ਬ੍ਰਿਸਬੇਨ 'ਚ ਯਾਦਗਾਰੀ ਰਹੀਆਂ ਸੂਬਾ ਪੱਧਰੀ 33ਵੀਆਂ ਆਸਟ੍ਰੇਲੀਆਈ ਸਿੱਖ ਖੇਡਾਂ

Saturday, Apr 03, 2021 - 03:55 PM (IST)

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) - ਪਰਥ ਦੀਆਂ 33ਵੀਆਂ ਕੌਮੀ ਆਸਟ੍ਰੇਲੀਆਈ ਸਲਾਨਾ ਸਿੱਖ ਖੇਡਾਂ ਨੂੰ ਸਮਰਪਿਤ ਮੈਲਬੌਰਨ, ਸਿਡਨੀ ਅਤੇ ਕੁਈਨਜ਼ਲੈਂਡ ਸੂਬੇ ਦੇ ਸ਼ਹਿਰ ਬ੍ਰਿਸਬੇਨ 'ਚ ਵੀ ਈਸਟਰ ਵੀਐਂਡ 'ਤੇ ਈਗਲ ਸਪੋਰਟਸ ਕੰਪਲੈਕਸ ਮੈਨਸਫੀਲਡ ਵਿਖੇ ਸੂਬਾ ਪੱਧਰੀ ਖੇਡਾਂ ਤੇ ਸੱਭਿਆਚਾਰਕ ਮੇਲਾ ਬਹੁਤ ਹੀ ਉਤਸ਼ਾਹ ਅਤੇ ਜੋਸ਼ੋ-ਖਰੋਸ਼ ਨਾਲ ਕਰਵਾਇਆ ਗਿਆ।

PunjabKesari

ਕੌਮੀ ਖੇਡ ਕਮੇਟੀ ਦੇ ਪ੍ਰਧਾਨ ਸਰਬਜੋਤ ਸਿੰਘ ਢਿੱਲੋਂ, ਮਨਜੀਤ ਬੋਪਾਰਾਏ ਕੌਮੀ ਸੱਭਿਆਚਾਰਕ ਕਮੇਟੀ ਦੇ ਨੁਮਾਇੰਦੇ ਅਤੇ ਕੁਈਨਜ਼ਲੈਂਡ ਸੂਬਾਈ ਕਮੇਟੀ ਦੇ ਪ੍ਰਬੰਧਕ ਹੈਪੀ ਧਾਮੀ, ਰੌਕੀ ਭੁੱਲਰ, ਜਗਦੀਪ ਸਿੰਘ ਭਿੰਡਰ, ਗੁਰਜੀਤ ਸਿੰਘ ਤੇ ਰਣਦੀਪ ਸਿੰਘ ਜੌਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਖੇਡ ਮੇਲੇ ਵਿੱਚ ਫੁੱਟਬਾਲ, ਵਾਲੀਬਾਲ, ਕ੍ਰਿਕਟ, ਰੱਸਾਕਸ਼ੀ ਆਦਿ ਖੇਡਾਂ ਦੀਆਂ ਟੀਮਾਂ ਦੇ ਖਿਡਾਰੀਆਂ ਨੇ ਹੁੰਮ-ਹੁੰਮਾਂ ਕੇ ਭਾਗ ਲਿਆ। ਫੁੱਟਬਾਲ ਦੇ ਮੁੰਡਿਆਂ ਦੇ ਫਾਈਨਲ ਮੁਕਾਬਲੇ ਵਿਚ ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ ਜੇਤੂ ਤੇ ਪੰਜਾਬੀ ਯੂਨਾਈਟਿਡ ਬ੍ਰਿਸਬੇਨ ਦੀ ਟੀਮ ਉਪ-ਜੇਤੂ ਅਤੇ ਕੁੜੀਆਂ ਦੇ ਫੁੱਟਬਾਲ ਮੁਕਾਬਲੇ ਵਿੱਚ ਜੇਤੂ ਨਿਊ ਫਾਰਮ ਪੰਜਾਬੀ ਸਪੋਰਟਸ ਕਲੱਬ ਅਤੇ ਉਪ-ਜੇਤੂ ਬ੍ਰਿਸਬੇਨ ਯੂਥ ਸਪੋਰਟਸ ਕਲੱਬ ਰਿਹਾ।

