੋਬਾਰੀ ਡੀਲ ਕਰਨ ਲਈ ਜੌਨਸਨ ਦੇ ਨਾਲ ਕੰਮ ਕਰ ਰਹੇ ਹਨ। 

ਟਰੰਪ ਨੇ ਦੇਸ਼ ਦੇ ਮੁੱਖ ਵਿਰੋਧੀ ਧਿਰ ਦੇ ਨੇਤਾ ਜਰਮੀ ਕੌਰਬਿਨ 'ਤੇ ਤਿੱਖਾ ਹਮਲਾ ਕੀਤਾ ਅਤੇ ਜੌਨਸਨ ਨੂੰ ਅਪੀਲ ਕੀਤੀ ਕਿ ਉਹ ਯੂਰਪੀ ਸੰਘ ਦੀ ਆਲੋਚਨਾ ਕਰਨ ਵਾਲੇ ਕੱਟੜਪੰਥੀ ਨਿਗੇਲ ਫਰਾਜ਼ ਨਾਲ ਜੁੜ ਜਾਣ। ਫਰਾਜ਼ ਯੂਰਪੀ ਸੰਘ ਦੀ ਮੈਂਬਰਸ਼ਿਪ ਲਈ 2016 ਵਿਚ ਹੋਏ ਜਨਮਤ ਵਿਚ ਮਹੱਤਵਪੂਰਨ ਸ਼ਖਸੀਅਤ ਸਨ। ਟਰੰਪ ਨੇ ਫਰਾਜ਼ ਨੂੰ ਦਿੱਤੇ ਗਏ ਇਕ ਟੈਲੀਫੋਨ ਇੰਟਰਵਿਊ ਵਿਚ ਦੱਸਿਆ,''ਕੌਰਬਿਨ ਤੁਹਾਡੇ ਦੇਸ਼ ਦੇ ਲਈ ਬਹੁਤ ਬੁਰੇ ਸਾਬਤ ਹੋਣਗੇ।'' ਇਸ ਇੰਟਰਵਿਊ ਦਾ ਪ੍ਰਸਾਰਣ ਬ੍ਰਿਟਿਸ਼ ਰੇਡੀਓ ਸਟੇਸ਼ਨ ਐੱਲ.ਬੀ.ਸੀ. 'ਤੇ ਉਨ੍ਹਾਂ ਦੇ ਟਾਕ ਸ਼ੋਅ ਵਿਚ ਕੀਤਾ ਗਿਆ।


author

Vandana

Content Editor

Related News