ਲੰਡਨ ''ਚ ਹੋਏ ਹਮਲੇ ਦੌਰਾਨ ਇਕ ਹੋਰ ਆਸਟਰੇਲੀਅਨ ਔਰਤ ਦੀ ਹੋਈ ਮੌਤ

06/07/2017 7:09:18 PM


ਬ੍ਰਿਸਬੇਨ— ਲੰਡਨ ਹਮਲੇ 'ਚ ਇਕ ਹੋਰ ਆਸਟਰੇਲੀਅਨ ਔਰਤ ਦੀ ਮੌਤ ਹੋ ਗਈ ਹੈ। ਇਸ ਗੱਲ ਦੀ ਪੁਸ਼ਟੀ ਉਸ ਦੇ ਪਰਿਵਾਰ ਨੇ ਕੀਤੀ ਹੈ। ਔਰਤ ਦਾ ਨਾਂ ਸਾਰਾ ਜ਼ੀਲੇਨਕ ਸੀ, ਉਹ ਬ੍ਰਿਸਬੇਨ ਦੀ ਰਹਿਣ ਵਾਲੀ ਸੀ। ਲੰਡਨ ਹਮਲੇ 'ਚ ਮਾਰੀ ਗਈ ਉਹ ਦੂਜੀ ਔਰਤ ਹੈ। ਸਾਰਾ ਦੀ ਮੌਤ ਦੀ ਪੁਸ਼ਟੀ ਉਸ ਦੀ ਮਾਂ ਜੂਲੀ ਵਾਲੇਸ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਕੀਤੀ। ਸਾਰਾ ਦੀ ਮਾਂ ਨੇ ਕਿਹਾ ਕਿ ਉਸ ਦੀ ਧੀ ਸਾਰਾ ਦੀ ਲਾਸ਼ ਅਤੇ ਡੀ. ਐੱਨ. ਏ. ਟੈਸਟ ਦੀ ਵੀ ਪੁਸ਼ਟੀ ਹੋ ਗਈ ਹੈ। ਸਾਰਾ ਆਪਣੇ ਦੋਸਤਾਂ ਨਾਲ ਲੰਡਨ ਬ੍ਰਿਜ 'ਤੇ ਘੁੰਮਣ ਗਈ ਸੀ, ਜਿੱਥੋਂ ਉਹ ਵੱਖ ਹੋ ਗਏ ਅਤੇ ਉਸ ਨੂੰ ਬਾਅਦ 'ਚ ਨਹੀਂ ਦੇਖਿਆ ਗਿਆ ਸੀ। ਮੰਨਿਆ ਜਾ ਰਿਹਾ ਸੀ ਕਿ ਉਹ ਸ਼ਾਇਦ ਲਾਪਤਾ ਹੋ ਗਈ। ਉਸ ਦੇ ਪਰਿਵਾਰਕ ਮਿੱਤਰ ਵਲੋਂ ਫੇਸਬੁੱਕ 'ਤੇ ਤਸਵੀਰ ਸਾਂਝੀ ਕੀਤੀ, ਜਿਸ ਨੇ ਸੈਂਕੜੇ ਵਾਰ ਸਾਰਾ ਬਾਰੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਗਈ।
ਬੁੱਧਵਾਰ ਦੀ ਸਵੇਰ ਨੂੰ ਵਿਦੇਸ਼ ਮੰਤਰੀ ਜੂਲੀ ਬਿਸ਼ਪ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਹਮਲੇ ਵਿਚ ਦੂਜੀ ਆਸਟਰੇਲੀਅਨ ਔਰਤ ਦੀ ਮੌਤ ਹੋ ਗਈ ਹੈ ਪਰ ਉਸ ਦੀ ਪਛਾਣ ਦੀ ਪੁਸ਼ਟੀ ਨਹੀਂ ਕੀਤੀ ਸੀ। ਇਸ ਤੋਂ ਪਹਿਲਾਂ ਭਾਵ ਕੱਲ ਦੱਖਣੀ ਆਸਟਰੇਲੀਆ ਦੀ ਵਾਲੀ 28 ਸਾਲਾ ਕਿਸਟੀ ਬੋਡੇਨ ਨਾਂ ਦੀ ਨਰਸ ਇਸ ਹਮਲੇ ਦੀ ਸ਼ਿਕਾਰ ਹੋਈ, ਜਿਸ ਦੇ ਪਰਿਵਾਰ ਨੇ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਸੀ। ਉਹ ਲੰਡਨ ਹਮਲੇ ਦੌਰਾਨ ਪੀੜਤਾਂ ਦੀ ਮਦਦ ਕਰਨ ਗਈ ਸੀ ਅਤੇ ਖੁਦ ਵੀ ਇਸ ਹਮਲੇ ਦੀ ਸ਼ਿਕਾਰ ਹੋ ਗਈ।
ਦੱਸਣ ਯੋਗ ਹੈ ਕਿ ਲੰਡਨ 'ਚ ਬੀਤੇ ਸ਼ਨੀਵਾਰ ਨੂੰ ਲੰਡਨ ਬ੍ਰਿਜ 'ਤੇ ਅੱਤਵਾਦੀ ਹਮਲਾ ਹੋਇਆ, ਜਿਸ 'ਚ 7 ਲੋਕ ਮਾਰੇ ਗਏ ਅਤੇ 48 ਹੋਰ ਜ਼ਖਮੀ ਹੋ ਗਏ ਸਨ। ਅੱਤਵਾਦੀਆਂ ਨੇ ਗੱਡੀ ਨਾਲ ਬ੍ਰਿਜ 'ਤੇ ਪੈਦਲ ਲੋਕਾਂ ਨੂੰ ਕੁਚਲਿਆ ਅਤੇ ਬਾਰੋ ਮਾਰਕੀਟ 'ਚ ਰੈਸਟੋਰੈਂਟ 'ਚ ਬੈਠੇ ਲੋਕਾਂ 'ਤੇ ਚਾਕੂ ਨਾਲ ਵਾਰ ਕੀਤੇ ਸਨ।


Related News