PunjabKesari

ਵਾਲੀਵਾਲ ਸਮੈਸ਼ਜਿੰਗ ਦੇ ਫਾਈਨਲ ਮੈਚ ਮੁਕਾਬਲੇ ਵਿੱਚ ਸਿੰਘ ਸਪਾਈਕਰਜ਼ ਦੀ ਟੀਮ ਨੇ ਇੰਡੀਅਨ ਕਲਚਰਲ ਐਂਡ ਸਪੋਰਟਸ ਕਲੱਬ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪ੍ਰਬੰਧਕਾਂ ਵਲੋ ਜਿੱਤਣ ਵਾਲੀਆ ਟੀਮਾਂ ਨੂੰ ਦਿਲ ਖਿੱਚਵੇਂ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਗੁਰਜੀਤ ਸਿੰਘ ਬੈਂਸ ਦੀ ਅਗਵਾਈ ‘ਚ ਹੋਏ ਸਿੱਖ ਫੋ਼ਰਮ ਦੌਰਾਨ ਪੰਜਾਬੀ ਹਿਤੈਸ਼ੀਆਂ ਵਲੋਂ ਮਾਂ-ਬੋਲੀ ਪੰਜਾਬੀ ਦੇ ਪਸਾਰ, ਭਾਈਚਾਰਿਕ ਸਾਂਝ ਅਤੇ ਭਵਿੱਖੀ ਗਤੀਵਿਧੀਆਂ ਦਾ ਚਿੰਤਨ ਕੀਤਾ ਗਿਆ। ਪ੍ਰਬੰਧਕਾਂ ਵਲੋਂ ਕੁਈਨਜ਼ਲੈਂਡ ਸੂਬੇ ਦੀ 1992 ਦੀ ਪਹਿਲੀ ਸਿੱਖ ਖੇਡ ਕਮੇਟੀ ਨੂੰ ਵਿਸ਼ੇਸ਼ ਤੋਰ 'ਤੇ ਸਨਮਾਨਿਤ ਕੀਤਾ ਗਿਆ।

PunjabKesari

ਇਸ ਮੌਕੇ ਗੀਤ-ਸੰਗੀਤ, ਗਿੱਧਾ-ਭੰਗੜਾ ਅਤੇ ਸੱਭਿਆਚਾਰਕ ਵੰਨਗੀਆਂ ਵੀ ਪੇਸ਼ ਕੀਤੀਆਂ ਗਈਆਂ। ਖੇਡ ਮੇਲੇ ਵਿੱਚ ਦਸਤਾਰ ਸਜਾਉਣ ਦੇ ਮੁਕਾਬਲੇ ਅਤੇ ਬੱਚਿਆਂ ਦੀਆਂ ਖੇਡਾਂ ਤੇ ਬਹੁ-ਸੱਭਿਅਕ ਸੰਗੀਤ ਤੇ ਡਾਂਸ ਵੰਨਗੀਆਂ ਵੀ ਵਿਸ਼ੇਸ਼ ਤੌਰ 'ਤੇ ਖਿੱਚ ਦਾ ਕੇਂਦਰ ਰਹੀਆਂ। ਇਸ ਮੌਕੇ ਬ੍ਰਿਸਬੇਨ ਦੇ ਸਮੂਹ ਗੁਰਦੁਆਰਾ ਸਾਹਿਬਾਨ ਵਲੋਂ ਸੰਗਤਾਂ ਲਈ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ।

PunjabKesari

ਗੁਰੂ ਦੀਆਂ ਲਾਡਲੀਆਂ ਫੌਜਾਂ ਵਲੋਂ ਗਤਕੇ ਦੇ ਜੌਹਰ ਵੀ ਵਿਖਾਏ ਗਏ। ਪੰਜਾਬੀ ਭਾਸ਼ਾ ਫ਼ੋਰਮ ਵਲੋਂ ਕਿਤਾਬਾਂ ਦਾ ਸਟਾਲ ਵੀ ਲਗਾਇਆ ਗਿਆ। ਸੱਭਿਆਚਾਰਕ ਮੇਲੇ ਦਾ ਮੰਚ ਸੰਚਾਲਨ ਰਣਦੀਪ ਸਿੰਘ ਜੌਹਲ ਤੇ ਸ਼ਰੂਤੀ ਪੱਡਾ ਵਲੋਂ ਬਾਖੂਬੀ ਕੀਤਾ ਗਿਆ। ਇਸ ਖੇਡ ਤੇ ਸੱਭਿਆਚਾਰਕ ਮੇਲੇ ਪ੍ਰਤੀ ਲੋਕਾਂ ’ਚ ਬਹੁਤ ਹੀ ਉਤਸ਼ਾਹ ਪਾਇਆ ਗਿਆ।

PunjabKesari


cherry

Content Editor

Related News