ਬ੍ਰਿਸਬੇਨ ’ਚ ਲੇਖਕ ਅਮਨਦੀਪ ਸਿੰਘ ਸਿੱਧੂ ਦੀ ਕਿਤਾਬ ‘ਮੁੰਦਾਵਣੀ’ ਲੋਕ ਅਰਪਣ

12/17/2019 9:52:54 AM

ਬ੍ਰਿਸਬੇਨ, (ਸੁਰਿੰਦਰਪਾਲ ਖੁਰਦ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਓਵਨ ਕਰਿਊ ਦੀ ਟੀਮ ਵਲੋਂ ਸੰਗਤਾਂ ਦੇ ਸਹਿਯੋਗ ਨਾਲ ‘ਸਿੱਖ ਐਜੂਕੇਸ਼ਨ ਐਂਡ ਵੈੱਲਫੇਅਰ ਸੈਂਟਰ’ ਬ੍ਰਿਸਬੇਨ ਸਿੱਖ ਗੁਰਦੁਆਰਾ ਸਾਹਿਬ (ਲੋਗਨ ਰੋਡ) ਵਿਖੇ ਸਾਂਝਾ ਸੰਕਲਪ ਨਾਮ ਹੇਠ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ।

ਸਮਾਗਮ ਦੀ ਸ਼ੁਰੂਆਤ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਵਿਚਾਰਧਾਰਾ ਅਤੇ ਸਿੱਖ ਧਰਮ ਬਾਰੇ ਜਗਜੀਤ ਖੋਸਾ, ਹਰਜੋਤ ਸਿੰਘ ਲਸਾੜਾ, ਤਵਪ੍ਰੀਤ ਕੌਰ, ਕੁਲਜੀਤ ਸਿੰਘ ਖੋਸਾ ਦੀ ਦੇਖ-ਰੇਖ ’ਚ ਬੱਚਿਆਂ ਦੇ ਕੁਇੱਜ਼ ਮੁਕਾਬਲੇ ਕਰਵਾਏ ਗਏ। ਕੁਲਦੀਪ ਸਿੰਘ ਅਤੇ ਜਤਿੰਦਰ ਸਿੰਘ ਦੇ ਢਾਡੀ ਜਥੇ ਵਲੋਂ ਵੀਰ ਰਸੀ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਕਵੀ ਦਲਬੀਰ ਹਲਵਾਰਵੀ, ਗੁਰਦੇਵ ਸਿੰਘ ਅਤੇ ਜਸਵੰਤ ਵਾਗਲਾ ਵਲੋਂ ਆਪਣੀਆਂ ਰਚਨਾਵਾਂ ਨਾਲ ਸੰਗਤਾਂ ’ਚ ਜੋਸ਼ ਭਰ ਦਿੱਤਾ ਗਿਆ। ਸੁਖਦੀਪ ਸਿੰਘ ਖਾਲਸਾ ਨੇ ਗੁਰੂ ਸ਼ਬਦ ਨਾਲ ਜੁੜਨ ਲਈ ਪ੍ਰੇਰਿਆ। ਓਅਨ ਕਰਿਊ ਦੀ ਟੀਮ ਦੇ ਨਿਰਦੇਸ਼ਕ ਗੁਰਮੁੱਖ ਭੰਦੋਹਲ ਦੀ ਅਗਵਾਈ ’ਚ ਰੰਗ-ਕਰਮਚਾਰੀਆਂ ਵਲੋਂ ਹਰਮੀਤ ਸਿੰਘ ਦਾ ਲਿਖਿਆ ਨਾਟਕ ‘ਮੈ ਪੰਜਾਬ’ ਰਾਹੀਂ ਅਜੋਕੇ ਸਮੇਂ ’ਚ ਸਮਾਜਿਕ ਅਤੇ ਰਾਜਨੀਤਕ ਤਾਣੇ-ਬਾਣੇ ’ਚ ਆਈ ਗਿਰਾਵਟ ’ਤੇ ਕਟਾਸ਼ ਕਰ ਕੇ ਖੂਬ ਵਾਹ-ਵਾਹ ਖੱਟੀ। ਉਪਰੰਤ ਮੁੱਖ ਮਹਿਮਾਨ ਅਤੇ ਉੱਘੇ ਲੇਖਕ ਅਮਨਦੀਪ ਸਿੰਘ ਸਿੱਧੂ ਵਲੋਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਅਤੇ ਗੌਰਵਮਈ ਸਿੱਖ ਇਤਿਹਾਸ ਨਾਲ ਅਜੋਕੀ ਪੀੜ੍ਹੀ ਨੂੰ ਜੋੜਨਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਸਮੂਹ ਸੰਗਤਾ ਵਲੋਂ ਉੱਘੇ ਲੇਖਕ ਅਮਨਦੀਪ ਸਿੰਘ ਸਿੱਧੂ ਦੀ ਕਿਤਾਬ ‘ਮੁੰਦਾਵਣੀ’ ਜੋ ਕਿ ਰੂਹਾਨੀਅਤ ਦੀ ਖੋਜ ਵਿਚ ਤੁਰੀਆਂ ਰੂਹਾਂ ਨੂੰ ਸਮਰਪਿਤ ਹੈ, ਨੂੰ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਸੁਖਰਾਜ ਸਿੰਘ ਵਲੋਂ ਮੰਚ ਦਾ ਸੰਚਾਲਨ ਕੀਤਾ ਗਿਆ। ਇਸ ਮੌਕੇ ਸਿੱਖ ਸੰਗਤਾਂ ਤੋਂ ਇਲਾਵਾ ਸਿਆਸੀ, ਸਮਾਜਿਕ ਤੇ ਧਾਰਮਿਕ ਸ਼ਖਸੀਅਤਾਂ ਵੀ ਹਾਜ਼ਰ ਸਨ।


Related News